ਪਟਿਆਲਾ ਹੈਰੀਟੇਜ ਫੈਸਟੀਵਲ: ਇਤਿਹਾਸਕ ਨਾਟਕ 'ਸਰਹਿੰਦ ਦੀ ਦੀਵਾਰ' ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ
- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਾ ਹੈ ਨਾਟਕ 'ਸਰਹਿੰਦ ਦੀ ਦੀਵਾਰ'-ਡੀ.ਆਈ.ਜੀ ਮਨਦੀਪ ਸਿੰਘ ਸਿੱਧੂ
- ਪਟਿਆਲਾ ਹੈਰੀਟੇਜ ਫੈਸਟੀਵਲ ਨਵੀਂ ਪੀੜ੍ਹੀ ਨੂੰ ਅਮੀਰ ਵਿਰਾਸਤ ਨਾਲ ਜੋੜਨ ਦਾ ਅਹਿਮ ਉਪਰਾਲਾ-ਡਾ. ਪ੍ਰੀਤੀ ਯਾਦਵ
ਪਟਿਆਲਾ, 13 ਫਰਵਰੀ 2025 - ਪਟਿਆਲਾ ਹੈਰੀਟੇਜ ਫੈਸਟੀਵਲ-2025 ਦੀ ਪਹਿਲੀ ਸ਼ਾਮ ਇੱਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਪ੍ਰਸਿੱਧ ਅਦਾਕਾਰਾ ਪਦਮਸ੍ਰੀ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਦੀ ਅਹਿਮ ਭੂਮਿਕਾ ਵਾਲੇ ਤੇ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਮਰਹੂਮ ਹਰਪਾਲ ਟਿਵਾਣਾ ਵੱਲੋਂ ਲਿਖੇ ਇਤਿਹਾਸਕ ਨਾਟਕ 'ਸਰਹਿੰਦ ਦੀ ਦੀਵਾਰ' ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੌਰਾਨ ਸੂਰਬੀਰ ਯੋਧਿਆਂ ਦੀਆਂ ਗਾਥਾਵਾਂ ਦੀ ਗੱਲ ਕਰਦੇ ਇਸ ਇਤਿਹਾਸਿਕ ਨਾਟਕ 'ਸਰਹਿੰਦ ਦੀ ਦੀਵਾਰ' ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜ਼ਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕੀਤਾ ਹੈ।
ਇਸ ਮੌਕੇ ਡੀ.ਆਈ.ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹ ਨਾਟਕ ਦਰਸ਼ਕਾਂ ਨੂੰ ਇਸ ਤਰ੍ਹਾਂ ਮਹਿਸੂਸ ਕਰਵਾ ਕੇ ਗਿਆ ਹੈ, ਜਿਵੇਂ ਇਤਿਹਾਸਕ ਸਾਕਾ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ ਹੋਵੇ। ਇਸ ਨਾਟਕ ਦੀ ਸ਼ੁਰੂਆਤ ਦੀਪ ਜਗਾ ਕੇ ਕਰਨ ਮਗਰੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਦਾ ਸ਼ਲਾਘਾਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਈਨ ਨਹੀਂ ਮੰਨੀ ਸਗੋਂ ਹੱਕ, ਸੱਚ ਤੇ ਧਰਮ ਲਈ ਡਟੇ ਰਹੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਨਾਟਕ ਦੇ ਰੂਪ 'ਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨਾ ਅਤੇ ਸਾਡੀ ਨਵੀਂ ਪੀੜ੍ਹੀ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਨਾ ਜ਼ਿਲ੍ਹਾ ਪ੍ਰਸ਼ਾਸਨ ਦਾ ਸ਼ਲਾਘਾਯੋਗ ਉਪਰਾਲਾ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਗੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਸਾਂਭ-ਸੰਭਾਲ ਦੇ ਖੇਤਰ ਵਿੱਚ ਸ਼ਾਨਦਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਪੂਰੇ ਪੰਜਾਬ ਵਿੱਚ ਅਜਿਹੇ ਮੇਲੇ ਲਗਾਏ ਜਾ ਰਹੇ ਹਨ, ਜਿਸ ਨਾਲ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ। ਇਸ ਸਮਾਗਮ ਦੇ ਨੋਡਲ ਅਫ਼ਸਰ ਪੀਡੀਏ ਦੇ ਏਸੀਏ ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਇਸ ਨਾਟਕ ਵਿੱਚ ਅੱਜ ਨਿਰਮਲ ਰਿਸ਼ੀ ਤੇ ਮਨਪਾਲ ਟਿਵਾਣਾ ਸਮੇਤ ਕਰੀਬ ਦੋ ਦਰਜਨ ਅਦਾਕਾਰਾਂ ਨੇ ਆਪਣੀ ਭੂਮਿਕਾ ਨਿਭਾਈ ਤੇ ਤਕਨੀਕੀ ਨਿਰਦੇਸ਼ਣ ਵਿਕਾਸ ਜੁਨੇਜਾ ਨੇ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ 59 ਸਾਲਾਂ ਤੋਂ ਇਹ ਨਾਟਕ ਦੇਸ਼-ਵਿਦੇਸ਼ ਵਿੱਚ ਸਫ਼ਲਤਾ ਪੂਰਵਕ ਖੇਡਿਆ ਜਾ ਰਿਹਾ ਹੈ, ਇਸ ਵਿੱਚ ਹਿੰਦੀ ਅਤੇ ਪੰਜਾਬੀ ਫਿਲਮਾਂ ਦੇ ਮਹਾਨ ਕਲਾਕਾਰ ਜਿਨ੍ਹਾਂ ਵਿੱਚ ਸਵਰਗਵਾਸੀ ਓਮਪੁਰੀ, ਰਾਜ ਬੱਬਰ, ਗਿਰਜਾ ਸ਼ੰਕਰ, ਨੀਨਾ ਟਿਵਾਣਾ, ਨਿਰਮਲ ਰਿਸ਼ੀ, ਸਰਦਾਰ ਸੋਹੀ ਵੀ ਸਮੇਂ ਸਮੇਂ ਸਿਰ ਇਸ ਨਾਟਕ ਦਾ ਹਿੱਸਾ ਰਹੇ ਹਨ।
ਜਿਕਰਯੋਗ ਹੈ ਕਿ ਇਹ ਨਾਟਕ ਪੰਜਾਬੀ ਰੰਗਮੰਚ ਦੇ ਬਾਬਾ ਬੋਹੜ ਹਰਪਾਲ ਟਿਵਾਣਾ ਵੱਲੋਂ ਲਿਖਿਆ ਗਿਆ ਤੇ ਇਸ ਨਾਟਕ ਦਾ ਸੰਗੀਤ ਗਜ਼ਲ ਸਮਰਾਟ ਪਦਮ ਵਿਭੂਸ਼ਣ ਜਗਜੀਤ ਸਿੰਘ ਨੇ ਦਿੱਤਾ ਹੈ ਤੇ ਸ਼ਬਦ ਗਾਇਨ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਕੀਤਾ ਹੈ। ਇਹ ਪੰਜਾਬੀ ਦਾ ਇਕਲੌਤਾ ਨਾਟਕ ਹੈ ਜਿਸ ਦਾ ਮਿਊਜਿਕ ਟਰੈਕ ਵਿਸ਼ਵ ਪ੍ਰਸਿੱਧ ਕੰਪਨੀ ਸੋਨੀ ਨੇ 'ਮਿੱਤਰ ਪਿਆਰੇ ਨੂੰ' ਦੇ ਟਾਈਟਲ ਹੇਠ ਰਿਲੀਜ਼ ਕੀਤਾ।
ਇਸ ਸਮਾਗਮ ਦੌਰਾਨ ਨੀਨਾ ਟਿਵਾਣਾ, ਸੀਏ ਪੀਡੀਏ ਮਨੀਸ਼ਾ ਰਾਣਾ, ਐਸ.ਪੀ. ਵੈਬਵ ਚੌਧਰੀ, ਸਹਾਇਕ ਕਮਿਸ਼ਨਰ ਰਿਚਾ ਗੋਇਲ, ਪੀਡੀਏ ਦੇ ਅਧਿਕਾਰੀ, ਹੌਬੀ ਧਾਲੀਵਾਲ, ਸਾਬਕਾ ਆਈਏਐਸ ਅੰਮ੍ਰਿਤ ਕੌਰ ਸ਼ੇਰਗਿੱਲ, ਮਨਜੀਤ ਸਿੰਘ ਨਾਰੰਗ, ਕਰਨਲ ਕਰਮਿੰਦਰ ਸਿੰਘ, ਅਵਤਾਰ ਅਰੋੜਾ, ਪੁਸ਼ਵੰਤ ਸਿੰਘ ਗਰੇਵਾਲ ਸਮੇਤ ਹੋਰ ਸ਼ਖ਼ਸੀਅਤਾਂ ਅਤੇ ਪਤਵੰਤੇ ਮੌਜੂਦ ਸਨ।