ਡੀ ਸੀ ਆਸ਼ਿਕਾ ਜੈਨ ਨੇ ਲਾਲੜੂ ਨਗਰ ਕੌਂਸਲ ਖੇਤਰ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਦਾ ਜਾਇਜ਼ਾ ਲਿਆ
ਹਰਜਿੰਦਰ ਸਿੰਘ ਭੱਟੀ
- ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਅਨੁਸਾਰ ਕਬਜ਼ੇ ਹਟਾਉਣ ਦੇ ਹੁਕਮ
- ਕਬਜ਼ੇ ਹਟਵਾਉਣ ਲਈ ਐਮ.ਸੀ ਨੂੰ ਪੁਲਿਸ ਦੀ ਮਦਦ ਲੈਣ ਲਈ ਕਿਹਾ
- ਜ਼ਿਲ੍ਹੇ ਦੀਆਂ ਸਾਰੀਆਂ ਸ਼ਹਿਰੀ ਸੰਸਥਾਵਾਂ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਕੇ ਕੀਤੇ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਨੂੰ ਗੰਭੀਰਤਾ ਨਾਲ ਲੈਣ
ਐਸ.ਏ.ਐਸ.ਨਗਰ, 06 ਫਰਵਰੀ, 2025: ਲਾਲੜੂ ਨਗਰ ਕੌਂਸਲ ਖੇਤਰ ਵਿੱਚ ਨਗਰ ਕੌਂਸਲ ਦੀ ਜ਼ਮੀਨ ’ਤੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਬਿਲਡਿੰਗ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਉਸਾਰੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਗਰ ਕੌਂਸਲ ਨੂੰ ਬਿਨਾਂ ਕਿਸੇ ਦੇਰੀ ਤੋਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਕਾਰਜ ਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਅਤੇ ਸਹਾਇਕ ਮਿਉਂਸਪਲ ਇੰਜਨੀਅਰ ਹਰਦੀਪ ਸਿੰਘ ਨਾਲ ਨਜਾਇਜ਼ ਕਬਜ਼ਿਆਂ ਦੇ ਮੁੱਦੇ ਦਾ ਜਾਇਜ਼ਾ ਲੈਂਦਿਆਂ, ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸ਼ਹਿਰੀ ਲੋਕਲ ਬਾਡੀਜ਼ ਬਿਲਡਿੰਗ ਬਾਈ-ਲਾਜ਼ ਬਾਈਪਾਸ ਕਰਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਅਤੇ ਉਸਾਰੀਆਂ ਨੂੰ ਗੰਭੀਰਤਾ ਨਾਲ ਲੈਣ, ਨਹੀਂ ਤਾਂ, ਕਬਜ਼ਿਆਂ/ਗੈਰ-ਕਾਨੂੰਨੀ ਉਸਾਰੀ ਵੱਲ ਅੱਖਾਂ ਬੰਦ ਕਰਕੇ ਰੱਖਣ ਲਈ ਡਿਊਟੀ ਵਿੱਚ ਢਿੱਲ ਲਈ ਐੱਮ ਸੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕਬਜ਼ਿਆਂ ਅਤੇ ਨਜਾਇਜ਼ ਉਸਾਰੀਆਂ ਕਾਰਨ ਭਵਿੱਖ ਵਿੱਚ ਆਮ ਲੋਕਾਂ ਲਈ ਗੰਭੀਰ ਸਮੱਸਿਆ ਪੈਦਾ ਹੋ ਸਕਦੀ ਹੈ ਅਤੇ ਸਰਕਾਰੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ਿਆਂ ਜਾਂ ਨਕਸ਼ਿਆਂ ਲਈ ਨੋਟੀਫਾਈਡ ਫੀਸ ਅਦਾ ਨਾ ਕਰਨ ਨਾਲ ਰਾਜ ਦੇ ਮਾਲੀਏ ਨੂੰ ਵੀ ਨੁਕਸਾਨ ਪਹੁੰਚਦਾ ਹੈ।
ਉਨ੍ਹਾਂ ਨਗਰ ਕੌਂਸਲ ਨੂੰ ਪੁਲੀਸ ਦੀ ਮਦਦ ਲੈਣ ਦੇ ਨਾਲ-ਨਾਲ ਉਪ ਮੰਡਲ ਮੈਜਿਸਟਰੇਟ ਤੋਂ ਜ਼ਿਲ੍ਹਾ ਮੈਜਿਸਟਰੇਟ ਨਿਯੁਕਤ ਕਰਵਾ ਕੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲਾਲੜੂ ਵਿੱਚ ਛੱਪੜ ਦੀ ਜ਼ਮੀਨ ਖਾਲੀ ਕਰਵਾ ਕੇ ਪਾਰਕ ਜਾਂ ਖੇਡ ਮੈਦਾਨ ਵਿੱਚ ਤਬਦੀਲ ਕਰਨ ਲਈ ਉਤਸ਼ਾਹਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਕੀ ਨਗਰ ਕੌਂਸਲਾਂ ਨੂੰ ਵੀ ਆਪਣੇ ਇਲਾਕਿਆਂ ਨੂੰ ਨਜਾਇਜ਼ ਕਬਜ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਧਿਆਨ ਦੇਣਾ ਚਾਹੀਦਾ ਹੈ।