ਚੋਣਾਂ ਖ਼ਤਮ ਹੁੰਦਿਆਂ ਹੀ... ਲੁੱਟਾਂਖੋਹਾਂ ਸ਼ੁਰੂ
ਬਲਜੀਤ ਸਿੰਘ
ਤਰਨਤਾਰਨ, 16 ਨਵੰਬਰ 2025- ਕਸਬਾ ਭਿੱਖੀਵਿੰਡ ਦੇ ਪਹੂਵਿੰਡ ਰੋਡ 'ਤੇ ਸਥਿਤ ਇੱਕ ਘਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਸ਼ਾਮ ਸਾਢੇ ਛੇ ਵਜੇ ਪਿਸਤੌਲ ਦੀ ਨੋਕ 'ਤੇ ਲੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਇਕੱਤਰ ਜਾਣਕਾਰੀ ਅਨੁਸਾਰ ਪਹੂਵਿੰਡ ਰੋਡ 'ਤੇ ਸਥਿਤ ਰਿਸ਼ੀ ਕੱਕੜ, ਜੋ ਕਿ ਕੋਸਮੈਟਿਕ ਦਾ ਕੰਮ ਕਰਦਾ ਹੈ, ਉਸਦੇ ਘਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਵੱਲੋਂ ਘਰ ਵੜ ਕੇ ਉਸਦੀ ਚਾਰ ਕੁ ਸਾਲ ਦੀ ਬੇਟੀ ਦੇ ਸਿਰ 'ਤੇ ਪਿਸਤੌਲ ਰੱਖ ਕੇ ਉਸਦੀ ਪਤਨੀ ਨੰਦਨੀ ਨੂੰ ਕਿਹਾ ਕਿ ਜੋ ਕੁਝ ਘਰ ਵਿੱਚ ਨਗਦੀ ਹੈ, ਦੇ ਦਿਓ ਨਹੀਂ ਤੇ ਕੁੜੀ ਨੂੰ ਮਾਰ ਦੇਵਾਂਗੇ।
ਇਨੇ ਚਿਰ ਨੂੰ ਦੂਸਰੇ ਵਿਅਕਤੀ ਨੇ, ਜਿਸਨੇ ਉਸਦੀ ਪਤਨੀ ਨੂੰ ਦੂਸਰੇ ਕਮਰੇ ਵਿੱਚ ਲਿਜਾ ਕੇ ਅਲਮਾਰੀ ਖੋਲ੍ਹਣ ਲਈ ਕਿਹਾ, ਤਾਂ ਉਸ ਵਿੱਚ ਉੱਪਰ ਸੈਲਫ 'ਤੇ ਪਏ ਚਾਰ ਕੁ ਹਜ਼ਾਰ ਰੁਪਏ ਉਸ ਵੱਲੋਂ ਲੁਟੇਰਿਆਂ ਨੂੰ ਦੇ ਦਿੱਤੇ, ਜਿਸ 'ਤੇ ਉਨ੍ਹਾਂ ਨੇ ਦੂਸਰੀ ਅਲਮਾਰੀ ਖੋਲ੍ਹਣ ਨੂੰ ਕਿਹਾ ਪਰ ਨੰਦਨੀ ਵੱਲੋਂ ਚਾਬੀ ਨਾ ਹੋਣ ਬਾਰੇ ਕਿਹਾ ਗਿਆ।
ਜਿਸ 'ਤੇ ਲੁਟੇਰਿਆਂ ਵੱਲੋਂ ਕੋਈ ਚੀਜ਼ ਲੈ ਕੇ ਅਲਮਾਰੀ ਦਾ ਜਿੰਦਰਾ ਤੋੜ ਦਿੱਤਾ, ਜਿਸ ਵਿੱਚੋਂ ਤਕਰੀਬਨ ਡੇਢ ਲੱਖ ਰੁਪਏ ਨਗਦ ਅਤੇ ਸੋਨੇ ਦਾ ਸਮਾਨ ਕੱਢ ਕੇ ਲੈ ਗਏ ਅਤੇ ਗਲੀ ਦੇ ਬਾਹਰ ਲੱਗੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਹੂਵਿੰਡ ਵੱਲ ਨੂੰ ਭੱਜ ਗਏ।
ਛੇਤੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ- ਐੱਸ ਐੱਚ ਓ
ਇਸ ਦੀ ਸੂਚਨਾ ਮਿਲਦਿਆਂ ਭਿੱਖੀਵਿੰਡ ਦੇ ਐੱਸ ਐੱਚ ਓ ਹਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਸੀ ਸੀ ਟੀ ਵੀ ਕੈਮਰੇ ਖੰਘਾਲੇ ਜਾ ਰਹੇ ਹਨ, ਛੇਤੀ ਹੀ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।