ਐੱਚ ਡੀ ਐੱਫ ਸੀ ਬੈਂਕ ਨੇ ਪੀ ਏ ਯੂ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਦੇ ਮੌਕੇ ਪ੍ਰਦਾਨ ਕੀਤੇ
ਲੁਧਿਆਣਾ, 6 ਫਰਵਰੀ, 2025 - ਪੀ ਏ ਯੂ ਲੁਧਿਆਣਾ ਦੇ ਚਾਲੂ ਪਲੇਸਮੈਂਟ ਦੌਰ ਵਿੱਚ ਐਚਡੀਐਫਸੀ ਬੈਂਕ ਨੇ ਰਿਟੇਲ ਐਗਰੀ ਰਿਲੇਸ਼ਨਸ਼ਿਪ ਮੈਨੇਜਰ ਦੇ ਅਹੁਦੇ ਲਈ ਵਿਦਿਆਰਥੀਆਂ ਦੀ ਪਲੇਸਮੈਂਟ ਕਰਨ ਲਈ ਪੀਏਯੂ ਕੈਂਪਸ ਵਿੱਚ ਪਹੁੰਚ ਕੀਤੀ। ਇਸ ਕਾਰਜ ਲਈ ਅੰਡਰਗਰੈਜੂਏਟ ਵਿਦਿਆਰਥੀਆਂ ਲਈ 4.0 ਲੱਖ ਪ੍ਰਤੀ ਸਾਲ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ 5.40 ਲੱਖ ਪ੍ਰਤੀ ਸਾਲ ਦੇ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਸੀ। ਵੱਖ-ਵੱਖ ਕੋਰਸਾਂ ਦੇ 33 ਵਿਦਿਆਰਥੀਆਂ ਨੇ ਇਸ ਮੁਹਿੰਮ ਵਿਚ ਭਾਗ ਲਿਆ, ਜਿਨ੍ਹਾਂ ਵਿੱਚੋਂ 15 ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਅਗਲੇ ਗੇੜ ਵਿੱਚ ਸ਼ਾਮਲ ਹੋਣ ਲਈ ਸੂਚੀ ਬੱਧ ਕੀਤਾ ਗਿਆ। ਸੂਚੀ ਵਿਚ ਸ਼ਾਮਿਲ ਕੀਤੇ ਗਏ ਯੂ ਜੀ ਵਿਦਿਆਰਥੀਆਂ ਵਿੱਚੋਂ ਸੱਤ ਬੀ.ਐਸ.ਸੀ. ਐਗਰੀਕਲਚਰ, ਬੀ.ਟੈੱਕ ਫੂਡ ਟੈਕਨਾਲੋਜੀ ਤੋਂ ਦੋ ਅਤੇ ਇਕ ਬੀ.ਟੈੱਕ ਬਾਇਓਟੈਕਨਾਲੋਜੀ ਤੋਂ ਹਨ। ਪੋਸਟ ਗ੍ਰੈਜੂਏਟ ਵਿਦਿਆਰਥੀਆਂ ਵਿੱਚੋਂ, ਦੋ ਐਮਬੀਏ ਦੇ ਸਨ, ਅਤੇ ਇੱਕ ਐਮਬੀਏ (ਖੇਤੀਬਾੜੀ), ਐਮਐਸਸੀ ਬਾਗਬਾਨੀ (ਸਬਜ਼ੀ ਵਿਗਿਆਨ) ਅਤੇ ਐਮਐਸਸੀ ਐਗਰੀਕਲਚਰਲ ਇਕਨਾਮਿਕਸ ਦੇ ਕੋਰਸਾਂ ਵਿੱਚੋਂ ਸੀ।
ਡਾ: ਖੁਸ਼ਦੀਪ ਧਾਰਨੀ, ਸਹਿਯੋਗੀ ਨਿਰਦੇਸ਼ਕ ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ, ਨੇ ਕਿਹਾ ਕਿ ਇੱਕ ਨਾਮਵਰ ਸੰਸਥਾ ਵਿੱਚ ਨੌਕਰੀ ਦੇ ਮੌਕੇ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਮਨੋਬਲ ਵਧਾਉਣ ਵਾਲਾ ਅਨੁਭਵ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਕਾਉਂਸਲਿੰਗ ਅਤੇ ਪਲੇਸਮੈਂਟ ਗਾਈਡੈਂਸ ਸੈੱਲ ਆਪਣੇ ਉਦਯੋਗਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਕਾਰਪੋਰੇਟ ਸੈਕਟਰ ਨਾਲ ਚੰਗੇ ਰੁਜ਼ਗਾਰ ਦੇ ਮੌਕੇ ਮਿਲ ਸਕਣ।
ਡਾ: ਨਿਰਮਲ ਸਿੰਘ ਜੌੜਾ, ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ ਏ ਯੂ ਨੇ ਸੂਚੀਬੱਧ ਕੀਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪਲੇਸਮੈਂਟ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨ ਲਈ ਵਚਨਬੱਧ ਹੈ ਅਤੇ ਚੰਗੀਆਂ ਸੰਸਥਾਵਾਂ ਵਿੱਚ ਸਥਾਨ ਦਿਵਾਉਣਾ ਵੀ ਪੀ ਏ ਯੂ ਦੀ ਤਰਜੀਹ ਹੈ।