ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਦੇ ਯਤਨਾਂ ਸਦਕਾ ਬਠਿੰਡਾ ਵਿੱਚ8 ਤੋਂ 12 ਫਰਵਰੀ ਤੱਕ ਹੋਵੇਗਾ ਕੌਮਾਂਤਰੀ ਥੀਏਟਰ ਫੈਸਟੀਵਲ
ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2025:ਪੰਜਾਬ ਦੇ ਇਤਿਹਾਸਕ ਸ਼ਹਿਰ ਬਠਿੰਡਾ ਦਾ ਨਾਮ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਅਤੇ ਬਠਿੰਡਾ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਵਾਉਣ ਲਈ ਉਪਰਾਲੇ ਕਰ ਰਹੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਵੱਲੋਂ ਇੱਕ ਵਾਰ ਫਿਰ ਬਠਿੰਡਾ ਵਾਸੀਆਂ ਨੂੰ ਇਤਿਹਾਸਕ ਅਣਮੋਲ ਤੋਹਫ਼ਾ ਦਿੱਤਾ ਜਾ ਰਿਹਾ ਹੈ। ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਦੇ ਅਣਥੱਕ ਯਤਨਾਂ ਸਦਕਾ ਬਠਿੰਡਾ ਵਿੱਚ ਪਹਿਲੀ ਵਾਰ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਦੀ ਟੀਮ ਅਤੇ ਕਲਾਕਾਰਾਂ ਵੱਲੋਂ ਬਲਵੰਤ ਗਾਰਗੀ ਆਡੀਟੋਰੀਅਮ ਹਾਲ, ਬਠਿੰਡਾ ਵਿਖੇ 8 ਫਰਵਰੀ ਤੋਂ 12 ਫਰਵਰੀ ਤੱਕ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ ਕੀਤਾ ਜਾ ਰਿਹਾ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਨੈਸ਼ਨਲ ਸਕੂਲ ਆਫ ਡਰਾਮਾ, ਨਵੀਂ ਦਿੱਲੀ ਨੇ ਬਾਲੀਵੁੱਡ ਨੂੰ ਸ਼ਾਨਦਾਰ ਅਤੇ ਨਾਮਵਰ ਕਲਾਕਾਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਕਤ ਸਕੂਲ ਦੀ ਟੀਮ ਪਹਿਲੀ ਵਾਰ ਬਠਿੰਡਾ ਪਹੁੰਚ ਰਹੀ ਹੈ।
ਮਹਿਤਾ ਨੇ ਦੱਸਿਆ ਕਿ ਭਾਰਤ ਰੰਗ ਮਹੋਤਸਵ ਸਾਲ 1999 ਵਿੱਚ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਦੁਆਰਾ ਚਲਾਏ ਜਾ ਰਹੇ ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ 25 ਸਾਲ ਪੂਰੇ ਹੋਣ 'ਤੇ ਦਿੱਲੀ ਸਮੇਤ ਭਾਰਤ ਦੇ 11 ਰਾਜਾਂ ਦੇ 11 ਸ਼ਹਿਰਾਂ ਤੋਂ ਇਲਾਵਾ ਕੋਲੰਬੀਆ ਸ਼੍ਰੀਲੰਕਾ ਅਤੇ ਕਾਠਮਾਂਡੂ ਨੇਪਾਲ ਵਿੱਚ ਭਾਰਤ ਰੰਗ ਮਹੋਤਸਵ ਦਾ ਆਯੋਜਨ 28 ਜਨਵਰੀ 2025 ਤੋਂ 16 ਫਰਵਰੀ 2025 ਤੱਕ ਕੀਤਾ ਜਾਵੇਗਾ, ਜਿਸ ਵਿੱਚ ਲਗਭਗ 200 ਨਾਟਕ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇਤਿਹਾਸਕ ਸ਼ਹਿਰ ਬਠਿੰਡਾ ਦਾ ਨਾਂ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਨੈਸ਼ਨਲ ਸਕੂਲ ਆਫ਼ ਡਰਾਮਾ ਆਪਣੀ ਸਥਾਪਨਾ ਦੇ 65 ਸਾਲ ਅਤੇ ਇੱਕ ਖੁਦਮੁਖਤਿਆਰ ਸੰਸਥਾ ਵਜੋਂ 50 ਸਾਲ ਪੂਰੇ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ 8 ਫਰਵਰੀ ਤੋਂ 12 ਫਰਵਰੀ 2025 ਤੱਕ ਬਲਵੰਤ ਸਿੰਘ ਗਾਰਗੀ ਆਡੀਟੋਰੀਅਮ ਹਾਲ ਬਠਿੰਡਾ ਵਿਖੇ ਰੋਜ਼ਾਨਾ ਸ਼ਾਮ 6:30 ਵਜੇ ਕਰਵਾਏ ਜਾਣ ਵਾਲੇ ਇੰਨਾ ਸਮਾਗਮ ਵਿੱਚ ਨਗਰ ਨਿਗਮ ਬਠਿੰਡਾ ਸਹਿਯੋਗ ਦੇ ਰਿਹਾ ਹੈ। ਇਸ ਦੌਰਾਨ ਕਲਾਕਾਰਾਂ ਅਤੇ ਪ੍ਰਬੰਧਕਾਂ ਦੀ ਟੀਮ ਦੀ ਰਿਹਾਇਸ਼, ਖਾਣੇ ਅਤੇ ਆਵਾਜਾਈ ਦੇ ਪ੍ਰਬੰਧ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਅਤੇ ਨਗਰ ਨਿਗਮ ਬਠਿੰਡਾ ਦੇ ਸਹਾਇਕ ਕਮਿਸ਼ਨਰ ਜਸਪਾਲ ਸਿੰਘ ਵੱਲੋਂ ਕੀਤੇ ਗਏ ਹਨ। ਉਕਤ ਸਮਾਗਮ ਵਿੱਚ ਦੇਸ਼ ਦੇ ਪ੍ਰਸਿੱਧ ਨਿਰਦੇਸ਼ਕਾਂ ਅਤੇ ਅਦਾਕਾਰਾਂ ਦੇ 5 ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਜਿਸ ਵਿੱਚ ਦਰਸ਼ਕਾਂ ਲਈ ਐਂਟਰੀ ਮੁਫ਼ਤ ਰੱਖੀ ਗਈ ਹੈ। ਇਸ ਸਮਾਰੋਹ ਦਾ ਸ਼ੁਭ ਆਰੰਭ 8 ਫਰਵਰੀ ਦੀ ਸ਼ਾਮ 6 ਵਜੇ ਬਲਵੰਤ ਗਾਰਗੀ ਆਡੀਟੋਰੀਅਮ ਹਾਲ, ਬਠਿੰਡਾ ਵਿੱਚ ਮੁੰਬਈ, ਮਹਾਰਾਸ਼ਟਰ ਦੇ ਨਾਟਕ ਦਲ ਵੱਲੋਂ ਰੰਗਮੰਚ ਦੇ ਪ੍ਰਸਿੱਧ ਨਿਦੇਸ਼ਕ ਸ਼੍ਰੀ ਵਿਜੇ ਕੁਮਾਰ ਵੱਲੋਂ ਨਿਰਦੇਸ਼ਤ ਹਿੰਦੀ ਨਾਟਕ 5 ਅਗਸਤ 1947 (ਅੰਤਿਮ ਰਾਤ) ਦੇ ਮੰਚਨ ਨਾਲ ਕੀਤਾ ਜਾਵੇਗਾ, ਜਿਸ ਵਿੱਚ ਮੁੱਖ ਭੂਮਿਕਾ ਰੰਗਮੰਚ ਤੇ ਫ਼ਿਲਮ ਸਟਾਰ ਸ਼੍ਰੀ ਰਾਜਿੰਦਰ ਗੁਪਤਾ ਵੱਲੋਂ ਨਿਭਾਈ ਗਈ ਹੈ।
