ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੀ ਦੋ ਰੋਜ਼ਾ ਡਾਇਮੰਡ ਜੁਬਲੀ ਅਲੂਮਨੀ ਮੀਟ ਜੋਸ਼ ਖਰੋਸ਼ ਨਾਲ ਸ਼ੁਰੂ ਹੋਈ
ਲੁਧਿਆਣਾ 6 ਫਰਵਰੀ 2025 - ਅੱਜ ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਵਿਹੜੇ ਵਿਚ ਕਾਲਜ ਦੀ ਡਾਇਮੰਡ ਜੁਬਲੀ ਸਲਾਨਾ ਅਲੂਮਨੀ ਮੀਟ ਦਾ ਆਰੰਭ ਗੀਤ-ਸੰਗੀਤ ਅਤੇ ਨਾਚਾਂ ਦੀਆਂ ਮਧੁਰ ਧੁਨਾਂ ਨਾਲ ਹੋਇਆ। ਇਸ ਦੋ ਰੋਜ਼ਾ ਮੀਟ ਵਿਚ ਦੇਸ਼-ਵਿਦੇਸ਼ ਤੋਂ ਅਨੇਕ ਪੁਰਾਣੇ ਵਿਦਿਆਰਥੀ ਅਤੇ ਖੇਤੀਬਾੜੀ ਵਿਗਿਆਨ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਧੁਰੰਧਰ ਵਿਗਿਆਨੀ ਸ਼ਾਮਿਲ ਹੋਏ।
ਅਲੂਮਨੀ ਮੀਟ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਵਾਸਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਅਲੂਮਨੀ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਸਾਬਕਾ ਚਾਂਸਲਰ ਅਤੇ ਖੇਤੀਬਾੜੀ ਕਾਲਜ ਦੇ ਸਭ ਤੋਂ ਉਮਰਦਰਾਜ਼ ਪੁਰਾਣੇ ਵਿਦਿਆਰਥੀ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਬਿਕਰਮ ਸਿੰਘ ਗਿੱਲ ਅਤੇ ਡਾ. ਗੁਰਚਰਨ ਸਿੰਘ ਢਿੱਲੋਂ ਸ਼ਾਮਿਲ ਰਹੇ।
ਸਮਾਰੋਹ ਦਾ ਆਰੰਭ ਵਿਦਿਆਰਥੀਆਂ ਵੱਲੋਂ ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਦੇ ਗਾਨ ਨਾਲ ਹੋਇਆ। ਉਪਰੰਤ ਬੀਤੇ ਸਮੇਂ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਲਈ ਨਮ ਅੱਖਾਂ ਨਾਲ ਸ਼ਰਧਾਜ਼ਲੀ ਭੇਂਟ ਕੀਤੀ ਗਈ ਅਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਆਪਣੇ ਮੁੱਖ ਭਾਸ਼ਣ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀ.ਏ.