ਪੀ.ਏ.ਯੂ. ਦੇ ਵਿਦਿਆਰਥੀ ਨੇ ਪੇਪਰ ਪੇਸ਼ਕਾਰੀ ਵਿਚ ਇਨਾਮ ਜਿੱਤਿਆ
ਲੁਧਿਆਣਾ 20 ਫਰਵਰੀ, 2025 - ਪੀ.ਏ.ਯੂ. ਦੇ ਬਾਇਓਤਕਨਾਲੋਜੀ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕਾਂ ਵੱਲੋਂ ਲਿਖੇ ਪੇਪਰ ਨੂੰ ਬੀਤੇ ਦਿਨੀਂ 28ਵੀਂ ਪੰਜਾਬ ਵਿਗਿਆਨ ਕਾਨਫਰੰਸ ਵਿਚ ਇਨਾਮ ਲਈ ਚੁਣਿਆ ਗਿਆ| ਇਹ ਕਾਨਫਰੰਸ ਵਿਗਿਆਨ ਅਤੇ ਤਕਨਾਲੋਜੀ ਦੇ ਨਵੀਨ ਰੁਝਾਨਾਂ ਬਾਰੇ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਕਰਵਾਈ ਗਈ ਸੀ ਅਤੇ ਇਸ ਲਈ ਪੰਜਾਬ ਅਕਾਦਮਿਕ ਆਫ ਸਾਇੰਸਜ਼ ਪਟਿਆਲਾ ਤੋਂ ਇਮਦਾਦ ਪ੍ਰਾਪਤ ਸੀ|
ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਸੁਖਪ੍ਰੀਤ ਕੌਰ ਨੇ ਇਸ ਮੌਕੇ ਪੰਜਾਬ ਝਾੜ ਕਰੇਲਾ-1 ਉੱਪਰ ਪੈਣ ਵਾਲੇ ਜੈਵਿਕ ਅਤੇ ਅਜੈਵਿਕ ਦਬਾਵਾਂ ਦੇ ਪ੍ਰਤੀਰੋਧੀ ਜੀਨਾਂ ਬਾਰੇ ਪੇਸ਼ ਕੀਤੇ ਪੇਪਰ ਦੇ ਅਧਾਰ ਤੇ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਜਿੱਤਿਆ| ਜ਼ਿਕਰਯੋਗ ਹੈ ਕਿ ਕੁਮਾਰੀ ਸੁਖਪ੍ਰੀਤ ਝਾੜ ਕਰੇਲਾ ਦੇ ਜੀਨ ਵਿਗਿਆਨਕ ਢਾਂਚੇ ਬਾਰੇ ਡਾ. ਨਵਰਾਜ ਕੌਰ ਸਰਾਓ ਦੀ ਨਿਗਰਾਨੀ ਹੇਠ ਆਪਣਾ ਕਾਰਜ ਕਰ ਰਹੇ ਹਨ| ਇਸ ਇਨਾਮ ਨਾਲ ਜਿੱਥੇ ਵਿਦਿਆਰਥੀ ਦੀ ਯੋਗਤਾ ਅਤੇ ਉਸਦੀ ਨਿਗਰਾਨ ਦੀ ਮਿਹਨਤ ਪ੍ਰਮਾਣਿਤ ਹੋਈ ਉਥੇ ਪੀ.ਏ.ਯੂ. ਦੀ ਅਕਾਦਮਿਕ ਉੱਚਤਾ ਦਾ ਸਬੂਤ ਵੀ ਮਿਲਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਯੋਗੇਸ਼ ਵਿਕਲ ਨੇ ਕੁਮਾਰੀ ਸੁਖਪ੍ਰੀਤ ਅਤੇ ਉਹਨਾਂ ਦੇ ਨਿਗਰਾਨ ਨੂੰ ਵਧਾਈ ਦਿੱਤੀ|