ਬੱਚਿਆਂ ਦੀਆਂ ਜਮਾਂਦਰੂ ਬੀਮਾਰੀਆਂ ਦਾ ਆਰ.ਬੀ.ਐਸ.ਕੇ. ਤਹਿਤ ਹੁੰਦਾ ਹੈ ਮੁਫ਼ਤ ਇਲ਼ਾਜ: ਸਿਵਲ ਸਰਜਨ ਡਾ. ਗੁਰਮੀਤ ਲਾਲ
- ਸਿਵਲ ਸਰਜਨ ਨੇ ਰਾਸ਼ਟਰੀ ਬਾਲ ਸਵਾਸਥ ਕਾਰਿਯਾਕ੍ਰਮ ਤਹਿਤ ਇਲਾਜ ਕਰਵਾ ਚੁੱਕੀਆਂ ਬੱਚੀਆਂ ਅਤੇ ਮਾਪਿਆਂ ਨਾਲ ਕੀਤੀ ਮੁਲਾਕਤ
ਜਲੰਧਰ (06-02-2025): ਸਿਹਤ ਵਿਭਾਗ ਵਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ( ਆਰ.ਬੀ.ਐਸ.ਕੇ. ) ਦੇ ਤਹਿਤ ਆਂਗਣਵਾੜੀ, ਸਰਕਾਰੀ ਅਤੇ ਏਡਿਡ ਸਕੂਲੀ ਬੱਚਿਆਂ ਦਾ ਰੂਟੀਨ ਹੈਲਥ ਚੈਕਅਪ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਸਿਵਲ ਸਰਜਨ ਦਫ਼ਤਰ ਵਿਖੇ ਆਰ.ਬੀ.ਐਸ.ਕੇ. ਤਹਿਤ ਦਿਲ ਦੀ ਬਿਮਾਰੀ ਦਾ ਇਲਾਜ ਕਰਵਾ ਕੇ ਠੀਕ ਹੋ ਚੁੱਕੀਆਂ ਬੱਚੀਆਂ ਪ੍ਰੀਤੀ ਮੇਹਰਾ (6 ਸਾਲ) ਆਂਗਣਵਾੜੀ ਸੈਂਟਰ ਮਕਸੂਦਾਂ ਅਤੇ ਮੋਹਿਨੀ (10 ਸਾਲ) ਗਵਰਨਮੈਂਟ ਪ੍ਰਾਇਮਰੀ ਸਕੂਲ ਅਵਤਾਰ ਨਗਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਉਹ ਹੋਰ ਲੋਕਾਂ ਨੂੰ ਵੀ ਸਿਹਤ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਪ੍ਰੇਰਿਤ ਕਰਨ। ਜਿਕਰਯੋਗ ਹੈ ਕਿ ਸਿਹਤ ਵਿਭਾਗ ਜਲੰਧਰ ਵਲੋਂ ਇਨ੍ਹਾਂ ਬੱਚੀਆਂ ਦਾ ਇਲਾਜ ਫੌਰਟਿਸ ਹਸਪਤਾਲ ਵਿਖੇ ਮੁਫਤ ਕਰਵਾਇਆ ਗਿਆ ਹੈ। ਇਸਦੇ ਨਾਲ ਹੀ ਸਿਵਲ ਸਰਜਨ ਵੱਲੋਂ ਆਰ.ਬੀ.ਐਸ.ਕੇ. ਟੀਮ ਵੱਲੋਂ ਅੱਖਾਂ ਦੀ ਸਕ੍ਰੀਨਿੰਗ ਦੌਰਾਨ ਕਮਜੌਰ ਨਜ਼ਰ ਵਾਲੇ ਵਿਦਿਆਰਥਣਾਂ ਨੂੰ ਰੈਫਰ ਕਰਨ 'ਤੇ ਨੇਸ਼ਨਲ ਪ੍ਰੋਗਰਾਮ ਫਾਰ ਕੰਟਰੇਲ ਅਫ ਬਲਾਈਂਡਨੈੱਸ ਐਂਡ ਵਿਜ਼ਨ ਇਮਪੇਅਰਮੈਂਟ ਦੇ ਤਹਿਤ ਐਨਕਾਂ ਵੀ ਵੰਡੀਆਂ ਗਈਆਂ।
ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ 9 ਤਰ੍ਹਾਂ ਦੀਆਂ ਜਮਾਂਦਰੂ ਬਿਮਾਰੀਆਂ ਰੀੜ੍ਹ ਦੀ ਹੱਡੀ ਵਿੱਚ ਸੋਜ ਜਾ ਫੋੜਾ, ਡਾਉਨ ਸਿਨਡ੍ਰੋਮ, ਖੰਡਾ (ਕਲੈਫਟ ਲਿਪ ਅਤੇ ਕਲੈਫਟ ਪੈਲੇਟ), ਟੇਢੇ ਪੈਰ, ਚੂਲੇ ਦਾ ਠੀਕ ਤਰ੍ਹਾਂ ਵਿਕਸੀਤ ਨਾ ਹੋਣਾ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਜਮਾਂਦਰੂ ਚਿੱਟਾ ਮੋਤੀਆ ਅਤੇ ਸਮੇਂ ਤੋਂ ਪਹਿਲੇ ਜਨਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਦਾ ਨੁਕਸ ਦੀ ਸਕ੍ਰੀਨਿੰਗ (ਸਿਹਤ ਜਾਂਚ) ਸਿਹਤ ਸੰਸਥਾਵਾਂ ਵਿਖੇ ਹਰ ਡਿਲੀਵਰੀ ਪੁਆਇੰਟ 'ਤੇ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਰਕਾਰ ਵੱਲੋਂ ਆਰ.ਬੀ.ਐਸ.