ਪੰਜਾਬੀ ਯੂਨੀਵਰਸਿਟੀ ਵਿਖੇ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਰਿਫ਼ਰੈਸ਼ਰ ਕੋਰਸ ਸ਼ੁਰੂ
ਪਟਿਆਲਾ, 13 ਫ਼ਰਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵੱਲੋਂ 'ਰਿਸਰਚ ਮੈਥਡੌਲਜੀ (ਵਿਗਿਆਨ ਅਤੇ ਕਲਾਵਾਂ)' ਵਿਸ਼ੇ ਉੱਤੇ ਕਰਵਾਇਆ ਜਾ ਰਿਹਾ ਰਿਫ਼ਰੈਸ਼ਰ ਕੋਰਸ ਅੱਜ ਸ਼ੁਰੂ ਹੋ ਗਿਆ ਹੈ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਵਿਧੀ ਰਾਹੀਂ ਹੋਏ ਇਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਇਲੈਕਟ੍ਰੋਨਿਕਸ ਟੈਕਨੋਲੋਜੀ ਵਿਭਾਗ ਤੋਂ ਡਾ. ਮਨਿੰਦਰ ਲਾਲ ਸਿੰਘ ਨੇ ਕੀਤੀ।
ਡਾ. ਮਨਿੰਦਰ ਲਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਦੱਸਿਆ ਕਿ ਇੱਕ ਅਧਿਆਪਕ ਦੀ ਜ਼ਿੰਦਗੀ ਵਿੱਚ ਰਿਫਰੈਸ਼ਰ ਕੋਰਸ ਦੀ ਬਹੁਤ ਮਹੱਤਤਾ ਹੁੰਦੀ ਹੈ। ਅਧਿਆਪਕ ਇਨ੍ਹਾਂ ਕੋਰਸਾਂ ਰਾਹੀਂ ਹੀ ਗਿਆਨ ਵਿਗਿਆਨ ਅਤੇ ਤਕਨਾਲੋਜੀ ਦੇ ਨਵੇ ਰੁਝਾਨਾਂ ਨਾਲ ਜੁੜਦੇ ਹਨ। ਉਨ੍ਹਾਂ ਇਸ ਕਦਮ ਲਈ ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੀ ਸ਼ਲਾਘਾ ਕੀਤੀ। ਉਨਾ ਇਸ ਕੋਰਸ ਨਾਲ਼ ਜੁੜੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਆਪਣੀਆਂ ਖੋਜਾਂ ਮਿਆਰੀ ਰਸਾਲਿਆਂ ਵਿੱਚ ਛਪਵਾਉਣ।
ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਸੈਂਟਰ ਵੱਲੋਂ ਕਰਵਾਈਆਂ ਜਾ ਰਹੀਆਂ ਵੱਖ ਵੱਖ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਇਸ ਸਬੰਧ ਵਿੱਚ ਯੂਜੀਸੀ ਦਿਸ਼ਾ-ਨਿਰਦੇਸ਼ਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਰਿਚਾ ਸ੍ਰੀ ਅਤੇ ਕੋ-ਕੋਆਰਡੀਨੇਟਰ ਪ੍ਰੋ. ਹਰਪ੍ਰੀਤ ਕੌਰ ਵੱਲੋਂ ਇਸ ਕੋਰਸ ਦੀ ਰੂਪ ਰੇਖਾ ਸਾਂਝੀ ਕਰਦਿਆਂ ਆਪਣੇ ਵਿਚਾਰ ਪ੍ਰਗਟਾਏ ਗਏ।