ਸੁਚੱਜੀ ਸ਼ਖ਼ਸੀਅਤ ਦਾ ਨਿਰਮਾਣ-- ਮੁਹੰਮਦ ਅਸਦ ਅਹਿਸਾਨ
ਫ਼ਾਰਸੀ ਭਾਸ਼ਾ ਵਿਚ ਇਕ ਸੁਚੱਜੀ ਤੇ ਵਧੀਆ ਸ਼ਖ਼ਸੀਅਤ ਦੇ ਨਿਰਮਾਣ ਲਈ ਤਿੰਨ ਸ਼ਬਦ ਵਰਤੇ ਜਾਂਦੇ ਹਨ: ਗੁਫ਼ਤਾਰ, ਦਸਤਾਰ ਅਤੇ ਰਫ਼ਤਾਰ । ਇਹ ਤਿੰਨੇ ਮਿਲ ਕੇ ਇੱਕ ਵਧੀਆ ਸ਼ਖ਼ਸੀਅਤ ਬਣਾਉਂਦੇ ਹਨ, ਦੂਜੇ ਸ਼ਬਦਾਂ ਵਿੱਚ ਇੱਕ ਚੰਗੀ ਸ਼ਖ਼ਸੀਅਤ ਦੀ ਪਛਾਣ ਇਹਨਾਂ ਤਿੰਨ ਪੱਖਾਂ ਤੋਂ ਕੀਤੀ ਜਾ ਸਕਦੀ ਹੈ । ਗੁਫ਼ਤਾਰ ਸ਼ਬਦ ਦਾ ਅਰਥ ਹੈ ਗੁਫ਼ਤਗੂ ਯਾਨੀ ਬੋਲਚਾਲ, ਸਾਡਾ ਗੱਲਬਾਤ ਕਰਨ ਦਾ ਢੰਗ ਤਰੀਕਾ । ਦਸਤਾਰ ਦੇ ਸ਼ਬਦਿਕ ਅਰਥ ਹਨ ਪਗੜੀ ਪ੍ਰੰਤੂ ਇਸ ਦੇ ਭਾਵ-ਅਰਥ ਹਨ ਸਾਡਾ ਪਹਿਰਾਵਾ ਜਾਂ ਕੱਪੜੇ । ਰਫ਼ਤਾਰ ਉੰਝ ਤਾਂ ਗਤੀ ਜਾਂ ਸਪੀਡ ਨੂੰ ਕਿਹਾ ਜਾਂਦਾ ਹੈ ਪਰ ਸ਼ਖ਼ਸੀਅਤ ਦੇ ਪ੍ਰਸੰਗ ਵਿੱਚ ਇਸ ਦਾ ਮਤਲਬ ਹੈ ਸਾਡੀ ਚਾਲ-ਢਾਲ, ਉਠਣ-ਬੈਠਣ ਦਾ ਸਲੀਕਾ ਆਦਿ।
ਗੁਫ਼ਤਾਰ ਅਰਥਾਤ ਗੱਲਬਾਤ ਜਾਂ ਸਾਡਾ ਬੋਲਣ ਦਾ ਢੰਗ-ਤਰੀਕਾ ਮਨੁੱਖੀ ਸ਼ਖ਼ਸੀਅਤ ਦਾ ਸਭ ਤੋਂ ਪ੍ਰਮੁੱਖ ਅੰਗ ਹੈ, ਇਹ ਸਾਡੇ ਵਿਅਕਤੀਤਵ ਦਾ ਸ਼ੀਸ਼ਾ ਹੁੰਦਾ ਹੈ। ਵਧੀਆ ਢੰਗ ਨਾਲ ਬੋਲਣਾ, ਨਰਮੀ ਨਾਲ ਬੋਲਣਾ, ਲੋੜ ਅਨੁਸਾਰ ਬੋਲਣਾ, ਠੀਕ ਜਾਂ ਸੱਚ ਬੋਲਣਾ, ਵੱਡੇ ਛੋਟੇ ਦਾ ਲਿਹਾਜ਼ ਕਰਦੇ ਹੋਏ ਅਤੇ ਆਪਣੇ ਤੋਂ ਅਹੁਦੇ ਅਤੇ ਰੁਤਬੇ ਵਿੱਚ ਵੱਡੇ ਵਿਅਕਤੀ ਦੇ ਆਦਰ ਸਤਿਕਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਬੋਲਣਾ ਸਾਡੀ ਸ਼ਖ਼ਸੀਅਤ ਦਾ ਪ੍ਰਗਟਾਵਾ ਕਰਦਾ ਹੈ। ਅਸੀਂ ਦੂਜਿਆਂ ਨੂੰ ਆਪਣੇ ਬੋਲਚਾਲ ਰਾਹੀਂ ਪ੍ਰਭਾਵਿਤ ਕਰ ਸਕਦੇ ਹਾਂ ਜਾਂ ਉਹਨਾਂ ਦੀ ਨਜ਼ਰ ਵਿੱਚ ਘਟੀਆ ਸਿੱਧ ਹੋ ਸਕਦੇ ਹਾਂ। ਬੋਲ-ਚਾਲ ਨਾਲ ਹੀ ਅਸੀਂ ਆਪਣੇ ਰਿਸ਼ਤੇ ਨਾਤੇ ਬਣਾਉਣ ਦੀ ਜਾਂ ਵਿਗਾੜਦੇ ਹਾਂ। ਬੋਲ-ਚਾਲ ਵਿੱਚ ਸਖ਼ਤ ਰਵੱਈਆ ਰੱਖਣਾ, ਕਰੱਖ਼ਤ ਬੋਲਣਾ, ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨਾ ਜਾਂ ਆਪਣੇ ਬੋਲਾਂ ਰਾਹੀਂ ਦੂਜਿਆਂ ਦਾ ਦਿਲ ਦਿਖਾਉਣਾ ਇੱਕ ਘਟੀਆ ਤੇ ਕਮਜ਼ੋਰ ਸ਼ਖ਼ਸੀਅਤ ਦੀਆਂ ਨਿਸ਼ਾਨੀਆਂ ਹਨ। ਮਿੱਠੇ ਬੋਲਾਂ ਰਾਹੀਂ ਅਤੇ ਦੂਜਿਆਂ ਨੂੰ ਮਾਣ ਸਤਿਕਾਰ ਦਿੰਦੀ ਹੋਏ ਗੱਲਬਾਤ ਕਰਨ ਨਾਲ ਮਨੁੱਖ ਦੂਜਿਆਂ ਉੱਤੇ ਆਪਣੀ ਚੰਗੀ ਸ਼ਖ਼ਸੀਅਤ ਦੀ ਛਾਪ ਛੱਡਦਾ ਹੈ। ਇਕ ਚੰਗੀ ਸ਼ਖ਼ਸੀਅਤ ਦਾ ਧਾਰਨੀ ਬਣਨ ਲਈ ਮਨੁੱਖ ਨੂੰ ਆਪਣੀ ਬੋਲ-ਬਾਣੀ ਉੱਤੇ ਖ਼ਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ ਜੇਕਰ ਕਿਸੇ ਪੱਖ ਤੋਂ ਸਾਡੀ ਬੋਲਚਾਲ ਵਿੱਚ ਕੋਈ ਕਮੀ ਹੋਵੇ ਤਾਂ ਉਸ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਸ਼ਖ਼ਸੀਅਤ ਨੂੰ ਵਿਕਸਿਤ ਕਰ ਸਕੀਏ।
ਸਾਡਾ ਪਹਿਰਾਵਾ ਜਾਂ ਲਿਬਾਸ ਵੀ ਸਾਡੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਲੋਕ- ਕਥਨ ਹੈ ਕਿ 'ਖਾਈਏ ਮਨ-ਭਾਉਂਦਾ ਪਹਿਨੀਏ ਜੱਗ-ਭਾਉਂਦਾ ਅਰਥਾਤ ਅਸੀਂ ਖਾਣ ਪੀਣ ਵਿਚ ਆਪਣੀ ਮਰਜ਼ੀ ਕਰ ਸਕਦੇ ਹਾਂ ਜੋ ਸਾਨੂੰ ਪਸੰਦ ਹੋਵੇ ਜਾਂ ਚੰਗਾ ਲੱਗੇ ਉਹ ਖਾ ਪੀ ਸਕਦੇ ਹਾਂ ਪਰ ਕਿਉਂਕਿ ਅਸੀਂ ਸਮਾਜ ਵਿੱਚ ਵਿਚਰਨਾ ਹੈ ਇਸ ਲਈ ਪਹਿਰਾਵਾ ਸਮਾਜਿਕ ਮਰਿਆਦਾ ਦੇ ਅਨੁਕੂਲ ਹੀ ਹੋਣਾ ਚਾਹੀਦਾ ਹੈ ਜਿਹੋ ਜਿਹਾ ਪਹਿਰਾਵਾ ਸਾਡੇ ਸਮਾਜ ਅਤੇ ਸਭਿਆਚਾਰ ਵਿੱਚ ਪ੍ਰਵਾਨਿਤ ਹੋਵੇ ਉਹ ਹੀ ਪਹਿਨਣਾ ਚਾਹੀਦਾ ਹੈ। ਪਹਿਰਾਵਾ ਮਨੁੱਖ ਨੂੰ ਆਪਣੀ ਹੈਸੀਅਤ ਅਨੁਸਾਰ ਅਤੇ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। ਸਾਫ਼-ਸੁਥਰਾ ਪਹਿਰਾਵਾ ਸਾਡੀ ਸ਼ਖਸੀਅਤ ਨੂੰ ਚਾਰ ਚੰਨ ਲਾਉਂਦਾ ਹੈ। ਸਮਾਜਿਕ ਤੌਰ 'ਤੇ ਪ੍ਰਚਲਿੱਤ ਅਤੇ ਆਪਣੇ ਸਮਰੱਥਾ ਅਨੁਸਾਰ ਵਧੀਆ ਕੱਪੜੇ ਪਹਿਨਣੇ ਚਾਹੀਦੇ ਹਨ। ਜੇਕਰ ਮਨੁੱਖ ਆਮ ਪ੍ਰਚਲਿਤ ਲਿਬਾਸ ਤੋਂ ਵੱਖਰਾ ਅਤੇ ਹਾਸੋ-ਹੀਣਾ ਪਹਿਰਾਵਾ ਗ੍ਰਹਿਣ ਕਰਦਾ ਹੈ ਤਾਂ ਉਹ ਹਾਸੇ-ਮਜ਼ਾਕ ਦਾ ਕੇਂਦਰ ਵੀ ਬਣਦਾ ਹੈ ਤੇ ਅਜੀਬ ਵੀ ਲੱਗਦਾ ਹੈ।
ਪਹਿਰਾਵੇ ਸੰਬੰਧੀ ਇਕ ਹੋਰ ਗੱਲ ਵੀ ਧਿਆਨ ਵਿਚ ਰੱਖਣ ਵਾਲੀ ਹੈ ਕਿ ਜਦੋਂ ਅਸੀਂ ਆਪਣੇ ਸਕੂਲ , ਕਾਲਜ ਜਾਂ ਯੂਨੀਵਰਸਿਟੀ ਵਿੱਚ ਜਾਈਏ ਤਾਂ ਵਿਸ਼ੇਸ਼ ਤੌਰ 'ਤੇ ਸਾਫ਼ ਸੁਥਰੇ ਤੇ ਵਧੀਆ ਢੰਗ ਨਾਲ ਪ੍ਰੈਸ ਕੀਤਾ ਲਿਬਾਸ ਪਹਿਨ ਕੇ ਜਾਈਏ। ਕੱਪੜੇ ਮਹਿੰਗੇ ਜਾਂ ਸਸਤੇ ਉਨਾ ਅਰਥ ਨਹੀਂ ਰੱਖਦੇ ਜਿੰਨਾ ਸਾਫ਼ -ਸੁਥਰੇ ਅਤੇ ਮੈਲੇ-ਕੁਚੈਲੇ ਮਹੱਤਵ ਰੱਖਦੇ ਹਨ। ਸਾਫ਼-ਸੁਥਰੇ ਕੱਪੜੇ ਸਾਡੀ ਸ਼ਖ਼ਸੀਅਤ ਦਾ ਸ਼ਿੰਗਾਰ ਬਣਦੇ ਹਨ ਜਦਕਿ ਮੈਲੇ ਕੱਪੜੇ ਸਾਡੀ ਸ਼ਖ਼ਸੀਅਤ ਅਤੇ ਰਹਿਣ-ਸਹਿਣ ਦੀ ਤਸਵੀਰ ਨੂੰ ਭੱਦਾ ਬਣਾ ਕੇ ਪੇਸ਼ ਕਰਦੇ ਹਨ ਸੋ ਸਾਨੂੰ ਨ ਆਪਣੀ ਸ਼ਖ਼ਸੀਅਤ ਨੂੰ ਸੁਚੱਜਾ ਬਣਾ ਕੇ ਪੇਸ਼ ਕਰਨ ਲਈ ਇਸ ਪਾਸੇ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ।
