ਦੋਰਾਹਾ ਰੇਲਵੇ ਓਵਰਬ੍ਰਿਜ ਪ੍ਰੋਜੈਕਟ ਦੇ ਟੈਂਡਰਿੰਗ ਲਗਭਗ ਮੁਕੰਮਲ, ਕੰਮ ਜਲਦੀ ਸ਼ੁਰੂ ਹੋਵੇਗਾ - ਡਾ. ਅਮਰ ਸਿੰਘ
ਰਵਿੰਦਰ ਸਿੰਘ ਢਿੱਲੋਂ
ਖੰਨਾ, 13 ਫਰਵਰੀ 2025 - ਡਾ. ਅਮਰ ਸਿੰਘ ਐਮਪੀ ਸ਼੍ਰੀ ਫਤਿਹਗੜ੍ਹ ਸਾਹਿਬ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਰੇਲ ਮੰਤਰੀ ਅਤੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਹਿਲਾਂ ਹੀ ਪ੍ਰਵਾਨਿਤ ਦੋਰਾਹਾ ਰੇਲਵੇ ਓਵਰਬ੍ਰਿਜ ਪ੍ਰੋਜੈਕਟ ਦੀ ਸ਼ੁਰੂਆਤ ਸੰਬੰਧੀ ਵਿਸਥਾਰਤ ਮੀਟਿੰਗ ਕੀਤੀ। ਡਾ. ਸਿੰਘ ਨੂੰ ਦੱਸਿਆ ਗਿਆ ਕਿ ਪ੍ਰੋਜੈਕਟ ਲਈ ਟੈਂਡਰਿੰਗ ਪ੍ਰਕਿਰਿਆ ਲਗਭਗ ਪੂਰੀ ਹੋ ਗਈ ਹੈ ਅਤੇ ਕੰਮ ਜਲਦੀ ਹੀ ਸਬੰਧਤ ਠੇਕੇਦਾਰ ਨੂੰ ਅਲਾਟ ਕਰ ਦਿੱਤਾ ਜਾਵੇਗਾ।
ਮਨਜ਼ੂਰਸ਼ੁਦਾ ਦੋਰਾਹਾ ਰੇਲਵੇ ਓਵਰਬ੍ਰਿਜ ਪ੍ਰੋਜੈਕਟ 70 ਕਰੋੜ ਰੁਪਏ ਦਾ ਹੈ ਅਤੇ ਇਹ ਚਾਰ ਮਾਰਗੀ ਹੋਵੇਗਾ। ਮੀਟਿੰਗ ਦੌਰਾਨ ਡਾ. ਅਮਰ ਸਿੰਘ ਨੇ ਮੰਤਰੀ ਨੂੰ ਦਹੇਰੂ ਅਤੇ ਚਾਵਾ ਪਾਇਲ-ਦੋਰਾਹਾ ਰੇਲਵੇ ਲਾਈਨ 'ਤੇ ਰੇਲਵੇ ਓਵਰਬ੍ਰਿਜਾਂ ਨੂੰ ਮਨਜ਼ੂਰੀ ਦੇਣ ਦੀ ਬੇਨਤੀ ਵੀ ਕੀਤੀ। ਮੰਤਰੀ ਨੇ ਵਾਅਦਾ ਕੀਤਾ ਕਿ ਦੋਰਾਹਾ ਪ੍ਰੋਜੈਕਟ ਦੀ ਮਹੱਤਤਾ ਨੂੰ ਦੇਖਦੇ ਹੋਏ ਇਸਨੂੰ ਜਲਦੀ ਅਤੇ ਸਮਾਂਬੱਧ ਢੰਗ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਦਹੇਰੂ ਅਤੇ ਚਾਵਾ ਪਾਇਲ-ਦੋਰਾਹਾ ਰੇਲ ਲਾਈਨ 'ਤੇ ਰੇਲਵੇ ਓਵਰਬ੍ਰਿਜਾਂ ਦੀ ਜ਼ਰੂਰਤ ਨੂੰ ਵੀ ਜਲਦੀ ਹੀ ਮਨਜ਼ੂਰੀ ਦੇ ਦਿੱਤੀ ਜਾਵੇਗੀ।