ਸਰਦਾਰ ਵਲੱਭ ਭਾਈ ਪਟੇਲ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਏਕਤਾ ਦੌੜ ਕਰਵਾਈ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ/ਗੁਰਦਾਸਪੁਰ, 18 ਨਵੰਬਰ ਸਰਦਾਰ ਵਲੱਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਨ ਦੇ ਸਬੰਧ ਵਿੱਚ ਖਿਡਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਏਕਤਾ ਦੌੜ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਡੇਰਾ ਬਾਬਾ ਨਾਨਕ ਤੱਕ ਕਰਵਾਈ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਅਤੇ ਸਕੂਲਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਦੌੜ ਦੀ ਸ਼ੁਰੂਆਤ ਕੁਲਦੀਪ ਚੰਦ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਗੁਰਦਾਸਪੁਰ ਵਲੋਂ ਹਰੀ ਝੰਡੀ ਦਿਖਾ ਕੇ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਜੀ ਵਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਦੇਸ਼ ਪ੍ਰੇਮ, ਸਮਰਪਣ ਅਤੇ ਨਿਸ਼ਕਾਮ ਸੇਵਾ ਦੀ ਪ੍ਰੇਰਣਾ ਮਿਲਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਵਲੋਂ ਸਰਦਾਰ ਵਲੱਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਨ ਦੇ ਸਬੰਧ ਵਿੱਚ ਪਿਛਲੇ ਹਫਤੇ ਦੀਨਾਨਗਰ ਵਿਖੇ ਵਿਸ਼ੇਸ਼ ਏਕਤਾ ਦੌੜ ਕਰਵਾਈ ਗਈ ਸੀ ਅਤੇ ਅੱਜ ਡੇਰਾ ਬਾਬਾ ਨਾਨਕ ਵਿਖੇ ਏਕਤਾ ਦੌੜ ਕਰਵਾਈ ਗਈ ਹੈ।
ਇਸ ਮੌਕੇ ਵਿਦਿਆਰਥੀਆਂ ਨੂੰ ਰਾਸ਼ਟਰੀ ਏਕਤਾ ਦਿਵਸ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਦੇਸ਼ ਦੀ ਏਕਤਾ, ਸਾਂਝ ਅਤੇ ਭਰਾਤਰੀਭਾਵ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਜਿਲ੍ਹਾ ਯੂਥ ਕੋਆਰਡੀਨੇਟਰ ਅਫ਼ਸਰ ਸੰਦੀਪ ਕੌਰ, ਸੇਵਾਮੁਕਤ ਤਹਿਸੀਲਦਾਰ ਯਸ਼ਪਾਲ ਕੁੰਡਲ, ਜਿਲ੍ਹਾ ਗਾਈਡੈਂਸ ਕਾਊਂਸਲਰ ਪਰਮਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।