ਪੀ.ਏ.ਯੂ. ਵਿਚ ਪੱਤਰਕਾਰਾਂ, ਚਿੰਤਕਾਂ ਅਤੇ ਮੀਡੀਆ ਕਰਮੀਆਂ ਦੀ ਇਕੱਤਰਤਾ 18 ਫਰਵਰੀ ਨੂੰ
ਲੁਧਿਆਣਾ 13 ਫਰਵਰੀ , 2025
ਪੀ.ਏ.ਯੂ. ਆਉਂਦੀ 18 ਫਰਵਰੀ ਨੂੰ ਇਕ ਵਿਸ਼ੇਸ਼ ਆਯੋਜਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ| ਪਾਲ ਆਡੀਟੋਰੀਅਮ ਵਿਚ ਹੋਣ ਵਾਲੇ ਇਸ ਵਿਸ਼ੇਸ਼ ਸਮਾਰੋਹ ਦਾ ਆਯੋਜਨ ਸੰਚਾਰ ਕੇਂਦਰ ਅਤੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ| ਬੇਸਿਕ ਸਾਇੰਸਜ਼ ਕਾਲਜ ਦੀ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਰੇ ਸੁਸਾਇਟੀ ਇਸ ਸਮਾਰੋਹ ਦੇ ਆਯੋਜਨ ਲਈ ਸਹਾਇਤਾ ਕਰੇਗੀ| ਪੀ.ਏ.ਯੂ. ਨਾਲ ਸੰਬੰਧਿਤ ਰਹੇ ਮੀਡੀਆ ਦੇ ਅਹਿਮ ਅਤੇ ਉੱਘੇ ਨਾਮ ਇਸ ਇਕੱਤਰਤਾ ਵਿਚ ਜੁੜਨ ਦੀ ਆਸ ਹੈ|
ਇਸ ਆਯੋਜਨ ਰਾਹੀਂ ਮੀਡੀਆ ਦੇ ਚਲੰਤ ਦ੍ਰਿਸ਼ ਅਤੇ ਦਸ਼ਾ ਸੰਬੰਧੀ ਵਿਸ਼ੇਸ਼ ਚਰਚਾ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਜਿਵੇਂ ਪ੍ਰਿੰਟ ਮੀਡੀਆ, ਬਿਜਲਈ ਮੀਡੀਆ, ਡਿਜ਼ੀਟਲ ਮੀਡੀਆ, ਇਸ਼ਤਿਹਾਰਬਾਜ਼ੀ ਅਤੇ ਅਕਾਦਮਿਕ ਖੇਤਰ ਦੇ ਉੱਘੇ ਹਸਤਾਖਰ ਦੁਬਾਰਾ ਪੀ.ਏ.ਯੂ. ਵਿਖੇ ਇਕੱਤਰ ਹੋਣਗੇ| 50 ਦੇ ਕਰੀਬ ਪੇਸ਼ੇਵਰ ਮੀਡੀਆ ਹਸਤਾਖਰਾਂ ਦੇ ਇਸ ਆਯੋਜਨ ਵਿਚ ਜੁੜ ਕੇ ਆਪਣੇ ਕੌਮੀ ਅਤੇ ਕੌਮਾਂਤਰੀ ਤਜਰਬੇ ਸਾਂਝੇ ਕਰਨ ਦੀ ਵੀ ਆਸ ਹੈ|
ਇਸ ਆਯੋਜਨ ਦੇ ਮੁੱਖ ਹਿੱਸੇ ਵਜੋਂ ਅਹਿਮ ਬੁਲਾਰਿਆਂ ਅਤੇ ਚਿੰਤਕਾਂ ਦੇ ਵਿਚਾਰ-ਵਟਾਂਦਰਿਆਂ ਅਤੇ ਭਾਸ਼ਣਾਂ ਨੂੰ ਕਰਵਾਇਆ ਜਾਵੇਗਾ| ਮੁੱਖ ਬੁਲਾਰੇ ਵਜੋਂ ਹਿੰਦੋਸਤਾਨ ਟਾਈਮਜ਼ ਚੰਡੀਗੜ ਦੇ ਕਾਰਜਕਾਰੀ ਸੰਪਾਦਕ ਸ਼੍ਰੀ ਰਮੇਸ਼ ਵਿਨਾਇਕ ਸ਼ਾਮਿਲ ਹੋ ਰਹੇ ਹਨ| ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਸਾਬਕਾ ਮੁਖੀ ਡਾ. ਹਰਜਿੰਦਰ ਵਾਲੀਆ, ਟਾਈਮਜ਼ ਆਫ ਇੰਡੀਆ ਦੇ ਸਾਬਕਾ ਸਹਾਇਕ ਸੰਪਾਦਕ ਸ੍ਰੀਮਤੀ ਰਮਨਿੰਦਰ ਕੌਰ ਭਾਟੀਆ, ਰੇਡੀਓ ਸਰਗਮ ਕੈਨੇਡਾ ਦੇ ਨਿਰਮਾਤਾ ਅਤੇ ਮੇਜ਼ਬਾਨ ਡਾ. ਬਲਵਿੰਦਰ ਸਿੰਘ ਵੀ ਸ਼ਾਮਿਲ ਹੋਣਗੇ| ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਕਰਨਗੇ|
ਇਸ ਆਯੋਜਨ ਬਾਰੇ ਹੋਰ ਗੱਲਬਾਤ ਕਰਦਿਆਂ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਕਿਹਾ ਕਿ ਇਹ ਮੀਡੀਆ ਇਕੱਤਰਤਾ ਪੀ.ਏ.ਯੂ. ਨਾਲ ਜੁੜੇ ਉਹਨਾਂ ਚਿੰਤਕਾਂ ਦੀ ਪੁਨਰ ਮਿਲਣੀ ਹੋਣ ਜਾ ਰਹੀ ਹੈ ਜਿਨ੍ਹਾਂ ਨੇ ਇਸ ਸੰਸਥਾ ਤੋਂ ਰੌਸ਼ਨੀ ਲੈ ਕੇ ਆਪਣੇ ਖੇਤਰ ਵਿਚ ਬੇਮਿਸਾਲ ਕਾਰਜ ਕੀਤਾ| ਪੀ.ਏ.ਯੂ. ਦੇ ਪੱਤਰਕਾਰੀ ਅਤੇ ਸੰਚਾਰ ਸਿੱਖਿਆ ਦੀ ਰਵਾਇਤ ਦੀ ਲੜੀ ਨੂੰ ਅੱਜ ਦੇ ਸਮੇਂ ਤੱਕ ਜਾਨਣ ਅਤੇ ਪਛਾਣਨ ਲਈ ਇਹ ਇਕੱਤਰਤਾ ਅਹਿਮ ਸਿੱਧ ਹੋਵੇਗੀ| ਇਸ ਵਿਭਾਗ ਨੇ 1970 ਵਿਚ ਆਪਣੀ ਸਥਾਪਨਾ ਤੋਂ ਲੈ ਕੇ ਦੇਸ਼ ਭਰ ਨੂੰ ਨਾਮਵਰ ਮੀਡੀਆ ਕਰਮੀ ਦਿੱਤੇ ਹਨ ਅਤੇ ਭਵਿੱਖ ਵਿਚ ਦੇਸ਼ ਦੀ ਪੱਤਰਕਾਰੀ ਦੀ ਦਸ਼ਾ ਅਤੇ ਦਿਸ਼ਾ ਦੇ ਨਿਰਧਾਰਣ ਵਿਚ ਇਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਇਹ ਇਕੱਤਰਤਾ ਅਹਿਮ ਯੋਗਦਾਨ ਪਾਏਗੀ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਮੌਜੂਦਾ ਮੀਡੀਆ ਕਾਰਜਾਂ ਦੀ ਘੋਖ ਅਤੇ ਪੜਚੋਲ ਲਈ ਇਹ ਇਕੱਤਰਤਾ ਇਕ ਮੀਲ ਪੱਥਰ ਸਾਬਿਤ ਹੋਵੇਗੀ| ਵਿਸ਼ੇਸ਼ ਤੌਰ ਤੇ ਅੱਜ ਦਾ ਯੁੱਗ ਸੰਚਾਰ ਦਾ ਦੌਰ ਹੈ ਅਤੇ ਸੰਚਾਰ ਦੇ ਨਵੇਂ ਡਿਜ਼ੀਟਲ ਮੰਚਾਂ ਦੀ ਨਿਸ਼ਾਨਦੇਹੀ ਲਈ ਵੱਖ-ਵੱਖ ਖੇਤਰਾਂ ਦੇ ਚਿੰਤਕਾਂ ਦਾ ਜੁੜ ਬੈਠਣਾ ਸੰਸਥਾ ਲਈ ਮਾਣ ਵਾਲੀ ਗੱਲ ਹੈ| ਉਹਨਾਂ ਇਸ ਇਕੱਤਰਤਾ ਦੇ ਸਿੱਟਿਆਂ ਨੂੰ ਦੂਰ ਤੱਕ ਪ੍ਰਭਾਵ ਪਾਉਣ ਵਾਲੇ ਕਿਹਾ ਅਤੇ ਇਸਦੀ ਦੀ ਸਫਲਤਾ ਦੀ ਆਸ ਪ੍ਰਗਟਾਈ|