ਪਟਿਆਲਾ ਹੈਰੀਟੇਜ ਫੈਸਟੀਵਲ ਦੇ ਆਗਾਜ਼ ਨੇ ਨੇਚਰ ਵਾਕ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਰਲ ਕੇ ਹੰਭਲਾ ਮਾਰਨ ਦਾ ਦਿੱਤਾ ਸੱਦਾ
- ਵਾਤਾਵਰਣ ਵੀ ਸਾਡੀ ਵਿਰਾਸਤ ਦਾ ਅਹਿਮ ਹਿੱਸਾ, ਆਉਣ ਵਾਲੀਆਂ ਪੀੜੀਆਂ ਨੂੰ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਸਾਡੀ ਜ਼ਿੰਮੇਵਾਰੀ : ਡਾ. ਪ੍ਰੀਤੀ ਯਾਦਵ
- ਡੀ.ਸੀ. ਨੇ ਬੂਟਾ ਲਗਾਉਂਦਿਆਂ ਕਿਹਾ ਰੁੱਖ ਲਗਾਉਣ ਦੇ ਨਾਲ ਨਾਲ ਬੂਟਿਆਂ ਦੀ ਸੰਭਾਲ ਵੀ ਜ਼ਰੂਰੀ
- ਪਟਿਆਲਵੀਂਆਂ ਨੂੰ ਪਟਿਆਲਾ ਹੈਰੀਟੇਜ ਫੈਸਟੀਵਲ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ
ਪਟਿਆਲਾ, 13 ਫਰਵਰੀ 2025 - ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਅੱਜ ਨੇਚਰ ਵਾਕ ਨਾਲ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਵਾਤਾਵਰਣ ਦੀ ਸੁਰੱਖਿਆ ਲਈ ਸਭ ਨੂੰ ਰਲ ਕੇ ਹੰਭਲਾ ਮਾਰਨ ਦਾ ਸੁਨੇਹਾ ਦਿੱਤਾ। ਅੱਜ ਇਨਵਾਇਰਨਮੈਂਟ ਪਾਰਕ, ਵਿਖੇ ਪੰਜਾਬ ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਸਹਿਯੋਗ ਨਾਲ ਕਰਵਾਏ ਜਾ ਰਹੇ ਹੈਰੀਟੇਜ ਫੈਸਟੀਵਲ ਦੇ ਪਹਿਲੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੱਡੀ ਗਿਣਤੀ 'ਚ ਮੌਜੂਦ ਸ਼ਹਿਰ ਵਾਸੀਆਂ ਤੇ ਸਕੂਲੀ ਵਿਦਿਆਰਥੀਆਂ ਦੀ ਹਾਜ਼ਰੀ 'ਚ ਨੇਚਰ ਵਾਕ ਨਾਲ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨੇਚਰ ਵਾਕ ਦੇ ਨੋਡਲ ਅਫ਼ਸਰ ਐਸ.ਡੀ.ਐਮ. ਪਟਿਆਲਾ ਗੁਰਦੇਵ ਸਿੰਘ ਧਮ ਵੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਸ਼ਹਿਰ ਵਾਸੀਆਂ ਨਾਲ ਨੇਚਰ ਵਾਕ 'ਚ ਹਿੱਸਾ ਲੈਂਦਿਆਂ ਕਿਹਾ ਕਿ ਹੈਰੀਟੇਜ ਫੈਸਟੀਵਲ ਮਨਾਉਣ ਦਾ ਮੁੱਖ ਮਕਸਦ ਆਪਣੀ ਵਿਰਾਸਤ ਨੂੰ ਸੰਭਾਲਣਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਸਾਡੀ ਵਿਰਾਸਤ ਦਾ ਅਹਿਮ ਹਿੱਸਾ ਹੈ, ਇਸੇ ਲਈ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਨੇਚਰ ਵਾਕ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਲਮੀ ਤਪਸ ਦੇ ਪ੍ਰਭਾਵ ਸਾਨੂੰ ਸਹਿਜੇ ਹੀ ਦਿਖਾਈ ਦੇ ਰਹੇ ਹਨ, ਜੇਕਰ ਅਸੀਂ ਵਾਤਾਵਰਣ ਪ੍ਰਤੀ ਹਾਲੇ ਵੀ ਸੁਚੇਤ ਨਾ ਹੋਏ ਤਾਂ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ, ਇਸ ਲਈ ਹਰੇਕ ਵਿਅਕਤੀ ਲਈ ਰੁੱਖ ਲਗਾਉਣ ਜਿਨ੍ਹਾਂ ਜ਼ਰੂਰੀ ਹੈ, ਉਨ੍ਹਾਂ ਹੀ ਲੱਗੇ ਰੁੱਖਾਂ ਦੀ ਸੰਭਾਲ ਕਰਨਾ ਵੀ ਮਹੱਤਵਪੂਰਨ ਹੈ। ਉਨ੍ਹਾਂ ਪਟਿਆਲਵੀਂਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਰਲ ਕੇ ਹੰਭਲਾ ਮਾਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੀ ਤੰਦਰੁਸਤੀ ਲਈ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਮਾਂ ਕੁਦਰਤ ਨਾਲ ਜੁੜਿਆਂ ਜਾਵੇ ਅਤੇ ਆਪਣੇ ਲਈ ਕੁਝ ਸਮਾਂ ਕੱਢ ਕੇ ਸਰੀਰਕ ਤੰਦਰੁਸਤੀ ਲਈ ਸੈਰ ਨੂੰ ਆਪਣੇ ਦਿਨ ਭਰ ਦੀ ਰੁਟੀਨ ਦਾ ਅਹਿਮ ਹਿੱਸਾ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਰੁੱਖ ਲਗਾ ਕੇ ਸਭਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਵੀ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਪਟਿਆਲਾ ਵਾਸੀਆਂ ਨੂੰ ਪਰਿਵਾਰਾਂ ਸਮੇਤ ਹੈਰੀਟੇਜ ਫੈਸਟੀਵਲ ਦਾ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਫੈਸਟੀਵਲ 'ਚ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ 'ਚ ਆਪਣੀ ਅਮੀਰ ਵਿਰਾਸਤ ਦੇ ਵੱਖੋ ਵੱਖ ਰੰਗ ਪੇਸ਼ ਕੀਤੇ ਜਾ ਰਹੇ, ਜੋ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਆਪਣੀ ਅਮੀਰ ਵਿਰਾਸਤ ਦੇ ਗੌਰਵ ਮਹਿਸੂਸ ਕਰਵਾਉਣਗੇ।
ਇਸ ਮੌਕੇ ਕੌਂਸਲਰ ਜਸਵੀਰ ਸਿੰਘ ਗਾਂਧੀ, ਤਹਿਸੀਲਦਾਰ ਕੁਲਦੀਪ ਸਿੰਘ, ਵਣ ਰੇਂਜ ਅਫ਼ਸਰ ਸਵਰਨ ਸਿੰਘ ਜਵੰਦਾ, ਗੱਜਣ ਸਿੰਘ, ਫਰੈਂਡਜ਼ ਆਫ਼ ਇਨਵਾਇਰਨਮੈਂਟ ਪਾਰਕ ਦੇ ਮੈਂਬਰ ਸੁਖਦੇਵ ਸਿੰਘ ਵਿਰਕ, ਜਸਵਿੰਦਰ ਸਿੰਘ ਟਿਵਾਣਾ, ਕਰਤਾਰ ਸਿੰਘ ਸੰਧੂ, ਰਮਜ਼ਾਨ ਢਿੱਲੋਂ, ਐਡਵੋਕੇਟ ਜੇ.ਐਸ. ਜਿੰਦੂ, ਧਨਵੰਤ ਰਾਏ, ਇੰਦਰਜੀਤ ਸਿੰਘ ਨਾਗਪਾਲ, ਵਿਜੈ ਸਿੰਘੀ, ਡਾ. ਅਨਿਲ ਗਰਗ, ਐਡਵੋਕੇਟ ਬਲਬੀਰ ਸਿੰਘ ਬਲਿੰਗ ਸਮੇਤ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵੱਡੀ ਗਿਣਤੀ ਵਿਦਿਆਰਥੀ ਮੌਜੂਦ ਸਨ।