ਪੀ.ਏ.ਯੂ. ਦੇ ਮੌਸਮ ਵਿਗਿਆਨੀ ਨੇ ਰਾਸ਼ਟਰੀ ਸੈਮੀਨਾਰ ਵਿਚ ਇਨਾਮ ਜਿੱਤਿਆ
ਲੁਧਿਆਣਾ 20 ਫਰਵਰੀ, 2025 - ਪੀ.ਏ.ਯੂ. ਦੇ ਖੇਤੀ ਮੌਸਮ ਵਿਗਿਆਨ ਜਲਵਾਯੂ ਪਰਿਵਰਤਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹਰਲੀਨ ਕੌਰ ਨੂੰ ਬੀਤੇ ਦਿਨੀਂ ਅਸਾਮ ਖੇਤੀ ਯੂਨੀਵਰਸਿਟੀ ਜੌਰਹਾਟ ਵਿਖੇ ਹੋਏ ਰਾਸ਼ਟਰੀ ਸੈਮੀਨਾਰ ਵਿਚ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਨਾਲ ਨਿਵਾਜ਼ਿਆ ਗਿਆ| ਇਹ ਰਾਸ਼ਟਰੀ ਸੈਮੀਨਾਰ ਖੇਤੀ ਅਤੇ ਸਹਾਇਕ ਵਿਗਿਆਨਾਂ ਉੱਪਰ ਮੌਸਮ ਅਤੇ ਜਲਵਾਯੂ ਦੇ ਪ੍ਰਭਾਵਾਂ ਬਾਰੇ ਤਕਨਾਲੋਜੀਆਂ ਉੱਪਰ ਅਧਾਰਿਤ ਸੀ| ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਬਦਲਦੇ ਪੌਣ ਪਾਣੀ ਦੇ ਮੱਦੇਨਜ਼ਰ ਸੇਂਜੂ ਕਣਕ ਦੀ ਕਾਸ਼ਤ ਦੇ ਸਰੋਤਾਂ ਬਾਰੇ ਪੇਪਰ ਪੇਸ਼ ਕੀਤਾ| ਇਸ ਪੇਪਰ ਨੂੰ ਲਿਖਣ ਲਈ ਉਹਨਾਂ ਦੇ ਸਹਿ ਲੇਖਕ ਡਾ. ਪ੍ਰਭਜੋਧ ਕੌਰ ਸਨ| ਪੇਪਰ ਵਿਚ ਪੇਸ਼ ਨੁਕਤਿਆਂ ਦੇ ਅਧਾਰ ਤੇ ਇਸਨੂੰ ਸੈਮੀਨਾਰ ਦਾ ਸਰਵੋਤਮ ਪੇਪਰ ਐਲਾਨਿਆ ਗਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੁਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਅਤੇ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਡਾ. ਹਰਲੀਨ ਕੌਰ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|