ਜੀਐਸਟੀ ਇੰਫੋਰਸਮੈਂਟ ਦੀ ਮਜ਼ਬੂਤੀ ਲਈ ਪੰਜਾਬ ਵਿਸ਼ੇਸ਼ ਧੋਖਾਧੜੀ ਖੋਜ ਯੂਨਿਟ ਸਥਾਪਤ ਕਰੇਗਾ: ਹਰਪਾਲ ਸਿੰਘ ਚੀਮਾ
ਏ.ਆਈ. ਸਮੇਤ ਉੱਨਤ ਤਕਨਾਲੋਜੀਆਂ ਦਾ ਲਾਭ ਉਠਾਏਗਾ ਐਸ.ਐਫ.ਡੀ.ਯੂ
ਯੂਨਿਟ ਵਿੱਚ ਤਜਰਬੇਕਾਰ ਕਰ ਅਧਿਕਾਰੀ, ਹੁਨਰਮੰਦ ਆਈਟੀ ਪੇਸ਼ੇਵਰ, ਚਾਰਟਰਡ ਅਕਾਊਂਟੈਂਟ ਅਤੇ ਕਾਨੂੰਨੀ ਅਧਿਕਾਰੀ ਹੋਣਗੇ ਸ਼ਾਮਲ
ਟੀਮ ਨੂੰ ਮਹੱਤਵਪੂਰਨ ਡੇਟਾਸੈਟਾਂ ਤੱਕ ਅਸਲ-ਸਮੇਂ ਦੀ ਪਹੁੰਚ ਨਾਲ ਕੀਤਾ ਜਾਵੇਗਾ ਲੈਸ
ਐਸ.ਐਫ.ਡੀ.ਯੂ ਰਾਜ ਦੇ ਮਾਲੀਏ ਦੀ ਸੁਰੱਖਿਆ ਦੇ ਨਾਲ-ਨਾਲ ਕਰਪਾਲਣਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਨਿਭਾਏਗਾ ਮੁੱਖ ਭੂਮਿਕਾ
ਚੰਡੀਗੜ੍ਹ, 4 ਅਗਸਤ
ਕਰ ਇੰਫੋਰਸਮੈਂਟ ਨੂੰ ਸੰਸਥਾਗਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਸੂਬਾ ਪੱਧਰੀ ਵਿਸ਼ੇਸ਼ ਧੋਖਾਧੜੀ ਖੋਜ ਯੂਨਿਟ (ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ) ਸਥਾਪਤ ਕਰਨ ਦੇ ਪ੍ਰਸਤਾਵ ਦਾ ਐਲਾਨ ਕੀਤਾ ਜਿਸ ਦਾ ਹੈੱਡਕੁਆਟਰ ਪਟਿਆਲਾ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਮਰਪਿਤ ਯੂਨਿਟ ਵਸਤੂਆਂ ਅਤੇ ਸੇਵਾਵਾਂ ਕਰ (ਜੀਐਸਟੀ) ਉਲੰਘਣਾਵਾਂ ਨਾਲ ਸਬੰਧਤ ਗੁੰਝਲਦਾਰ ਮਾਮਲਿਆਂ ਦੀ ਜਾਂਚ ਵਿੱਚ ਇਕਸਾਰਤਾ ਲਿਆਏਗਾ ਅਤੇ ਜਾਂਚ ਨੂੰ ਸੁਚਾਰੂ ਬਣਾਏਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ (ਐੱਸ.ਐੱਫ.ਡੀ.ਯੂ.) ਨੂੰ ਵੱਡੇ ਪੱਧਰ ਦੀਆਂ ਜੀ.ਐਸ.ਟੀ ਧੋਖਾਧੜੀਆਂ ਦਾ ਪਰਦਾਫਾਸ਼ ਅਤੇ ਜਾਂਚ ਕਰਨ ਦਾ ਕੰਮ ਸੌਂਪਿਆ ਜਾਵੇਗਾ, ਜਿਸ ਵਿੱਚ ਖਾਸ ਤੌਰ 'ਤੇ ਸਰਕੂਲਰ ਟਰੇਡਿੰਗ ਓਪਰੇਸ਼ਨਾਂ ਨੂੰ ਰੋਕਣ, ਬੇਨਾਮੀ ਲੈਣ-ਦੇਣ ਦਾ ਪਰਦਾਫਾਸ਼ ਕਰਨ ਅਤੇ ਜਾਅਲੀ ਇਨਵੌਇਸਿੰਗ ਦੀਆਂ ਕਾਰਵਾਈਆਂ ਨੂੰ ਖ਼ਤਮ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੂਨਿਟ ਨੂੰ ਸ਼ੱਕੀ ਜੀ.ਐੱਸ.ਟੀ. ਪਛਾਣ ਨੰਬਰਾਂ (ਜੀ.ਐੱਸ.ਟੀ.ਆਈ.