ਪੰਜਾਬੀ ਯੂਨੀਵਰਸਿਟੀ ਦੇ ਹੋਸਟਲਾਂ ਦੀਆਂ ਲੜਕੀਆਂ ਨੂੰ ਔਰਤਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਅਤੇ ਲੋੜਾਂ ਬਾਰੇ ਕੀਤਾ ਜਾਗਰੂਕ
ਪਟਿਆਲਾ, 6ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਭਲਾਈ ਦਫ਼ਤਰ ਵੱਲੋਂ ਹੋਸਟਲਾਂ ਵਿੱਚ ਰਹਿੰਦੀਆਂ ਲੜਕੀਆਂ ਨੂੰ ਔਰਤਾਂ ਦੀਆਂ ਵਿਸ਼ੇਸ਼ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਕਰਵਾਇਆ ਗਿਆ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਇਸ ਵਿਸ਼ੇ ਦੀ ਮਹੱਤਤਾ ਬਾਰੇ ਗੱਲ ਕੀਤੀ। ਉਨ੍ਹਾਂ ਕਿ ਲੜਕੀਆਂ ਨੂੰ ਆਪਣੇ ਸ਼ਰੀਰ ਅਤੇ ਇਸ ਨਾਲ਼ ਸੰਬੰਧਤ ਵਿਸ਼ੇਸ਼ ਲੋੜਾਂ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਹੋਣ ਨਾਲ਼ ਉਹ ਆਪਣੀ ਅਤੇ ਆਪਣੇ ਸੰਪਰਕ ਦੀਆਂ ਹੋਰ ਔਰਤਾਂ ਦੀ ਸਿਹਤ ਦਾ ਬਿਹਤਰ ਖ਼ਿਆਲ ਰੱਖ ਸਕਦੀਆਂ ਹਨ।
ਵਧੀਕ ਡੀਨ ਵਿਦਿਆਰਥੀ ਭਲਾਈ ਡਾ. ਨੈਨਾ ਸ਼ਰਮਾ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵਿੱਚ ਕੌਂਸਲਰ ਵਜੋਂ ਤਾਇਨਾਤ ਡਾ. ਰੂਬੀ ਗੁਪਤਾ ਵੱਲੋਂ ਆਪਣੇ ਸੰਬੋਧਨ ਦੌਰਾਨ ਇਸ ਵਿਸ਼ੇ ਦੇ ਹਵਾਲੇ ਨਾਲ਼ ਵੱਖ-ਵੱਖ ਨੁਕਤੇ ਉਜਾਗਰ ਕੀਤੇ ਗਏ।