ਵੱਡੀ ਖ਼ਬਰ: ਕਾਂਗਰਸ ਦਾ 'ਹੀਰੋ' ਅਕਾਲੀ ਦਲ 'ਚ ਸ਼ਾਮਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 21 ਜੁਲਾਈ 2025: ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਸੀਨੀਅਰ ਕਾਂਗਰਸੀ ਨੇਤਾ ਹਰਪ੍ਰੀਤ ਸਿੰਘ ਹੀਰੋ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਦੱਸ ਦਈਏ ਕਿ ਬੀਤੇ ਦਿਨ ਝਬਾਲ ਵਿੱਚ ਅਕਾਲੀ ਦਲ ਦੇ ਵੱਲੋਂ ਵੱਡੀ ਰੈਲੀ ਕੀਤੀ ਗਈ ਸੀ ਅਤੇ ਅਕਾਲੀ ਦਲ ਵਿੱਚ ਆਜ਼ਾਦ ਗਰੁੱਪ ਵੱਲੋਂ ਸ਼ਮੂਲੀਅਤ ਕੀਤੀ ਗਈ ਸੀ। ਹੁਣ ਮਾਝੇ ਦੇ ਨਾਲ ਲੱਗਦੇ ਹਲਕੇ ਜ਼ੀਰੇ ਵਿੱਚ ਅਕਾਲੀ ਦਲ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਜ਼ੀਰੇ ਹਲਕੇ ਤੋਂ ਵੱਡੇ ਕਾਂਗਰਸੀ ਨੇਤਾ ਹੀਰੋ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਹੈ।
ਅਕਾਲੀ ਦਲ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ, ਤਰਨਤਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਜ਼ੀਰਾ ਹਲਕੇ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ। ਜ਼ੀਰਾ ਹਲਕੇ ਦੇ ਕੱਟੜ ਕਾਂਗਰਸੀ ਪਰਿਵਾਰ ਸਵ. ਹਰਚਰਨ ਸਿੰਘ ਹੀਰੋ ਸਾਬਕਾ ਵਿਧਾਇਕ ਦੇ ਸਪੁੱਤਰ ਹਰਪ੍ਰੀਤ ਸਿੰਘ ਹੀਰੋ ਨੇ ਸੈਂਕੜੇ ਕਾਂਗਰਸੀ ਵਰਕਰਾਂ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਅਤੇ ਜ਼ੀਰਾ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ। ਇਸ ਮੌਕੇ ਵੱਡਾ ਇਕੱਠ ਹੋਇਆ ਜੋ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਦਿਨੋਂ ਦਿਨ ਹੋ ਰਹੀ ਚੜ੍ਹਦੀਕਲਾਂ ਦਾ ਪ੍ਰਤੀਕ ਹੈ। ਇਸ ਮੌਕੇ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ, ਜੋਗਿੰਦਰ ਸਿੰਘ ਜਿੰਦੂ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸਮੇਤ ਜ਼ਿਲ੍ਹੇ ਦੇ ਸਮੂਹ ਆਗੂ ਹਾਜ਼ਰ ਰਹੇ।