ਐੱਨ.) ਨੂੰ ਰੱਦ ਕਰਨ, ਇਨਪੁੱਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦੇ ਗਲਤ ਦਾਅਵਿਆਂ ਨੂੰ ਰੋਕਣ, ਅਤੇ ਕਾਨੂੰਨੀ ਜਵਾਬਦੇਹੀ ਨੂੰ ਬਰਕਰਾਰ ਰੱਖਣ ਲਈ ਅਪਰਾਧੀਆਂ ਵਿਰੁੱਧ ਮੁਕੱਦਮਾ ਚਲਾਉਣ ਦੀ ਸਿਫਾਰਸ਼ ਕਰਨ ਸਮੇਤ ਸਖ਼ਤ ਲਾਗੂਕਰਨ ਦੀਆਂ ਕਾਰਵਾਈਆਂ ਸ਼ੁਰੂ ਕਰਨ ਦੀ ਸ਼ਕਤੀ ਦਿੱਤੀ ਜਾਵੇਗੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਐੱਸ.ਐੱਫ.ਡੀ.ਯੂ. ਆਪਣੀ ਖੋਜ ਸਮਰੱਥਾ ਨੂੰ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਡੇਟਾ ਐਨਾਲਿਟਿਕਸ ਅਤੇ ਕੇਂਦਰੀਕ੍ਰਿਤ ਬੈਕਐਂਡ ਓਪਰੇਸ਼ਨਾਂ ਸਮੇਤ ਉੱਨਤ ਤਕਨਾਲੋਜੀਆਂ ਦਾ ਲਾਭ ਉਠਾਏਗੀ। ਯੂਨਿਟ ਟੈਕਸ ਰਿਟਰਨ, ਲੈਣ-ਦੇਣ ਦੇ ਨੈੱਟਵਰਕ ਅਤੇ ਵਸਤਾਂ ਦੀ ਆਵਾਜਾਈ ਵਿੱਚ ਵਿਸੰਗਤੀਆਂ ਦੀ ਪਛਾਣ ਕਰਨ ਲਈ ਸੂਬੇ ਭਰ ਵਿੱਚ ਵਿਆਪਕ ਡਾਟਾ ਮਾਈਨਿੰਗ ਅਤੇ ਪੈਟਰਨ ਦੀ ਪਛਾਣ ਕਰੇਗਾ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਯੂਨਿਟ ਡਾਟਾ-ਅਧਾਰਤ ਰੈੱਡ ਫਲੈਗਸ ਦੀ ਵਰਤੋਂ ਸਿਰਫ਼ ਸ਼ੱਕੀ ਜਾਂ ਸ਼ਰਾਰਤੀ ਕਰਦਾਤਾਵਾਂ ਦੀ ਜਾਂਚ ਕਰਨ ਲਈ ਕਰੇਗੀ ਤਾਂ ਜੋ ਇਮਾਨਦਾਰ ਕਰਦਾਤਾਵਾਂ ਨੂੰ ਬੇਲੋੜੀ ਜਾਂਚ ਤੋਂ ਬਚਾਇਆ ਜਾ ਸਕੇਗਾ। ਵਿੱਤ ਮੰਤਰੀ ਚੀਮਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਰਣਨੀਤਕ ਪਹੁੰਚ ਦਾ ਉਦੇਸ਼ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਕਰਦਾਤਾ ਦੀ ਸਹੂਲਤ ਦਰਮਿਆਨ ਸੰਤੁਲਨ ਬਣਾਉਣਾ ਹੈ, ਜਿਸ ਨਾਲ ਵਧੇਰੇ ਕੁਸ਼ਲ ਅਤੇ ਕਰਦਾਤਾ-ਪੱਖੀ ਪ੍ਰਸ਼ਾਸਨ ਯਕੀਨੀ ਬਣਾਇਆ ਜਾਵੇਗਾ।
ਐੱਸ.ਐੱਫ.ਡੀ.ਯੂ. ਦੀ ਬਣਤਰ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਇਕਾਈ ਵਿੱਚ ਤਜਰਬੇਕਾਰ ਕਰ ਅਫ਼ਸਰਾਂ, ਹੁਨਰਮੰਦ ਆਈ.ਟੀ. ਪੇਸ਼ੇਵਰਾਂ, ਇੱਕ ਚਾਰਟਰਡ ਅਕਾਊਂਟੈਂਟ ਅਤੇ ਇੱਕ ਕਾਨੂੰਨੀ ਅਧਿਕਾਰੀ ਵਾਲੀ ਇੱਕ ਬਹੁ-ਅਨੁਸ਼ਾਸਨੀ ਟੀਮ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਟੀਮ ਨੂੰ ਨਾਜ਼ੁਕ ਡੇਟਾਸੈਟਾਂ ਜਿਵੇਂ ਕਿ ਜੀ.ਐੱਸ.ਟੀ.ਐੱਨ. ਜਾਣਕਾਰੀ, ਈ-ਵੇਅ ਬਿੱਲ ਟਰੈਕਿੰਗ, ਟੋਲ ਰਿਕਾਰਡ ਅਤੇ ਆਰ.