ਆਪਰੇਸ਼ਨ ਦੌਰਾਨ ਬੈਰਮਾਜਰਾ ਦੇ ਨੌਜਵਾਨ ਦੀ ਵਿਗੜੀ ਹਾਲਤ, ਮੌਤ
ਡਾਕਟਰਾਂ 'ਤੇ ਲਾਪਰਵਾਹੀ ਦਾ ਦੋਸ਼, ਪੁਲਿਸ ਚੌਕੀ 'ਚ ਕੀਤਾ ਇਕੱਠ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਅਗਸਤ 2025: ਪਿੰਡ ਬੈਰਮਾਜਰਾ ਦੇ 32 ਸਾਲਾ ਨੌਜਵਾਨ ਦੀ ਬਾਂਹ ਦਾ ਆਪ੍ਰੇਸ਼ਨ ਕਰਦੇ ਸਮੇਂ ਹਾਲਤ ਵਿਗੜਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਮਰੀਜ਼ ਨੂੰ ਡੇਰਾਬੱਸੀ ਹਸਪਤਾਲ ਵਿਚ ਆਪਰੇਸ਼ਨ ਉਪਰੰਤ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਸੀ । ਜਿੱਥੇ ਇਲਾਜ ਦੌਰਾਨ 10 ਦਿਨਾਂ ਬਾਅਦ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਲੈਹਲੀ ਚੌਂਕੀ ਵਿਖੇ ਇਕੱਠੇ ਹੋਏ ਅਤੇ ਆਪਣਾ ਗੁੱਸਾ ਪ੍ਰਗਟ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਮਲਕੀਤ ਦੀ ਮੌਤ ਦਾ ਕਾਰਨ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਡਾਕਟਰਾਂ ਦੀ ਲਾਪਰਵਾਹੀ ਹੈ। ਉਨ੍ਹਾਂ ਨੇ ਇਲਾਜ ਦੌਰਾਨ ਕਥਿਤ ਲਾਪਰਵਾਹੀ ਦਿਖਾਉਣ ਵਾਲੇ ਡਾਕਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਹਸਨ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਬੈਰਮਮਾਜਰਾ, ਸਾਬਕਾ ਸਰਪੰਚ ਸੁਰੇਸ਼ ਸਿੰਘ, ਨਰਿੰਦਰ, ਬਲਕਾਰ ਸਿੰਘ, ਮੁੰਨਾ ਲਾਲ, ਪਵਨ ਕੁਮਾਰ, ਸੋਨੂੰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਲੈਹਲੀ ਚੌਕੀ ਵਿਖੇ ਇਕੱਠੇ ਹੋਏ ਅਤੇ ਦੱਸਿਆ ਕਿ ਮਲਕੀਤ ਸਿੰਘ 23 ਜੁਲਾਈ ਨੂੰ ਆਪਣੇ ਘਰ ਵਿੱਚ ਕੰਮ ਕਰ ਰਿਹਾ ਸੀ। ਕੰਮ ਕਰਦੇ ਸਮੇਂ ਉਹ ਅਚਾਨਕ ਡਿੱਗ ਪਿਆ ਅਤੇ ਉਸਦੀ ਬਾਂਹ ਵਿੱਚ ਸੱਟ ਲੱਗ ਗਈ,ਜਦੋਂ ਉਸ ਨੇ ਇਲਾਜ ਲਈ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਡਾਕਟਰਾਂ ਤੋਂ ਆਪਣੀ ਬਾਂਹ ਦੀ ਜਾਂਚ ਕਰਵਾਈ ਤਾਂ ਡਾਕਟਰ ਨੇ ਕਿਹਾ ਕਿ 24 ਜੁਲਾਈ ਨੂੰ ਆਪ੍ਰੇਸ਼ਨ ਕੀਤਾ ਜਾਵੇਗਾ। ਉਸ ਨੇ ਦੱਸਿਆ ਕਿ 24 ਜੁਲਾਈ ਨੂੰ ਸਵੇਰੇ 10 ਵਜੇ ਦੇ ਕਰੀਬ ਮਲਕੀਤ ਨੂੰ ਆਪ੍ਰੇਸ਼ਨ ਲਈ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ। ਆਪ੍ਰੇਸ਼ਨ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਡਾਕਟਰ ਬਾਹਰ ਆਏ ਅਤੇ ਦੱਸਿਆ ਕਿ ਮਲਕੀਤ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਸ ਨੂੰ ਸਰਕਾਰੀ ਹਸਪਤਾਲ ਸੈਕਟਰ 32, ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਹਸਨ ਸਿੰਘ ਦੇ ਅਨੁਸਾਰ ਮਲਕੀਤ ਨੂੰ 24 ਜੁਲਾਈ ਤੋਂ ਸਰਕਾਰੀ ਹਸਪਤਾਲ ਸੈਕਟਰ 32 ਵਿੱਚ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ, ਜਿਸ ਕਾਰਨ 4 ਅਗਸਤ ਦੀ ਸਵੇਰ ਨੂੰ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਲੈਹਲੀ ਚੌਕੀ ਦੇ ਇੰਚਾਰਜ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਫਿਲਹਾਲ ਪੁਲਿਸ ਨੇ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਨਦੀਪ ਸਿੰਘ ਨੇ ਕਿਹਾ ਕਿ ਜੋ ਵੀ ਕਾਰਵਾਈ ਜ਼ਰੂਰੀ ਹੈ , ਉਹ ਪੋਸਟਮਾਰਟਮ ਰਿਪੋਰਟ ਅਤੇ ਵਿਸੇਰਾ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।
ਇਸ ਮਾਮਲੇ ਵਿੱਚ ਸੰਪਰਕ ਕਰਨ 'ਤੇ ਆਰਥੋ ਡਾਕਟਰ (ਹੱਡੀਆਂ ਦੇ ਡਾਕਟਰ) ਰਣਵੀਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਵੱਲੋਂ ਹੀ ਓਪਰੇਟ ਕੀਤਾ ਗਿਆ ਸੀ। ਮਰੀਜ਼ ਨੂੰ ਗਲੇ ਦੀ ਬਜਾਏ ਟੀਕੇ ਰਾਹੀਂ ਬਾਂਹ ਵਿੱਚ ਐਨਥੀਸੀਆ(ਬੇਹੋਸ਼ੀ ਦਾ ਇੰਜੈਕਸ਼ਨ) ਦਿੱਤਾ ਗਿਆ ਸੀ ਅਤੇ ਮਰੀਜ਼ ਅਰਧ-ਬੇਹੋਸ਼ ਹਾਲਤ ਵਿੱਚ ਸੀ। ਸਟੀਲ ਪਲੇਟ ਪਾਉਣ ਤੋਂ ਬਾਅਦ, ਜਦੋਂ ਟਾਂਕੇ ਲਗਾਏ ਜਾ ਰਹੇ ਸਨ ਤਾਂ ਅਚਾਨਕ ਮਰੀਜ਼ ਦੀ ਸਿਹਤ ਵਿਗੜ ਗਈ ਅਤੇ ਉਸ ਦਾ ਆਕਸੀਜਨ ਪੱਧਰ ਵੀ ਘੱਟ ਗਿਆ। ਉਸ ਨੂੰ ਆਕਸੀਜਨ ਵੀ ਦਿੱਤੀ ਗਈ ਪਰ ਉਸ ਨੂੰ ਹੋਸ਼ ਨਹੀਂ ਆਇਆ, ਜਿਸ ਨੂੰ ਦੇਖਦਿਆਂ ਮਰੀਜ਼ ਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਰਾ ਇਲਾਜ ਮੈਡੀਕਲ ਪ੍ਰੋਟੋਕੋਲ ਅਨੁਸਾਰ ਕੀਤਾ ਗਿਆ ਸੀ। ਦੂਜੇ ਪਾਸੇ ਡੇਰਾਬੱਸੀ ਹਸਪਤਾਲ ਦੇ ਐਸਐਮਓ, ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਰੀਜ਼ ਦੀ ਮੌਤ 'ਤੇ ਅਫਸੋਸ ਹੈ। ਮੌਤ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਉਨ੍ਹਾਂ ਨੇ ਹੀ ਪਰਿਵਾਰਕ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਮਰੀਜ਼ ਦਾ ਪੋਸਟਮਾਰਟਮ ਜ਼ਰੂਰ ਕਰਵਾਇਆ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ।