ਕੈਮਿਸਟਾਂ ਵੱਲੋਂ ਇੱਕ ਦਿਨ ਵਿੱਚ 60 ਹਜ਼ਾਰ ਯੂਨਿਟ ਖੂਨ ਇੱਕਤਰ ਕਰਕੇ ਵਿਸ਼ਵ ਰਿਕਾਰਡ ਕਾਇਮ
ਅਸ਼ੋਕ ਵਰਮਾ
ਬਠਿੰਡਾ, 6 ਫਰਵਰੀ 2025 : ਆਲ ਇੰਡੀਆ ਆਰਗੇਨਾਈਜੇਸ਼ਨ ਆਫ ਕੈਮਿਸਟ੍ਸ ਐਂਡ ਡਰੱਗਿਸਟ੍ਸ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਕੈਮਿਸਟਾਂ ਨੇ 24 ਘੰਟਿਆਂ ਵਿੱਚ ਸਭ ਤੋਂ ਵੱਧ ਖੂਨ ਦਾਨ ਕਰਕੇ ਗਿਨੀਜ਼ ਵਰਲਡ ਰਿਕਾਰਡ ਬਣਾਉਂਦਿਆਂ ਦੇਸ਼ ਭਰ ਵਿੱਚ ਆਪਣੀ ਧਾਕ ਜਮਾਈ ਹੈ। ਕੈਮਿਸਟਾਂ ਨੇ 80306 ਸਹੁੰ ਪੱਤਰ ਪ੍ਰਾਪਤ ਕਰਕੇ 60 ਹਜ਼ਾਰ ਤੋਂ ਵੱਧ ਯੂਨਿਟ ਖੂਨ ਦਾਨ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਜਾਣਕਾਰੀ ਦਿੰਦਿਆਂ ਟੀਬੀਡੀਸੀਏ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਇਹ ਉਪਲਬਧੀ ਪੂਰੇ ਭਾਰਤ ਵਿੱਚ ਥੈਲੀਸੀਮੀਆ ਰੋਗੀਆਂ, ਗਰਭਵਤੀ ਔਰਤਾਂ ਅਤੇ ਕੁਪੋਸ਼ਿਤ ਬੱਚਿਆਂ ਲਈ ਸਹਾਇਕ ਸਾਬਤ ਹੋਵੇਗੀ। ਇਹ ਪੁਰਸਕਾਰ ਗਿਨੀਜ਼ ਵਰਲਡ ਰਿਕਾਰਡ ਦੀ ਟੀਮ ਵੱਲੋਂ ਮਹਾਰਾਸ਼ਟਰ ਦੇ ਡਿਪਟੀ ਸੀਐਮ ਸ਼੍ਰੀ ਏਕਨਾਥ ਸ਼ਿੰਦੇ ਦੀ ਹਾਜ਼ਰੀ ਵਿੱਚ ਏਆਈਓਸੀਡੀ ਦੀ ਸੁਵਰਣ ਜੈਅੰਤੀ ਤੇ ਏਆਈਓਸੀਡੀ ਦੇ ਪ੍ਰਧਾਨ ਸ੍ਰੀ ਜੇਐਸ ਸ਼ਿੰਦੇ ਦੇ 75ਵੇਂ ਜਨਮਦਿਨ ਮੌਕੇ ਪ੍ਰਦਾਨ ਕੀਤਾ ਗਿਆ।
ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਇਸ ਮਹਾਂ ਕੈਂਪ ਨੂੰ ਸਫਲ ਕਰਨ ਵਿੱਚ ਏਆਈਓਸੀਡੀ, ਪੀਸੀਏ ਅਤੇ ਜ਼ਿਲ੍ਹਾ ਬਠਿੰਡਾ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਰਿਹਾ। ਇਸ ਕੈਂਪ ਵਿੱਚ ਜ਼ਿਲ੍ਹਾ ਬਠਿੰਡਾ ਵੱਲੋਂ ਤਿੰਨ ਕੈਂਪ ਰਿਟੇਲ, ਹੋਲਸੇਲ ਬਠਿੰਡਾ, ਤਲਵੰਡੀ ਸਾਬੋ ਅਤੇ ਰਾਮਾ ਮੰਡੀ ਵਿੱਚ ਲਗਾ ਕੇ 253 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਉਪਲਬਧੀ ਲਈ ਬਠਿੰਡਾ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਦੇ ਐਮਡੀ ਅਜੀਤ ਸਿੰਘ ਨੇ ਅਸ਼ੋਕ ਬਾਲਿਆਂਵਾਲੀ ਨੂੰ ਵਧਾਈ ਦਿੰਦਿਆਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਬਾਲਿਆਂਵਾਲੀ ਨੇ ਵਿਸ਼ਵ ਰਿਕਾਰਡ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਰਿਕਾਰਡ ਵਿੱਚ ਬਠਿੰਡਾ ਜ਼ਿਲ੍ਹੇ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਵਨ ਗਰਗ, ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੌੜਾ ਤੇ ਟੀਮ, ਰਿਟੇਲ ਕੈਮਿਸਟ ਐਸੋਸੀਏਸ਼ਨ ਦੀ ਟੀਮ, ਰਾਮਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗੋਸਾ ਤੇ ਟੀਮ, ਤਲਵੰਡੀ ਸਾਬੋ ਦੇ ਜਨਰਲ ਸਕੱਤਰ ਕਾਲਾ ਤੇ ਵਿਜੇ ਚੌਧਰੀ ਸਮੇਤ ਟੀਮ ਅਤੇ ਬਾਕੀ ਸਾਰੀਆਂ ਯੂਨਿਟਾਂ ਦੇ ਪ੍ਰਧਾਨ, ਸਕੱਤਰ ਦਾ ਆਪਣੀ ਪੂਰੀ ਟੀਮ ਨਾਲ ਪੂਰਣ ਸਹਿਯੋਗ ਰਿਹਾ।