ਐੱਫ.ਆਈ.ਡੀ ਟ੍ਰੇਲ ਐਨਾਲਿਟਿਕਸ ਤੱਕ ਅਸਲ-ਸਮੇਂ ਦੀ ਪਹੁੰਚ ਨਾਲ ਲੈਸ ਕੀਤਾ ਜਾਵੇਗਾ, ਜਿਸ ਨਾਲ ਟੈਕਸ ਚੋਰੀ ਵਿਰੁੱਧ ਤੁਰੰਤ ਅਤੇ ਸਟੀਕ ਕਾਰਵਾਈ ਕੀਤੀ ਜਾ ਸਕੇਗੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ (ਐੱਸ.ਐੱਫ.ਡੀ.ਯੂ.) ਨੂੰ ਸੀ.ਜੀ.ਐੱਸ.ਟੀ./ਪੀ.ਜੀ.ਐੱਸ.ਟੀ. ਐਕਟਾਂ ਦੀਆਂ ਧਾਰਾਵਾਂ 67, 70, 74 ਅਤੇ 132 ਦੇ ਨਾਲ-ਨਾਲ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਸਬੰਧਤ ਧਾਰਾਵਾਂ ਤਹਿਤ ਮਜ਼ਬੂਤ ਕਾਨੂੰਨੀ ਵਿਵਸਥਾਵਾਂ ਦੁਆਰਾ ਅਧਿਕਾਰਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐੱਸ.ਐੱਫ.ਡੀ.ਯੂ. ਨੂੰ ਤਕਨੀਕੀ ਤੌਰ 'ਤੇ ਉੱਨਤ, ਖ਼ੁਫੀਆ-ਅਧਾਰਿਤ ਲਾਗੂਕਰਨ ਏਜੰਸੀ ਵਜੋਂ ਕੰਮ ਕਰਨ ਦੇ ਯੋਗ ਬਣਾਏਗਾ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਦੇ ਮਾਲੀਏ ਦੀ ਸੁਰੱਖਿਆ ਅਤੇ ਆਰਥਿਕ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਵਾਲੇ ਵਿਸਤ੍ਰਿਤ ਟੈਕਸ ਧੋਖਾਧੜੀ ਨੈੱਟਵਰਕਾਂ ਨੂੰ ਖ਼ਤਮ ਕਰਨ ਵੱਲ ਇੱਕ ਫੈਸਲਾਕੁੰਨ ਕਦਮ ਸਾਬਿਤ ਹੋਵੇਗਾ।
ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਸਪੈਸ਼ਲ ਫ਼ਰਾਡ ਡਿਟੈਕਸ਼ਨ ਯੂਨਿਟ (ਐੱਸ.ਐੱਫ.ਡੀ.ਯੂ.) ਦੀ ਸਥਾਪਨਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇੱਕ ਅਜਿਹਾ ਟੈਕਸ ਮਾਹੌਲ ਪੈਦਾ ਕਰਨ ਦੇ ਪੱਕੇ ਇਰਾਦੇ ਨੂੰ ਦਰਸਾਉਂਦੀ ਹੈ ਜੋ ਨਾ ਸਿਰਫ਼ ਵਧੇਰੇ ਜਵਾਬਦੇਹ ਅਤੇ ਪਾਰਦਰਸ਼ੀ ਸਗੋਂ ਧੋਖਾਧੜੀ ਵਾਲੀਆਂ ਗਤੀਵਿਧੀਆਂ ਪ੍ਰਤੀ ਵੀ ਪ੍ਰਭਾਵਸ਼ਾਲੀ ਹੋਵੇ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਐੱਸ.ਐੱਫ.ਡੀ.ਯੂ. ਟੈਕਸ ਚੋਰੀ ਦਾ ਪਤਾ ਲਗਾਉਣ ਅਤੇ ਰੋਕਣ ਲਈ ਸਰਗਰਮ ਉਪਾਅ ਕਰਕੇ ਸੂਬੇ ਦੇ ਮਾਲੀਏ ਦੀ ਰਾਖੀ ਕਰਨ ਅਤੇ ਪਾਲਣਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ, ਜਿਸ ਨਾਲ ਆਖਰਕਾਰ ਸੂਬੇ ਦੀ ਆਰਥਿਕ ਸਥਿਰਤਾ ਅਤੇ ਵਿਕਾਸ ਵਿੱਚ ਯੋਗਦਾਨ ਪਵੇਗਾ।