ਕਾਲ ਡਰਾਪ ਲਈ ਸ਼ਾਇਦ ਹੀ ਕੋਈ ਜੁਰਮਾਨਾ: ਮੰਤਰੀ ਨੇ ਟ੍ਰਾਈ ਦੀ ਕਾਰਵਾਈ ਦਾ ਦਿੱਤਾ ਵੇਰਵਾ
ਲੁਧਿਆਣਾ, 13 ਫਰਵਰੀ 2025: ਰਾਜ ਸਭਾ ਦੇ ਬਜਟ ਸੈਸ਼ਨ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ 'ਕਾਲ ਡਰਾਪ ਪੈਨਲਟੀ' ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਕੇਂਦਰੀ ਸੰਚਾਰ ਅਤੇ ਪੇਂਡੂ ਵਿਕਾਸ ਰਾਜ ਮੰਤਰੀ ਡਾ. ਪੇਮਾਸਾਨੀ ਚੰਦਰਸ਼ੇਖਰ ਨੇ ਪਿਛਲੇ ਤਿੰਨ ਸਾਲਾਂ ਤੋਂ ਕਾਲ ਡਰਾਪ ਬੈਂਚਮਾਰਕਾਂ ਦੀ ਪਾਲਣਾ ਨਾ ਕਰਨ ਲਈ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟ੍ਰਾਈ) ਵੱਲੋਂ ਸਰਵਿਸ ਪ੍ਰੋਵਾਇਡਰਜ਼ 'ਤੇ ਲਗਾਈਆਂ ਗਈਆਂ ਫਾਇਨੈਨਸ਼ੀਅਲ ਡਿਸਇੰਸੈਂਟਿਵਜ਼ ਦੇ ਵੇਰਵੇ ਦਿੱਤੇ।
ਵੇਰਵਿਆਂ ਅਨੁਸਾਰ, ਵਿੱਤੀ ਸਾਲ 2021-22 ਅਤੇ 2022-23 ਦੌਰਾਨ ਸਰਵਿਸ ਪ੍ਰੋਵਾਇਡਰਜ਼ ਏਅਰਟੈੱਲ, ਬੀਐਸਐਨਐਲ, ਐਮਟੀਐਨਐਲ, ਆਰਜੇਆਈਐਲ ਅਤੇ ਵੀਆਈਐਲ 'ਤੇ ਕੋਈ ਫਾਇਨੈਨਸ਼ੀਅਲ ਡਿਸਇੰਸੈਂਟਿਵਜ਼ ਨਹੀਂ ਲਗਾਇਆ ਗਿਆ। ਹਾਲਾਂਕਿ, ਵਿੱਤੀ ਸਾਲ 2023-24 ਦੌਰਾਨ ਐਮਟੀਐਨਐਲ 'ਤੇ 1 ਲੱਖ ਰੁਪਏ ਦਾ ਫਾਇਨੈਨਸ਼ੀਅਲ ਡਿਸਇੰਸੈਂਟਿਵਜ਼ ਲਗਾਯਾ ਗਿਆ ਸੀ।
ਅੱਜ ਇੱਕ ਬਿਆਨ ਵਿੱਚ, ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਕਾਲ ਡ੍ਰੌਪ ਪੈਰਾਮੀਟਰਾਂ ਲਈ ਮਾਪਦੰਡਾਂ ਦੇ ਵਿਰੁੱਧ ਗੈਰ-ਪਾਲਣਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਮੰਤਰੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਕਾਲ ਡ੍ਰੌਪ ਪੈਰਾਮੀਟਰਾਂ ਲਈ ਮਾਪਦੰਡਾਂ ਦੇ ਵਿਰੁੱਧ ਸਰਵਿਸ ਪ੍ਰੋਵਾਇਡਰਜ਼ ਵੱਲੋਂ ਗੈਰ-ਪਾਲਣਾ ਦੀਆਂ ਉਦਾਹਰਣਾਂ ਵੀ ਦਿੱਤੀਆਂ। ਅੰਕੜਿਆਂ ਦੇ ਅਨੁਸਾਰ, ਕਾਲ ਡ੍ਰੌਪ ਬੈਂਚਮਾਰਕ ਦੇ ਵਿਰੁੱਧ ਗੈਰ-ਪਾਲਣਾ ਦੇ ਸਾਲ-ਵਾਰ ਮਾਮਲੇ 2021-22 (8), 2022-23 (0), 2023-24 (1) ਅਤੇ 2024-25 (1) ਦੇ ਰੂਪ ਵਿੱਚ ਸਨ।
ਇਸ ਤੋਂ ਇਲਾਵਾ, ਮੰਤਰੀ ਨੇ ਆਪਣੇ ਜਵਾਬ ਵਿੱਚ ਜ਼ਿਕਰ ਕੀਤਾ ਕਿ ਟ੍ਰਾਈ ਆਪਣੇ ਖੇਤਰੀ ਦਫਤਰਾਂ ਰਾਹੀਂ ਖਪਤਕਾਰਾਂ ਤੱਕ ਪਹੁੰਚ ਪ੍ਰੋਗਰਾਮ ਚਲਾਉਂਦਾ ਹੈ ਤਾਂ ਜੋ ਉਨ੍ਹਾਂ ਨੂੰ ਗੁਣਵੱਤਾ ਵਾਲੀਆਂ ਨੈੱਟਵਰਕ ਸੇਵਾਵਾਂ ਦੇ ਉਨ੍ਹਾਂ ਦੇ ਅਧਿਕਾਰ ਬਾਰੇ ਜਾਣੂ ਕਰਵਾਇਆ ਜਾ ਸਕੇ। ਟ੍ਰਾਈ ਦੇਸ਼ ਭਰ ਵਿੱਚ ਆਯੋਜਿਤ ਵੱਖ-ਵੱਖ ਖਪਤਕਾਰ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਦੂਰਸੰਚਾਰ ਖਪਤਕਾਰਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰਨ ਲਈ ਖਪਤਕਾਰ ਸੰਗਠਨਾਂ ਨੂੰ ਵੀ ਰਜਿਸਟਰ ਕਰਦਾ ਹੈ।
ਕਾਲ ਡਰਾਪ ਸ਼ਿਕਾਇਤਾਂ ਦੀ ਰਿਪੋਰਟ ਕਰਨ ਲਈ ਖਪਤਕਾਰਾਂ ਕੋਲ ਹੇਠ ਲਿਖੇ ਤਰੀਕੇ ਉਪਲਬਧ ਹਨ:
• ਖਪਤਕਾਰ ਸਬੰਧਤ ਸਰਵਿਸ ਪ੍ਰੋਵਾਇਡਰਜ਼ ਦੇ ਸ਼ਿਕਾਇਤ ਕੇਂਦਰ 'ਤੇ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਜੇਕਰ ਸ਼ਿਕਾਇਤ ਕੇਂਦਰ 'ਤੇ ਸਰਵਿਸ ਪ੍ਰੋਵਾਇਡਰਜ਼ ਵੱਲੋਂ ਸ਼ਿਕਾਇਤ ਦਾ ਤਸੱਲੀਬਖਸ਼ ਨਿਪਟਾਰਾ ਨਹੀਂ ਕੀਤਾ ਜਾਂਦਾ ਹੈ, ਤਾਂ ਸਰਵਿਸ ਪ੍ਰੋਵਾਇਡਰਜ਼ ਦੇ ਅਪੀਲੀ ਅਥਾਰਟੀ ਕੋਲ ਅਪੀਲ ਦਾਇਰ ਕੀਤੀ ਜਾ ਸਕਦੀ ਹੈ।
• ਸ਼ਿਕਾਇਤ ਦੇ ਨਿਪਟਾਰੇ ਲਈ ਸੈਂਟ੍ਰਲਾਈਜ਼ਡ ਪਬਲਿਕ ਗਰੀਏਵੰਸਜ਼ ਰੇਡਰੈਸਲ ਐਂਡ ਮੋਨੀਟਰਿੰਗ ਸਿਸਟਮ (ਸੀਪੀਜੀਆਰਏਐਮਐਸ) ਪੋਰਟਲ 'ਤੇ ਵੀ ਦਰਜ ਕੀਤੀ ਜਾ ਸਕਦੀ ਹੈ।