ਬਠਿੰਡਾ ਜ਼ਿਲ੍ਹੇ ਦੇ ਸਰਵਉੱਤਮ ਕਲੱਬ ਨੂੰ ਦਿੱਤਾ ਜਾਵੇਗਾ 5 ਲੱਖ ਰੁਪਏ ਦਾ ਨਗਦ ਇਨਾਮ
ਅਸ਼ੋਕ ਵਰਮਾ
ਬਠਿੰਡਾ, 13 ਮਾਰਚ 2025 : ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਯੋਗ ਅਗਵਾਈ ਹੇਠ ਨਸ਼ਿਆਂ ਵਿਰੁੱਧ ਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਫਤਿਹ ਗਰੁੱਪ ਆਫ ਇੰਸਟੀਟਿਊਸ਼ਨਜ਼ ਰਾਮਪੁਰਾ ਫੂਲ ਵਿਖੇ 2 ਰੋਜ਼ਾ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਸ. ਕੁਲਵਿੰਦਰ ਸਿੰਘ ਭੁੱਲਰ ਨੇ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨੌਜਵਾਨ ਪਿੰਡਾਂ ਵਿੱਚ ਯੁਵਕ ਕਲੱਬਾਂ ਦਾ ਗਠਨ ਕਰਕੇ ਵਿਭਾਗ ਦੀਆਂ ਸਕੀਮਾਂ ਜਿਵੇਂ ਐਡਵੈਂਚਰ ਕੈਂਪ, ਹਾਈਕਿੰਗ ਟਰੈਕਿੰਗ ਕੈਂਪ, ਯੂਥ ਲੀਡਰਸ਼ਿਪ ਟਰੇਨਿੰਗ ਕੈਂਪ, ਯੁਵਕ ਮੇਲੇ, ਯੁਵਕ ਕਲੱਬਾਂ ਨੂੰ ਵਿੱਤੀ ਸਹਾਇਤਾ, ਸੱਭਿਆਚਾਰਕ ਵਿਚਾਰ-ਵਟਾਂਦਰਾ ਪ੍ਰੋਗਰਾਮ ਆਦਿ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਚੰਗਾ ਕੰਮ ਕਰਨ ਦੇ ਆਧਾਰ ’ਤੇ ਜ਼ਿਲ੍ਹੇ ਵਿੱਚੋਂ ਤਿੰਨ ਸਰਵੋਤਮ ਕਲੱਬਾਂ ਦੀ ਚੋਣ ਕੀਤੀ ਜਾਵੇਗੀ ਜਿਸ ਵਿੱਚ ਪਹਿਲੇ ਤਿੰਨ ਨੰਬਰਾਂ ’ਤੇ ਰਹਿਣ ਵਾਲੇ ਕਲੱਬਾਂ ਨੂੰ ਕ੍ਰਮਵਾਰ 5 ਲੱਖ, 3 ਲੱਖ ਅਤੇ 2 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।
ਇਸ ਦੌਰਾਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਘਵੀਰ ਸਿੰਘ ਮਾਨ ਨੇ ਯੁਵਕ ਸੇਵਾਵਾਂ ਕਲੱਬਾਂ ਦੇ ਨੁਮਾਇੰਦਿਆਂ ਅਤੇ ਨੌਜਵਾਨਾਂ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਣ ਵਿਭਾਗ ਦੇ ਨੁਮਾਇੰਦੇ ਅਪਿੰਦਰ ਸਿੰਘ ਨੇ ਨੌਜਵਾਨਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਅਤੇ ਪੰਜਾਬ ਸਰਕਾਰ ਦੁਆਰਾ ਰੁੱਖਾਂ ਨੂੰ ਲਗਾਉਣ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਿਵਲ ਹਸਪਤਾਲ ਰਾਮਪੁਰਾ ਤੋਂ ਬਲੱਡ ਟਰਾਂਸਫਊਜ਼ਨ ਅਫਸਰ ਡਾ. ਸਵੀਟੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਖੂਨਦਾਨ ਕਰਨ ਦੇ ਲਾਭ ਦੱਸੇ।
ਇਸ ਵਰਕਸ਼ਾਪ ਵਿੱਚ ਬਠਿੰਡਾ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਾਨ ਨੇ ਨੌਜਵਾਨਾਂ ਨੂੰ ਪਿੰਡਾਂ ਵਿੱਚ ਕਲੱਬਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਅੱਗੇ ਆ ਕੇ ਪਿੰਡਾਂ ਵਿੱਚ ਸਮਾਜ ਭਲਾਈ ਦੇ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਖੇਤੀਬਾੜੀ ਵਿਭਾਗ ਤੋਂ ਪਹੁੰਚੇ ਏਡੀਓ ਸ ਜਗਪਾਲ ਸਿੰਘ ਨੇ ਨੌਜਵਾਨਾਂ ਨੂੰ ਦੱਸਿਆ ਕਿ ਖੇਤੀਬਾੜੀ ਕਿਸ ਤਰ੍ਹਾਂ ਲਾਹੇ ਦਾ ਧੰਦਾ ਬਣ ਸਕਦਾ ਹੈ ਅਤੇ ਇਸ ਦੇ ਵਿੱਚ ਆਪਣਾ ਭਵਿੱਖ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਬਸਿਡੀਆਂ ਬਾਰੇ ਵੀ ਜਾਣਕਾਰੀ ਸਾਂਝੀ ਦਿੱਤੀ ।
ਇਸ ਮੌਕੇ ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਰਾਮਪੁਰਾ ਫੂਲ ਦੇ ਚੇਅਰਮੈਨ ਸ. ਸੁਖਮੰਦਰ ਸਿੰਘ ਚੱਠਾ ਨੇ ਬਾਹਰੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਫਤਿਹ ਕਾਲਜ ਆਫ ਇੰਸਟੀਟਿਊਸ਼ਨ ਰਾਮਪੁਰਾ ਦੇ ਡਾਇਰੈਕਟਰ ਹਰਪ੍ਰੀਤ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਸੀਨੀਅਰ ਅਕਾਊਂਟੈਂਟ ਗੁਰਦੀਪ ਸਿੰਘ, ਅਮਰਿੰਦਰ ਸਿੰਘ, ਪ੍ਰੋ: ਜਸਪ੍ਰੀਤ ਸਿੰਘ, ਪ੍ਰਿੰਸੀਪਲ ਬਘੇਲ ਸਿੰਘ, ਪ੍ਰੋ: ਜਸਵਿੰਦਰ ਸਿੰਘ ਅਤੇ ਪ੍ਰੋ. ਕ੍ਰਿਸ਼ਨ ਕੁਮਾਰ ਆਦਿ ਪ੍ਰਮੁੱਖ ਸ਼ਖਸੀਅਤਾਂ ਆਦਿ ਹਾਜ਼ਰ ਸਨ।