ਯੂ. ਦੇ ਪੁਰਾਣੇ ਵਿਦਿਆਰਥੀਆਂ ਦੇ ਸਦਭਾਵ ਨੂੰ ਬੇਮਿਸਾਲ ਆਖਿਆ। ਉਹਨਾਂ ਕਿਹਾ ਕਿ ਇਹ ਸੰਸਥਾ ਆਪਣੀ ਸਥਾਪਨਾ ਤੋਂ ਹੀ ਖੇਤੀ ਖੋਜ, ਖੇਤੀ ਵਿਗਿਆਨ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਮਾਜ ਲਈ ਵਿਲੱਖਣ ਪੈੜਾਂ ਸਿਰਜਣ ਵਾਲੀ ਰਹੀ ਹੈ। ਇਸ ਸੰਸਥਾ ਦੇ ਵਿਦਿਆਰਥੀ ਹੋਣਾ ਅਸਲ ਵਿਚ ਇਕ ਸ਼ਾਨਦਾਰ ਰਵਾਇਤ ਦਾ ਹਿੱਸਾ ਹੋਣਾ ਹੈ। ਇਸਲਈ ਦੁਨੀਆਂ ਵਿਚ ਕਿਤੇ ਵੀ ਚਲੇ ਜਾਣ ਖੇਤੀਬਾੜੀ ਕਾਲਜ ਦੇ ਵਿਦਿਆਰਥੀ ਆਪਣੇ ਆਪ ਨੂੰ ਇਸ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਨ। ਡਾ. ਗੋਸਲ ਨੇ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਉੱਪਰ ਮਾਣ ਮਹਿਸੂਸ ਕਰਦਿਆਂ ਇਹ ਭਾਵ ਪ੍ਰਗਟਾਏ ਕਿ ਇਸ ਕਾਲਜ ਨੇ ਪੂਰੀ ਦੁਨੀਆਂ ਨੂੰ ਪ੍ਰਸ਼ਾਸਨਿਕ ਅਤੇ ਖੇਤੀ ਵਿਗਿਆਨ ਖੇਤਰ ਦੀ ਅਗਵਾਈ ਕਰਨ ਵਾਲੇ ਅਣਗਿਣਤ ਵਿਗਿਆਨੀ ਦਿੱਤੇ। ਉਹਨਾਂ ਕਿਹਾ ਕਿ ਇਹ ਵਿਗਿਆਨੀਆਂ ਦੀ ਦੇਣ ਨੂੰ ਦੁਨੀਆਂ ਦੀ ਭੋਜਨ ਸੁਰੱਖਿਆ ਦੇ ਖੇਤਰ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਇਸਦੇ ਨਾਲ ਹੀ ਡਾ. ਗੋਸਲ ਨੇ ਯੂਨੀਵਰਸਿਟੀ ਦੀ ਖੋਜ ਦੀ ਦਿਸ਼ਾ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਅਜੋਕਾ ਸਮਾਂ ਨਵੀਂ ਤਕਨਾਲੋਜੀ ਅਤੇ ਨਵੇਂ ਵਿਗਿਆਨ ਨੂੰ ਅਪਣਾ ਕੇ ਸੰਸਾਰ ਲਈ ਨਵੀਂ ਦਿਸ਼ਾ ਨਿਰਧਾਰਤ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੇ ਸਪੀਡ ਬਰੀਡਿੰਗ ਤਕਨਾਲੋਜੀ ਨੂੰ ਅਪਣਾ ਕੇ ਖੇਤੀ ਵਿਗਿਆਨ ਨੂੰ ਤੇਜ਼ੀ ਦੇਣ ਦਾ ਵੱਡਮੁੱਲਾ ਕਾਰਜ ਅੰਜਾਮ ਦਿੱਤਾ ਹੈ।
ਇਸਦੇ ਨਾਲ ਹੀ ਵਾਤਾਵਰਨ ਪੱਖੀ ਫਸਲਾਂ ਦੀਆਂ ਕਿਸਮਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀਆਂ ਤਕਨੀਕਾਂ ਵੀ ਕਿਸਾਨਾਂ ਤੱਕ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਪੀ.ਏ.