ਅਮਰੀਕਾ ਵੱਲੋਂ ਸਰਨਾਥੀਆਂ ਦੀ ਵਾਪਸੀ ਚਿੰਤਾਜਨਕ: ਬਾਬਾ ਬਲਬੀਰ ਸਿੰਘ 96 ਕਰੋੜੀ
ਸ੍ਰੀ ਫਤਿਹਗੜ੍ਹ ਸਾਹਿਬ:- 06 ਫਰਵਰੀ 2025 - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਮਰੀਕਾ ਵੱਲੋਂ ਪ੍ਰਵਾਸੀਆਂ ਦੀ ਵਾਪਸੀ ਤੇ ਚਿੰਤਾ ਵਿਅਕਤ ਕਰਦਿਆ ਕਿਹਾ ਕਿ ਅਮਰੀਕਾ ਤੋਂ ਪ੍ਰਵਾਸੀ ਭਾਰਤੀਆਂ ਦਾ ਪਹਿਲਾ ਜਥਾ ਵਾਪਸ ਆ ਗਿਆ ਹੈ। ਹਾਲਾਂਕਿ ਇਹ ਰਿਪੋਰਟ ਆਈ ਸੀ ਕਿ 205 ਪਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਪਰ ਅਮਰੀਕੀ ਫ਼ੌਜ ਦਾ ਗਲੋਬਮਾਸਟਰ ਹਵਾਈ ਜਹਾਜ਼ 17 ਸੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡਾ ਰਾਜਾ ਸਾਂਸੀ `ਤੇ ਉਤਰਿਆ ਤਾਂ ਇਸ ਵਿੱਚ 104 ਗੈਰਕਾਨੂੰਨੀ ਪਰਵਾਸੀ ਸਵਾਰ ਸਨ।
ਉਨ੍ਹਾਂ ਕਿਹਾ ਇਨ੍ਹਾਂ `ਚੋਂ 30 ਪਰਵਾਸੀ ਪੰਜਾਬ ਦੇ ਹਨ ਜਦਕਿ 33 ਗੁਜਰਾਤ, 36 ਹਰਿਆਣਾ ਜਦਕਿ 3-3 ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਇਨ੍ਹਾਂ ਦੇ ਜਾਣ ਤੇ 50 ਤੋਂ 60 ਲੱਖ ਰੁਪਏ ਖਰਚ ਆਇਆ ਸੀ ਅਤੇ ਇਨ੍ਹਾਂ `ਚੋਂ ਕਈਆਂ ਨੂੰ ਉੱਥੇ ਪਹੁੰਚਿਆਂ ਅਜੇ ਕੋਈ ਬਹੁਤਾ ਸਮਾਂ ਵੀ ਨਹੀਂ ਹੋਇਆ। ਇਨ੍ਹਾਂ ਦੇ ਪਰਿਵਾਰਾਂ ਲਈ ਇਹ ਬਹੁਤ ਹੀ ਗਹਿਰੇ ਸੰਕਟ ਵਾਲੀ ਸਥਿਤੀ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ `ਤੇ ਸਿਰਫ਼ ਐਨਾ ਹੀ ਆਖਿਆ ਹੈ ਕਿ ਉਹ ਗ਼ੈਰਕਾਨੂੰਨੀ ਪਰਵਾਸ ਦੇ ਹੱਕ ਵਿਚ ਨਹੀਂ ਹੈ ਅਤੇ ਇਸ ਮਾਮਲੇ ਵਿਚ ਅਮਰੀਕਾ ਸਰਕਾਰ ਨਾਲ ਪੂਰਾ ਸਹਿਯੋਗ ਕਰੇਗੀ ਕਹਿ ਕੇ ਪੱਲਾ ਝਾੜ ਲਿਆ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਭਾਰਤ ਨੂੰ ਇਸ ਪੱਖ ਤੋਂ ਵੀ ਵਿਚਾਰ ਕਰਨ ਦੀ ਲੋੜ ਹੈ, ਕਿ ਵੱਡੀ ਗਿਣਤੀ ਵਿੱਚ ਭਾਰਤੀ ਅਜਿਹਾ ਗ਼ੈਰ-ਕਾਨੂੰਨੀ ਪ੍ਰਵਾਸ ਕਿਉਂ ਤੇ ਕਿਵੇਂ ਕਰਦੇ ਹਨ? ਸਰਕਾਰ ਨੂੰ ਉਨ੍ਹਾਂ ਟਰੈਵਲ ਏਜੰਟਾਂ ‘ਤੇ ਵੀ ਸ਼ਿੰਕਜਾ ਕੱਸਣ ਦੀ ਜ਼ਰੂਰਤ ਹੈ, ਜੋ ਅਜਿਹਾ ਕਰਨ ਲਈ ਲੋਕਾਂ ਨੂੰ ਉਕਸਾਉਂਦੇ ਹਨ ਅਤੇ ਆਪਣੀਆਂ ਫੀਸਾਂ ਲੈਣ ਲਈ ਲੋਕਾਂ ਨੂੰ ਅੰਨ੍ਹੇ ਖੂਹਾਂ ਵਿਚ ਧਕਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਦੀ ਕੁਝ ਦਿਨਾਂ ਵਿਚ ਹੋਣ ਵਾਲੀ ਵਾਸ਼ਿੰਗਟਨ ਫੇਰੀ ਸਮੇਂ ਉਨ੍ਹਾਂ ਨੂੰ ਟਰੰਪ ਨਾਲ ਇਸ ਮਾਮਲੇ ਬਾਰੇ ਚਰਚਾ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਮੁਸੀਬਤ ਮਾਰੇ ਨੌਜਵਾਨਾਂ ਦੇ ਮੁੜ ਵਸੇਬੇ ਬਾਰੇ ਵੀ ਸੋਚ ਵਿਚਾਰ ਕਰਨ ਦੇ ਨਾਲ ਨਾਲ ਇਹ ਵੀ ਸੋਚਣ ਦੀ ਲੋੜ ਹੈ ਕਿ ਸਾਡੇ ਰਾਜ ਵਿਚ ਅਜਿਹੇ ਹਾਲਾਤ ਕਿਉਂ ਬਣੇ ਹਨ ਕਿ ਸਾਡੇ ਨੌਜਵਾਨ ਲੱਖਾਂ ਰੁਪਏ ਖਰਚ ਕੇ ਅਤੇ ਆਪਣੀਆਂ ਜਾਨਾਂ ਦਾਅ `ਤੇ ਲਾ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਨਿਹੰਗ ਮੁਖੀ ਨੇ ਕਿਹਾ ਗੁਜਰਾਤ ਸੂਬਾ ਸਨਅਤੀ ਅਤੇ ਕਾਰੋਬਾਰੀ ਲਿਹਾਜ਼ ਤੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ। ਜੇ ਗੁਜਰਾਤ ਆਰਥਿਕ ਤੌਰ `ਤੇ ਐਨਾ ਖੁਸ਼ਹਾਲ ਸੂਬਾ ਹੈ ਤਾਂ ਫਿਰ ਉੱਥੋਂ ਦੇ ਵਸਨੀਕ ਚੰਗੀ ਜ਼ਿੰਦਗੀ ਲਈ ਵਿਦੇਸ਼ਾਂ ਵਿਚ ਜਾਣ ਲਈ ਕਿਉਂ ਮਜਬੂਰ ਹਨ? ਇਨ੍ਹਾਂ ਕਾਰਨਾਂ ਅਤੇ ਹਾਲਾਤ ਬਾਰੇ ਨਿੱਠ ਕੇ ਪੜਚੋਲ ਜਾਂ ਚਰਚਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਇਹ ਠੀਕ ਹੈ ਕਿ ਕੁਝ ਲੋਕ ਬਿਹਤਰ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮਨਸ਼ੇ ਨਾਲ ਵਿਦੇਸ਼, ਖਾਸਕਰ ਵਿਕਸਤ ਦੇਸ਼ਾਂ ਦਾ ਰੁਖ਼ ਕਰਦੇ ਹਨ ਪਰ ਇਸ ਸਬੰਧੀ ਭਾਰਤ ਨੂੰ ਗੰਭੀਰਤਾ ਨਾਲ ਸਵੈ ਪੜਚੋਲ ਕਰਨ ਸਖ਼ਤ ਲੋੜ ਹੈ।