ਕੇ. ਦੇ ਪ੍ਰੋਗਰਾਮ ਅਧੀਨ ਮੁਫ਼ਤ ਕਰਵਾਉਣ ਦੀ ਸਹੁਲਤ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਆਰ.ਬੀ.ਐਸ.ਕੇ ਟੀਮ ਨੂੰ ਬੱਚਿਆਂ 'ਚ ਹੋਣ ਵਾਲੀਆਂ ਜਮਾਂਦਰੂ ਬਿਮਾਰੀਆਂ ਦੀ ਸਕ੍ਰੀਨਿੰਗ ਸਮੇਂ ਸਿਰ ਕਰਨ ਅਤੇ ਸਕੂਲੀ ਤੇ ਆਂਗਣਵਾੜੀ ਬੱਚਿਆਂ ਦਾ 100 ਫੀਸਦੀ ਚੈਕਅਪ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਆਰ.ਬੀ.ਐਸ.ਕੇ. ਤਹਿਤ ਜਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ 20 ਵਿਸ਼ੇਸ਼ ਮੋਬਾਈਲ ਹੈਲਥ ਟੀਮਾਂ ਤੈਨਾਤ ਹਨ। ਜਿਨ੍ਹਾਂ ਵਲੋਂ ਆਂਗਣਵਾੜੀ ਦੇ ਬੱਚਿਆਂ ਦੀ ਸਾਲ ਵਿੱਚ ਦੋ ਵਾਰ ਅਤੇ ਸਕੂਲੀ ਬੱਚਿਆਂ ਦੀ ਇਕ ਵਾਰ ਸਕ੍ਰੀਨਿੰਗ ਕੀਤੀ ਜਾਂਦੀ ਹੈ। ਜਿਸ ਦਾ ਮੁੱਖ ਮੰਤਵ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਸਰੀਰਕ ਕਮੀ, ਬਚਪਨ ਦੀਆਂ ਬਿਮਾਰੀਆਂ, ਸਰੀਰਕ ਅਤੇ ਬੋਧਿਕ ਵਿਕਾਸ ਵਿੱਚ ਦੇਰੀ ਕਾਰਨ ਹੋਣ ਵਾਲੀਆਂ 30 ਕਿਸਮ ਦੀਆਂ ਬਿਮਾਰੀਆਂ ਦੀ ਜਾਂਚ ਕਰਨਾ ਹੈ ਤਾਂ ਜੋ ਸਮੇਂ ਰਹਿੰਦਿਆਂ ਇਸਦਾ ਇਲਾਜ ਕੀਤਾ ਜਾ ਸਕੇ।
ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਅਪ੍ਰੈਲ 2024 ਤੋਂ ਦਸੰਬਰ 2024 ਤੱਕ ਮੋਬਾਈਲ ਹੈਲਥ ਟੀਮਾਂ ਵਲੋਂ ਜਿਲ੍ਹੇ ਦੇ 1451 ਸਕੂਲਾਂ ਵਿੱਚ 1,35,832 ਬੱਚਿਆਂ ਦੀ ਸਕ੍ਰੀਨਿੰਗ ਕੀਤੀ ਗਈ, ਕੁੱਲ 3,767 ਬੱਚੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਪਾਏ ਗਏ ਸਨ। ਇਨ੍ਹਾਂ ਵਿਚੋਂ 25 ਬੱਚੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਪਾਏ ਗਏ ਸਨ। ਜਿਨ੍ਹਾਂ ਨੂੰ ਆਰ.ਬੀ.ਐਸ.ਕੇ. ਤਹਿਤ ਡੀ.ਐਚ.ਐਸ. ਚੰਡੀਗੜ ਤੋਂ ਪ੍ਰਵਾਨਗੀ ਉਪਰੰਤ ਪੀ.ਜੀ.ਆਈ. ਅਤੇ ਐਮਪੈਨਲਡ ਹਸਪਤਾਲਾਂ 'ਚ ਇਲਾਜ ਲਈ ਭੇਜਿਆ ਹੈ, ਜਿੱਥੇ ਹੁਣ ਤੱਕ 13 ਬੱਚਿਆਂ ਦਾ ਇਲਾਜ ਹੋ ਚੁੱਕਾ ਹੈ ਅਤੇ ਬਾਕੀ ਜੇਰੇ ਇਲਾਜ ਹਨ। ਇਸ ਤੋਂ ਇਲਾਵਾ ਅਨੀਮਿਆ, ਡੈਂਟਲ, ਚਮੜੀ, ਅੱਖਾਂ, ਖੰਡਾ (ਕਲੈਫਟ ਲਿਪ ਅਤੇ ਕਲੈਫਟ ਪੈਲੇਟ), ਵਿਟਾਮਿਨ ਏ ਦੀ ਕਮੀ ਆਦਿ ਤੋਂ ਪੀੜਤ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਕਮ ਨੋਡਲ ਅਫਸਰ ਆਰ.ਬੀ.ਐਸ.ਕੇ ਡਾ. ਰਾਕੇਸ਼ ਚੋਪੜਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ, ਸੁਪਰਡੈਂਟ ਯੋਗਰਾਜ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਏ.ਐਮ.ਓ. ਡਾ. ਦੇਵ, ਏ.ਐਮ.ਓ. ਡਾ. ਮੋਨਿਕਾ, ਫਾਰਮਾਸਿਸਟ ਕਾਮਨਾ ਅਤੇ ਓਪਥੈਲੇਮਿਕ ਅਫ਼ਸਰ ਵਿਸ਼ਾਲ ਮੌਜੂਦ ਸਨ।