ਅਮਰਗੜ੍ਵ ਆਉਣ ਤੇ ਨਾਇਬ ਸੈਣੀ ਦਾ ਕਾਲੀਆਂ ਝੰਡੀਆਂ ਨਾਲ ਸਵਾਗਤ ਹੋਵੇਗਾ - ਪ੍ਰਿਤਪਾਲ ਬਡਲਾ
ਚੰਡੀਗੜ੍ਹ, 8 ਮਈ 2025 - ਕੁਝ ਮੀਡਿਆ ਰਿਪੋਰਟਾਂ ਰਾਹੀਂ ਪਤਾ ਲੱਗਿਆ ਹੈ ਕਿ 11 ਮਈ ਨੂੰ ਅਮਰਗੜ ਦਾਣਾ ਮੰਡੀ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਜੀ ਰਾਜਨੀਤਿਕ ਰੈਲੀ ਕਰਨ ਆ ਰਹੇ ਹਨ ਜਿਸਦਾ ਹਲਕਾ ਅਮਰਗੜ ਵੱਲੋਂ ਪੂਰਨ ਵਿਰੋਧ ਕੀਤਾ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾਂ ਅਮਰਗੜ੍ਵ ਦੇ ਸੀਨੀਅਰ ਕਾਂਗਰਸੀ ਆਗੂ ਬੀਬਾ ਪ੍ਰਿਤਪਾਲ ਕੌਰ ਬਡਲਾ ਡੈਲੀਗੇਟ ਪੀਪੀਸੀਸੀ ਨੇ ਕੀਤਾ ।ਬੀਬੀ ਬਡਲਾ ਨੇ ਕਿਹਾ ਕਿ ਜੋ ਅੱਜ ਦੇਸ਼ ਦੇ ਹਾਲਾਤ ਹਨ ਉਹਨਾਂ ਨੂੰ ਦੇਖਦਿਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਾਡੇ ਸੈਨਿਕ ਭਰਾਵਾਂ ਦਾ ਸਮਰਥਨ ਮਿਲ ਕੇ ਕਰਨਾ ਚਾਹੀਦਾ ਹੈ ਬਲਕਿ ਕਾਂਗਰਸ ਪਾਰਟੀ ਨੇ ਤਾਂ ਆਪਣੇ ਸਾਰੇ ਸਿਆਸੀ ਪ੍ਰੋਗਰਾਮਾਂ ਨੂੰ ਅੱਗੇ ਪਾ ਦਿੱਤਾ ਹੈ। ਪਰ ਪੰਜਾਬ ਦੇ ਪਾਣੀਆਂ ਤੇ ਧੱਕੇ ਨਾਲ ਆਪਣਾ ਹੱਕ ਜਤਾਉਣ ਵਾਲੇ ਨਾਇਬ ਸੈਣੀ ਜੀ ਦਾ ਅਮਰਗੜ੍ਵ ਦੀ ਧਰਤੀ ਤੇ ਕਾਲੇ ਝੰਡਿਆਂ ਨਾਲ ਸਵਾਗਤ ਕੀਤਾ ਜਾਵੇਗਾ ।
ਬੀਬੀ ਬਡਲਾ ਨੇ ਕਿਹਾ ਕਿ ਇਹ ਉਹੀ ਨਾਇਬ ਸੈਣੀ ਹਨ ਜਿਹਨਾਂ ਸੰਭੂ ਬਾਰਡਰ ਤੇ ਕੰਧ ਕਰਕੇ ਸਾਡੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ । ਸਾਡੇ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ । ਖਨੌਰੀ ਦਾ ਰਸਤਾ ਬੰਦ ਕੀਤਾ ਗਿਆ । ਜੇਕਰ ਨਾਇਬ ਸੈਣੀ ਜੀ ਸਾਡੇ ਪੰਜਾਬੀਆਂ ਦਾ ਰਸਤਾ ਬੰਦ ਕਰ ਸਕਦੇ ਹਨ ਤਾਂ ਪੰਜਾਬ ਦੇ ਨੋਜਵਾਨਾ ਤੇ ਕਿਸਾਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਨਾਇਬ ਸੈਣੀ ਜੀ ਨੂੰ ਪੰਜਾਬ ਦੀ ਧਰਤੀ ਤੇ ਰਾਜਨੀਤੀ ਕਰਨ ਤੋਂ ਰੋਕਣ ।
ਬੀਬੀ ਬਡਲਾ ਨੇ ਕਿਹਾ ਕਿ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਹਨ ਕਿ ਉਹ ਪੰਜਾਬ ਦੇ ਪੁੱਤ ਹੋਣ ਦਾ ਫਰਜ਼ ਨਿਭਾਉਣ ਅਤੇ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਕੋਸ਼ਿਸ਼ ਕਰਨ ਵਾਲੇ ਨਾਇਬ ਸੈਣੀ ਜੀ ਨੂੰ ਅਮਰਗੜ ਵਿਖੇ ਰੈਲੀ ਕਰਨ ਦੀ ਇਜਾਜ਼ਤ ਨਾ ਦੇਣ। ਬਡਲਾ ਨੇ ਕਿਹਾ ਕਿ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਸਿਆਸੀ ਧਿਰਾਂ ਨੂੰ ਅਪੀਲ ਕਰਦੇ ਹਨ ਕਿ ਆਪਾਂ ਸਾਰੇ ਇਕਜੁੱਟ ਹੋ ਕੇ ਪੰਜਾਬ ਦੇ ਪਾਣੀਆਂ ਤੇ ਧੱਕਾ ਕਰਨ ਵਾਲੇ ਨਾਇਬ ਸੈਣੀ ਦਾ ਪੁਰਜ਼ੋਰ ਵਿਰੋਧ ਕਰੀਏ। ਬੀਬੀ ਬਡਲਾ ਨੇ ਕਿਹਾ ਕਿ ਹਲਕਾ ਵਿਧਾਇਕ ਗੱਜਣਮਾਜਰਾ ਜੀ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਮੁੱਖ ਮੰਤਰੀ ਪੰਜਾਬ ਨਾਲ ਇਸ ਰੈਲੀ ਨੂੰ ਰੋਕਣ ਸੰਬੰਧੀ ਗੱਲ ਕਰਨ । ਬੀਬੀ ਬਡਲਾ ਨੇ ਕਿਹਾ ਕਿ ਅਗਰ ਫੇਰ ਵੀ ਨਾਇਬ ਸੈਣੀ ਅਮਰਗੜ ਆਉਣਗੇ ਤਾਂ ਉਹ ਕਾਲੀਆਂ ਝੰਡੀਆਂ ਨਾਲ ਉਹਨਾਂ ਦਾ ਸਵਾਗਤ ਕਰਨਗੇ ।