ਯੂ. ਵੱਲੋਂ ਪਸਾਰ ਲਈ ਅਪਣਾਈਆਂ ਜਾ ਰਹੀਆਂ ਨਵੀਆਂ ਡਿਜ਼ੀਟਲ ਅਤੇ ਸ਼ੋਸ਼ਲ ਮੀਡੀਆ ਯੁਗਤਾਂ ਬਾਰੇ ਡਾ. ਗੋਸਲ ਨੇ ਵਿਸਥਾਰ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਪੱਛਮ ਨੇ ਖੇਤੀ ਨੂੰ ਉਤਪਾਦਨ ਦੀ ਥਾਂ ਕਾਰੋਬਾਰ ਦਾ ਰੂਪ ਦਿੱਤਾ ਹੈ। ਇਹਨਾਂ ਲੀਹਾਂ ਤੇ ਤੁਰ ਕੇ ਹੀ ਪੰਜਾਬ ਅਤੇ ਦੇਸ਼ ਦੇ ਖੇਤੀ ਢਾਂਚੇ ਦੀ ਮੁੜ ਉਸਾਰੀ ਸੰਭਵ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਇਸਦੀ ਸਾਫ-ਸੁਥਰੀ ਅਤੇ ਹਰੀ ਭਰੀ ਦਿੱਖ ਦੀ ਮੁੜ ਉਸਾਰੀ ਦੇ ਯਤਨ ਕੀਤੇ ਜਾ ਰਹੇ ਹਨ। ਡਾ. ਗੋਸਲ ਨੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਨਾਲ ਨਿਰੰਤਰ ਜੁੜੇ ਰਹਿਣ ਅਤੇ ਆਪਣੇ ਸੁਝਾਵਾਂ ਤੋਂ ਜਾਣੂੰ ਕਰਵਾਉਣ ਲਈ ਕਿਹਾ।
ਉੱਘੇ ਅਰਥਸ਼ਾਸਤਰੀ ਡਾ. ਸਰਦਾਰਾ ਸਿੰਘ ਜੌਹਲ ਨੇ ਇਸ ਕਾਲਜ ਦਾ ਵਿਦਿਆਰਥੀ ਹੋਣ ਤੇ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾ ਕੀਤਾ। ਉਹਨਾਂ ਬੀਤੇ ਸਮੇਂ ਨੂੰ ਬੜੇ ਸਨੇਹ ਨਾਲ ਯਾਦ ਕਰਦਿਆਂ ਕਿਹਾ ਕਿ ਇਹ ਸੰਸਥਾਂ ਆਪਣੀ ਪਛਾਣ ਆਪਣੇ ਵਿਦਿਆਰਥੀਆਂ ਨਾਲ ਪੱਕੇ ਤੌਰ ਤੇ ਸੰਬੰਧਿਤ ਕਰ ਦਿੰਦੀ ਹੈ। ਡਾ. ਜੌਹਲ ਨੇ ਬਦਲਦੇ ਸਮੇਂ ਵਿਚ ਅਧਿਆਪਕਾਂ ਸਾਹਮਣੇ ਨਵੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਖੇਤੀਬਾੜੀ ਖੇਤਰ ਵਿਚ ਖੋਜ ਦੀ ਬਦਲਦੀ ਦਸ਼ਾ ਬਾਰੇ ਗੱਲ ਕੀਤੀ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਵਸਦੇ ਸਾਬਕਾ ਵਿਦਿਆਰਥੀਆਂ ਲਈ ਇਹ ਸਲਾਨਾ ਸਮਾਰੋਹ ਖੁਸ਼ੀ ਅਤੇ ਮਾਣ ਦਾ ਬਹਾਨਾ ਬਣਦਾ ਹੈ। ਡਾ. ਜੌਹਲ ਨੇ ਖੇਤੀ ਖੇਤਰ ਦੀਆਂ ਸੰਭਾਵਨਾਵਾਂ ਅਤੇ ਮੁਸ਼ਕਿਲਾਂ ਬਾਰੇ ਸੰਕੇਤ ਕਰਦਿਆਂ ਵਿਗਿਆਨੀਆਂ ਨੂੰ ਇਹਨਾਂ ਦੇ ਹੱਲ ਲਈ ਜੁਟ ਜਾਣ ਵਾਸਤੇ ਪ੍ਰੇਰਿਤ ਕੀਤਾ।
ਡਾ. ਬਿਕਰਮ ਸਿੰਘ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਦੁਨੀਆਂ ਵਿਚ ਕਿਤੇ ਵੀ ਜਾ ਕੇ ਕੋਈ ਵੀ ਪ੍ਰਾਪਤੀ ਕਰਨ ਦੇ ਬਾਵਜੂਦ ਇਹ ਸੰਸਥਾ ਘਣੇ ਬਿ੍ਰਛ ਵਾਂਗ ਆਪਣੇ ਪਿਆਰ ਦੀ ਛਾਂ ਆਪਣੇ ਵਿਦਿਆਰਥੀਆਂ ਉੱਪਰ ਬਣਾਈ ਰੱਖਦੀ ਹੈ।