ਦੂਜੇ ਦਿਨ 9 ਫਰਵਰੀ ਦੀ ਸ਼ਾਮ 6:30 ਵਜੇ, ਬੰਗਾਲ ਦੇ ਨਾਟਕ ਦਲ ਦਾ ਪ੍ਰਸਿੱਧ ਨਾਟਕ "ਅਭਿਜਾਨ" ਖੇਡਿਆ ਜਾਵੇਗਾ, ਜਿਸ ਨੂੰ ਬੰਗਾਲ ਦੇ ਪ੍ਰਸਿੱਧ ਨਿਰਦੇਸ਼ਕ ਸ੍ਰੀ ਦੇਵ ਆਸ਼ੀਸ਼ ਚਕ੍ਰਵਰਤੀ ਨੇ ਨਿਰਦੇਸ਼ਤ ਕੀਤਾ ਹੈ। ਤੀਜ਼ੇ ਦਿਨ 10 ਫਰਵਰੀ ਨੂੰ ਦੇਸ਼ ਦੇ ਪ੍ਰਸਿੱਧ ਲੇਖਕ ਸ਼੍ਰੀ ਹਰੀ ਸੰਕਰ ਪਰਸਾਈ ਜੀ ਦੀ 100ਵੀਂ ਜਨਮ ਸ਼ਤਾਬਦੀ ਦੇ ਮੌਕੇ 'ਤੇ ਉਨ੍ਹਾਂ ਦੀ ਪ੍ਰਸਿੱਧ ਰਚਨਾ ਉਤੇ ਆਧਾਰਿਤ ਹਿੰਦੀ ਨਾਟਕ "ਰਾਣੀ ਨਾਗਫਨੀ ਦੀ ਕਹਾਣੀ" ਦਾ ਮੰਚਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਨਾਟਕ ਨੂੰ ਦਿੱਲੀ ਦੇ ਨਾਟਕ ਦਲ ਵੱਲੋਂ ਖੇਡਿਆ ਜਾਵੇਗਾ, ਜਿਸ ਨੂੰ ਰੰਗਮੰਚ ਦੇ ਪ੍ਰਸਿੱਧ ਨਿਰਦੇਸ਼ਕ ਅਤੇ ਅਦਾਕਾਰ ਸ਼੍ਰੀ ਸੁਰਿੰਦਰ ਸ਼ਰਮਾਂ ਜੀ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। 11 ਫਰਵਰੀ ਨੂੰ ਚੌਥੇ ਦਿਨ ਅਸਮ ਦਾ ਪ੍ਰਸਿੱਧ ਨਾਟਕ "ਫੋਨਿਕਸ ਪੋਖੀ" ਖੇਡਿਆ ਜਾਵੇਗਾ, ਜਿਸ ਨੂੰ ਅਸਮ ਦੇ ਹੀ ਪ੍ਰਸਿੱਧ ਨਿਰਦੇਸ਼ਕ ਸ੍ਰੀ ਅਸੀਮ ਕੁਮਾਰ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ।
ਪੀਸੀਏ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਦੱਸਿਆ ਕਿ ਸਮਾਰੋਹ ਦੇ ਪੰਜਵੇਂ ਅਤੇ ਆਖਰੀ ਦਿਨ 12 ਫਰਵਰੀ ਨੂੰ ਮੁੰਬਈ ਮਹਾਰਾਸ਼ਟਰ ਦੇ ਨਾਟਕ ਦਲ ਵੱਲੋਂ ਪ੍ਰਸਿੱਧ ਨਾਟਕ "ਸੁਪਨਲੋਕ" ਦਾ ਮੰਚਨ ਕੀਤਾ ਜਾਵੇਗਾ, ਜਿਸ ਨੂੰ ਮਹਾਰਾਸ਼ਟਰ ਦੇ ਪ੍ਰਸਿੱਧ ਨਿਰਦੇਸ਼ਕ ਸਾਹਿਬ ਨਿਤੀਸ਼ ਨੇ ਨਿਰਦੇਸ਼ਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਨਾਟਕ ਤੋਂ ਤੁਰੰਤ ਬਾਅਦ ਆਡੀਟੋਰੀਅਮ ਹਾਲ ਵਿੱਚ ਨਿਰਦੇਸ਼ਕ ਮੀਟ ਕਰਵਾਈ ਜਾਏਗੀ ਜਿਸ ਦੇ ਤਹਿਤ ਨਿਰਦੇਸ਼ਕ ਅਤੇ ਅਭਿਨੇਤਾ ਦੀ ਸਿੱਧੀ ਗੱਲ ਦਰਸ਼ਕਾਂ ਨਾਲ ਕਰਵਾਈ ਜਾਵੇਗੀ। ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਠਿੰਡਾ ਵਿੱਚ ਇਸ ਇਤਿਹਾਸਕ ਥੀਏਟਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਪੰਜਾਬੀ ਅਤੇ ਭਾਰਤੀ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਇਸ ਥੀਏਟਰ ਸਮਾਰੋਹ ਵਿੱਚ ਦਾਖਲੇ ਲਈ ਮੁਫਤ ਪਾਸ ਦਾ ਪ੍ਰਬੰਧ ਕੀਤਾ ਗਿਆ ਹੈ।