ਵਿਅਕਤੀਤਵ ਦਾ ਤੀਸਰਾ ਅੰਗ ਜਾਂ ਲੱਛਣ ਸਾਡੀ ਚਾਲ-ਢਾਲ ਅਤੇ ਉੱਠਣ-ਬੈਠਣ ਦਾ ਢੰਗ-ਤਰੀਕਾ ਹੁੰਦਾ ਹੈ। ਕਈ ਲੋਕ ਬੈਠੇ ਬੈਠੇ ਟੰਗਾਂ ਹਿਲਾਈ ਜਾਣਗੇ ਜਾਂ ਹੋਰ ਹੱਥਾਂ ਪੈਰਾਂ ਨਾਲ ਅਜੀਬ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ। ਇਕ ਚੰਗੀ ਸ਼ਖ਼ਸੀਅਤ ਦੇ ਧਾਰਨੀ ਵਿਅਕਤੀ ਦੀ ਚਾਲ ਵਿੱਚ ਠਰ੍ਹੰਮਾ ਹੋਵੇਗਾ । ਇਕ ਸਹਿਜ । ਹਰ ਵੇਲੇ ਕਾਹਲੀ ਵਿੱਚ ਭੱਜੇ ਨੱਠੇ ਫਿਰੀ ਜਾਣਾ, ਨਾ ਚੱਜ ਨਾਲ ਬੈਠ ਕੇ ਗੱਲ ਕਰਨੀ ਨਾ ਸੁਣਨੀ ਵਧੀਆ ਸ਼ਖ਼ਸੀਅਤ ਦੇ ਚਿੰਨ੍ਹ ਨਹੀਂ ਹਨ । ਚਾਲ-ਢਾਲ ਵਿੱਚ ਉੱਠਣ- ਬੈਠਣ ਵਿੱਚ ਸਹਿਜਤਾ, ਠਰ੍ਹੰਮਾ ਤੇ ਸਕੂਨ ਇਕ ਚੰਗੀ ਸ਼ਖ਼ਸੀਅਤ ਦੀ ਹਾਮੀ ਭਰਦੇ ਹਨ ਸੋ ਇੱਕ ਵਧੀਆ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਇਸ ਪੱਖ ਦਾ ਵੀ ਬਹੁਤ ਅਹਿਮ ਯੋਗਦਾਨ ਹੁੰਦਾ ਹੈ । ਉਪਰੋਕਤ ਤਿੰਨੇ ਗੁਣ ਮਿਲ ਕੇ ਇਕ ਚੰਗੀ ਸ਼ਖ਼ਸੀਅਤ ਦਾ ਨਿਰਮਾਣ ਕਰਨ ਵਿੱਚ ਸਹਾਈ ਹੁੰਦੇ ਹਨ ਸਾਡੀਆਂ ਅਕਾਦਮਿਕ ਯੋਗਤਾਵਾਂ ਜਿੰਨੀਆਂ ਮਰਜ਼ੀ ਉੱਚੀਆਂ ਹੋਣ ਜੇਕਰ ਉਪਰੋਕਤ ਪੱਖਾਂ ਵਿੱਚ ਕਮਜ਼ੋਰੀ ਹੈ ਤਾਂ ਸਾਡੀ ਸ਼ਖ਼ਸੀਅਤ ਵਿੱਚ ਨਿਰਸੰਦੇਹ ਕਮੀਆਂ ਤੇ ਘਾਟਾਂ ਸਪੱਸ਼ਟ ਨਜ਼ਰ ਆਉਣਗੀਆਂ ਜੋ ਸਾਨੂੰ ਆਪਣੀਆਂ ਯੋਗਤਾਵਾਂ ਦੇ ਨਾਲ- ਨਾਲ ਸ਼ਖ਼ਸੀਅਤ ਦੇ ਵਿਕਾਸ ਲਈ ਇਹਨਾਂ ਤਿੰਨ ਗੱਲਾਂ ਵੱਲ ਖ਼ਾਸ ਤੌਰ 'ਤੇ ਤਵੱਜੋ ਦੇਣ ਦੀ ਜ਼ਰੂਰਤ ਹੁੰਦੀ ਹੈ।
ਮੁਹੰਮਦ ਅਸਦ ਅਹਿਸਾਨ
ਐਸ.ਐਸ.ਮਾਸਟਰ
ਮਾਲੇਰਕੋਟਲਾ।
98765-93120
asadehsan1985@gmail.com

-
ਮੁਹੰਮਦ ਅਸਦ ਅਹਿਸਾਨ , ਐਸ.ਐਸ.ਮਾਸਟਰ
asadehsan1985@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.