ਡਾ. ਗੁਰਚਰਨ ਸਿੰਘ ਢਿੱਲੋਂ ਨੇ ਵੀ ਭਾਵੁਕ ਸ਼ਬਦਾਂ ਵਿਚ ਇਸ ਸੰਸਥਾਂ ਨਾਲ ਜੁੜੀਆਂ ਯਾਦਾਂ ਸਾਝੀਆਂ ਕੀਤੀਆਂ।
ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਅਲੂਮਨੀ ਮੀਟ ਵਿਚ ਸ਼ਾਮਿਲ ਹੋਣ ਵਾਲੇ ਪੁਰਾਣੇ ਵਿਦਿਆਰਥੀਆਂ ਅਤੇ ਖੇਤੀਬਾੜੀ ਦੇ ਖੇਤਰ ਵਿਚ ਨਵੇਂ ਪੜਾਅ ਸਿਰਜਣ ਵਾਲੇ ਵਿਗਿਆਨੀਆਂ ਲਈ ਸਵਾਗਤ ਦੇ ਸ਼ਬਦ ਕਹੇ। ਉਹਨਾਂ ਕਿਹਾ ਕਿ ਇਹ ਮੀਟ ਹਰ ਸਾਲ ਵਿਦਿਆਰਥੀਆਂ ਨੂੰ ਇਕੱਤਰ ਕਰਕੇ ਅਜਿਹਾ ਸਮਾਰੋਹ ਸਿਰਜਦੀ ਹੈ ਜਿਸ ਨਾਲ ਕਾਲਜ ਹਰ ਵਰ੍ਹੇ ਜਵਾਨ ਹੋ ਜਾਂਦਾ ਹੈ। ਡਾ. ਔਲਖ ਨੇ ਬੀਤੇ ਸਾਲ ਵਿਚ ਵੱਖ-ਵੱਖ ਖੇਤਰਾਂ ਵਿਚ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਭਵਿੱਖ ਵਿਚ ਇਸ ਗਤੀ ਨੂੰ ਬਰਕਰਾਰ ਰੱਖਣ ਦਾ ਪ੍ਰਣ ਕੀਤਾ।
ਅਲੂਮਨੀ ਐਸੋਸੀਏਸ਼ਨ ਦੇ ਸਕੱਤਰ ਡਾ. ਪ੍ਰਭਜੋਧ ਸਿੰਘ ਸੰਧੂ ਨੇ ਆਰੰਭਕ ਸ਼ੈਸਨ ਵਿਚ ਸ਼ਾਮਿਲ ਹੋਣ ਲਈ ਸਭ ਦਾ ਧੰਨਵਾਦ ਕੀਤਾ। ਉਹਨਾਂ ਆਸ ਪ੍ਰਗਟਾਈ ਕਿ ਆਉਂਦੇ ਸਾਲਾਂ ਵਿਚ ਵੀ ਇਹ ਪਰੰਪਰਾ ਨਿਰੰਤਰ ਗਤੀਮਾਨ ਰਹੇਗੀ।
ਇਸ ਮੌਕੇ 1970 ਵਿਚ ਪੰਜ ਸਾਲਾਂ ਡਿਗਰੀ ਪ੍ਰੋਗਰਾਮ ਵਿਚ ਦਾਖਲ ਹੋਣ ਵਾਲੇ ਅਤੇ 1971 ਵਿਚ ਚਾਰ ਸਾਲਾ ਡਿਗਰੀ ਪ੍ਰੋਗਰਾਮ ਦਾ ਹਿੱਸਾ ਬਣੇ ਅਤੇ 1975 ਵਿਚ ਡਿਗਰੀ ਪੂਰੇ ਕਰਨ ਵਾਲੇ ਬੈਚ ਦੇ ਵਿਦਿਆਰਥੀਆਂ ਨੂੰ ਗੋਲਡਨ ਜੁਬਲੀ ਬੈਚ ਕਹਿ ਕੇ ਉਹਨਾਂ ਦਾ ਮਾਣ ਵਧਾਇਆ ਗਿਆ। ਇਸ ਮੌਕੇ ਇਸ ਬੈਚ ਦੇ ਵਿਦਿਆਰਥੀਆਂ ਨੇ ਰੰਗ-ਬਰੰਗੇ ਗੁਬਾਰੇ ਅਸਮਾਨ ਵੱਲ ਉਡਾਏ। ਅਲੂਮਨੀ ਐਸੋਸੀਏਸ਼ਨ ਦੇ ਵਿਦੇਸ਼ੀ ਮੈਂਬਰਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਹੋਇਆ।
ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਡਾ. ਸਰਦਾਰ ਸਿੰਘ ਜੌਹਲ, ਡਾ. ਬਿਕਰਮ ਸਿੰਘ ਗਿੱਲ, ਡਾ. ਗੁਰਚਰਨ ਸਿੰਘ ਢਿੱਲੋਂ, ਡਾ. ਸਤਿਬੀਰ ਸਿੰਘ ਗੋਸਲ, ਡਾ. ਕਿ੍ਰਪਾਲ ਸਿੰਘ ਔਲਖ, ਡਾ. ਐੱਸ ਐੱਸ ਚਾਹਲ, ਡਾ. ਨਛੱਤਰ ਸਿੰਘ ਮੱਲੀ, ਡਾ. ਜੈਰੂਪ ਸਿੰਘ, ਡਾ. ਡੀ ਐੱਸ ਚੀਮਾ, ਡਾ. ਬੀ ਐੱਮ ਸ਼ਰਮਾ, ਡਾ. ਬਲਦੇਵ ਸਿੰਘ ਢਿੱਲੋਂ ਪ੍ਰਮੁੱਖ ਹਨ।
ਕਾਲਜ ਨੂੰ ਮਾਇਕ ਇਮਦਾਦ ਪ੍ਰਦਾਨ ਕਰ ਵਾਲੇ ਸਾਬਕਾ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੀਆਂ ਜੇਤੂ ਟੀਮਾਂ ਅਤੇ ਰਾਸ਼ਟਰੀ ਪੱਧਰ ਤੇ ਪੁਰਸਕਾਰ ਜਿੱਤਣ ਵਾਲੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦਿੱਤੇ ਗਏ। ਰਾਸ਼ਟਰੀ ਪੱਧਰ ਤੇ ਵੱਖ-ਵੱਖ ਸੰਸਥਾਵਾਂ ਦੇ ਹਿੱਸਾ ਬਣਨ ਵਾਲੇ ਕਾਲਜ ਨਾਲ ਜੁੜੇ ਮਾਹਿਰਾਂ ਅਤੇ ਪਸਾਰ ਕਰਮੀਆਂ ਨੂੰ ਵੀ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ।
ਇਸ ਮੌਕੇ ਰਵਾਇਤੀ ਮਜ਼ਾਹੀਆ ਨਜ਼ਮਾਂ ਵੀ ਪੇਸ਼ ਕੀਤੀਆਂ ਗਈਆਂ। ਇਹ ਨਜ਼ਮਾਂ ਪੇਸ਼ ਕਰਨ ਵਾਲਿਆਂ ਵਿਚ ਡਾ. ਗੁਰਦੇਵ ਸਿੰਘ ਸੰਧੂ, ਡਾ. ਰਣਜੀਤ ਸਿੰਘ ਤਾਂਬੜ, ਡਾ. ਸਰਜੀਤ ਸਿੰਘ ਗਿੱਲ ਪ੍ਰਮੁੱਖ ਸਨ।
ਇਸ ਮੌਕੇ ਸਮੁੱਚੇ ਸਮਾਰੋਹ ਦਾ ਸੰਚਾਲਨ ਪਸਾਰ ਮਾਹਿਰ ਡਾ. ਮਨਮੀਤ ਕੌਰ ਨੇ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਕਈ ਪੜਾਵਾਂ ਵਿਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਿਨ੍ਹਾਂ ਵਿਚ ਲੋਕ ਗੀਤ, ਮੁਹਾਵਰੇਦਾਰ ਵਾਰਤਾਲਾਪ, ਸੋਲੋ ਨਾਚ, ਸਕਿੱਟ ਆਦਿ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸਾਬਕਾ ਵਿਦਿਆਰਥੀਆਂ ਲਈ ਵੱਖ-ਵੱਖ ਮੰਨੋਰੰਜਕ ਖੇਡਾਂ ਦਾ ਆਯੋਜਨ ਵੀ ਕੀਤਾ ਗਿਆ ਸੀ।
ਇਸ ਅਲੂਮਨੀ ਮੀਟ ਦਾ ਪਹਿਲਾ ਦਿਨ ਸਾਬਕਾ ਵਿਦਿਆਰਥੀਆਂ ਨੂੰ ਪੁਰਾਣੀਆਂ ਯਾਦਾਂ ਨਾਲ ਜੋੜਨ ਵਾਲਾ ਖੁਸ਼ੀ ਅਤੇ ਹੇਰਵੇ ਦੇ ਭਾਵਾਂ ਨਾਲ ਭਰਪੂਰ ਹੋ ਨਿਬੜਿਆ।