ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਮੁਰੱਬੇਬੰਦੀ ਕਰਵਾਉਣ ਆਈ ਪੁਲਿਸ ਕਿਸਾਨਾਂ ਨੇ ਵਾਪਸ ਮੋੜੀ
ਅਸ਼ੋਕ ਵਰਮਾ
ਬਠਿੰਡਾ, 8 ਮਈ 2025: ਲਗਾਤਾਰ ਦੂਜੇ ਦਿਨ ਅੱਜ ਵੀ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਪੁਲਸ ਨਫ਼ਰੀ ਨਾਲ ਜਿਉਂਦ ਪਿੰਡ ਦੀ ਮੁਰੱਬੇਬੰਦੀ ਲਈ ਹੱਲਾ ਬੋਲਿਆ ਗਿਆ, ਪ੍ਰੰਤੂ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਕਿਸਾਨ ਆਗੂਆਂ ਦੀ ਜਿਲਾ ਪ੍ਰਸ਼ਾਸਨ ਤਰਫੋਂ ਪਹੁੰਚੇ ਐਸਪੀ ਸਿਟੀ ਨਰਿੰਦਰ ਸਿੰਘ, ਡੀਐਸਪੀ ਸਪੈਸ਼ਲ ਬਰਾਂਚ ਪਰਮਿੰਦਰ ਸਿੰਘ ਅਤੇ ਐਸਐਸਪੀ ਦੇ ਰੀਡਰ ਗੁਰਪ੍ਰੀਤ ਸਿੰਘ ਨਾਲ ਭਾਰੀ ਕਸ਼ਮਕਸ਼ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਭਲਕੇ 9 ਮਈ ਨੂੰ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਣ ਲਈ ਕਿਸਾਨ ਆਗੂਆਂ ਨਾਲ਼ ਮੀਟਿੰਗ ਰੱਖ ਕੇ ਵਾਪਸ ਚਾਲੇ ਪਾ ਦਿੱਤੇ। ਡ੍ਰੋਨ ਰਾਹੀਂ ਇੰਟਰਨੈੱਟ ਜ਼ਰੀਏ ਕੀਤੀ ਜਾ ਰਹੀ ਮੁਰੱਬੇਬੰਦੀ ਠੱਪ ਕਰਨੀ ਪਈ।
ਇਸ ਮੌਕੇ ਕਿਸਾਨਾਂ ਮਜ਼ਦੂਰਾਂ ਦੀ ਅਗਵਾਈ ਕਰਨ ਵਾਲੇ ਮੁੱਖ ਆਗੂਆਂ ਵਿੱਚ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਸੰਗਰੂਰ ਅਮਰੀਕ ਸਿੰਘ ਗੰਢੂਆਂ, ਮਾਨਸਾ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਹਰਬੰਸ ਸਿੰਘ ਕੋਟਲੀ ,ਗੁਰਭੇਜ ਸਿੰਘ ਰੋਹੀਵਾਲਾ, ਹਰਿੰਦਰ ਕੌਰ ਬਿੰਦੂ, ਜਗਦੇਵ ਸਿੰਘ ਜੋਗੇਵਾਲਾ ,ਗੁਲਾਬ ਸਿੰਘ ਜਿਉਂਦ, ਬੂਟਾ ਸਿੰਘ ਭਾਗੀਕੇ (ਮੋਗਾ) ਸ਼ਾਮਲ ਸਨ।
ਜੇਠੂਕੇ ਦਾ ਕਹਿਣਾ ਸੀ ਕਿ ਜਥੇਬੰਦੀ ਦੇ ਆਗੂ ਗੱਲਬਾਤ ਵਿੱਚ ਸ਼ਾਮਲ ਤਾਂ ਹੋਣਗੇ ਪ੍ਰੰਤੂ ਪੰਜਾਬ ਸਰਕਾਰ ਦੇ ਕਿਸਾਨ ਵਿਰੋਧੀ ਵਤੀਰੇ ਕਾਰਨ ਕਿਸਾਨ ਪੱਖੀ ਹੱਲ ਹੋਣ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਫ਼ਿਰਕੂ ਨਫ਼ਰਤ ਪਸਾਰੇ ਰਾਹੀਂ ਪਾਕਿਸਤਾਨ ਨਾਲ ਜੰਗ ਦਾ ਮਹੌਲ ਪੈਦਾ ਕਰਨ ਦਾ ਨਜਾਇਜ਼ ਲਾਹਾ ਲੈਂਦਿਆਂ ਭਗਵੰਤ ਮਾਨ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਜੰਗ ਦਾ ਮਹੌਲ ਪੈਦਾ ਕਰ ਰਿਹਾ ਹੈ। ਆਗੂਆਂ ਨੇ ਪ੍ਰਸ਼ਾਸਨ ਨੂੰ ਸਾਫ਼ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਸੰਵਿਧਾਨਕ ਤੌਰ 'ਤੇ ਮਾਲਕੀ ਦੇ ਹੱਕਦਾਰ ਕਾਸ਼ਤਕਾਰ ਮੁਜ਼ਾਰੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨਾਂ ਉੱਤੇ ਧੱਕੇਸ਼ਾਹੀ ਨਾਲ ਕਬਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ, ਭਾਵੇਂ ਜਾਨਾਂ ਕੁਰਬਾਨ ਕਿਉਂ ਨਾ ਕਰਨੀਆਂ ਪੈਣ। ਉਨ੍ਹਾਂ ਨੇ ਜਿਉਂਦ ਪਿੰਡ ਸਮੇਤ ਮਾਲਵੇ ਦੇ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ ਉੱਤੇ ਲਗਾਤਾਰ ਪਹਿਰੇਦਾਰੀ ਕਰਨ ਲਈ ਕਮਰਕੱਸੇ ਕੱਸਣ ਦਾ ਸੱਦਾ ਦਿੱਤਾ।