ਲੁਧਿਆਣਾ: ਬੁੱਢੇ ਦਰਿਆ ਨੂੰ ਸਾਫ ਰੱਖਣ 'ਚ ਕੰਮ ਆਉਣਗੇ ਵੈਕਿਊਮ ਟੈਂਕਰ
ਸੰਤ ਸੀਚੇਵਾਲ ਨੇ ਲੁਧਿਆਣੇ ਦੇ ਚਾਰ ਪਿੰਡ ਨੂੰ ਅਖਤਿਆਰੀ ਫੰਡ ਵਿੱਚੋਂ ਦਿੱਤੇ ਵੈਕਿਊਮ ਟੈਂਕਰ
ਸੁਖਮਿੰਦਰ ਭੰਗੂ
ਲੁਧਿਆਣਾ, 21 ਜੁਲਾਈ 2025- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਲੁਧਿਆਣੇ ਦੇ ਚਾਰ ਪਿੰਡਾਂ ਨੂੰ ਵੈਕਿਊਮ ਟੈਂਕਰ ਦਿੱਤੇ। ਇੰਨ੍ਹਾਂ ਚਾਰ ਟੈਂਕਰਾਂ ਲਈ ਜਿਹੜੇ ਚਾਰ ਪਿੰਡਾਂ ਨੂੰ 15 ਲੱਖ ਦੀ ਗਰਾਂਟ ਦਿੱਤੀ ਗਈ ਹੈ, ਉਨ੍ਹਾਂ ਵਿੱਚ ਭੂਖੜੀ ਖੁਰਦ, ਭਾਮੀਆ ਖੁਰਦ, ਅਮਰ ਕਲੋਨੀ ਅਤੇ ਗੁਰੁ ਰਾਮਦਾਸ ਕਲੋਨੀ ਸ਼ਾਮਿਲ ਹਨ। ਅੱਜ ਇੰਨ੍ਹਾਂ ਟੈਂਕਰਾਂ ਨੂੰ ਪਿੰਡਾਂ ਦੇ ਸਰਪੰਚ ਦੇ ਹਵਾਲੇ ਕਰਨ ਦੀ ਰਸਮ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਖੰਡ ਮਿੱਲ ਬੁੱਢੇਵਾਲ ਦੇ ਚੇਅਰਮੈਨ ਜ਼ੋਰਾ ਸਿੰਘ ਮੁੰਡੀਆਂ ਅਤੇ ਮੇਅਰ ਇੰਦਰਜੀਤ ਕੌਰ ਗਿੱਲ ਨੇ ਸਾਂਝੇ ਤੌਰ ‘ਤੇ ਕੀਤੀ। ਇੰਨ੍ਹਾਂ ਪਿੰਡਾਂ ਦੀਆਂ ਡੇਅਰੀਆਂ ਦਾ ਗੰਦਾ ਪਾਣੀ ਤੇ ਗੋਹਾ ਬੁੱਢੇ ਦਰਿਆ ਵਿੱਚ ਜਾ ਰਿਹਾ ਸੀ। ਇਹ ਵੈਕਿਊਮ ਟੈਂਕਰਾਂ ਨਾਲ ਦਰਿਆ ਵਿੱਚ ਜਾਣ ਵਾਲਾ ਗੰਦਾ ਪਾਣੀ ਇੱਕਠ ਕਰ ਲਿਆ ਜਾਵੇਗਾ ਤੇ ਖੁੱਲ੍ਹੇ ਖੇਤਾਂ ਵਿੱਚ ਛੱਡਿਆ ਜਾਵੇਗਾ।
ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ, ਗੁਰੁ ਰਾਮਦਾਸ ਨਗਰ ਕਲੋਨੀ ਦੇ ਸਰਪੰਚ ਬਲਵਿੰਦਰ ਸਿੰਘ ਵਿਰਕ, ਭਾਮੀਆ ਖੁਰਦ ਦੇ ਸਰਪੰਚ ਕੁਲਵੰਤ ਸਿੰਘ ਅਤੇ ਅਮਰ ਕਲੋਨੀ ਦੇ ਸਰਪੰਚ ਰਜਿੰਦਰ ਸਿੰਘ ਹੁੰਦਲ ਨੇ ਸਾਂਝੇ ਤੌਰ ‘ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ। ਇੰਨ੍ਹਾਂ ਸਰਪੰਚਾਂ ਦਾ ਕਹਿਣਾ ਸੀ ਕਿ ਇਹ ਵੈਕਿਊਮ ਟੈਂਕਰ ਬੁੱਢੇ ਦਰਿਆ ਨੂੰ ਸਾਫ ਰੱਖਣ ਵਿੱਚ ਇੱਕ ਇਨਕਲਾਬੀ ਕਦਮ ਹੈ। ਸਰਪੰਚਾਂ ਨੇ ਹੋਰ ਪਿੰਡਾਂ ਦੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਨਾ ਪਾਉਣ ਉਨ੍ਹਾਂ ਦੀ ਮੱਦਦ ਲਈ, ਇਹ ਵੈਕਿਊਮ ਟੈਂਕਰ ਸਦਾ ਹਾਜ਼ਰ ਰਹਿਣਗੇ। ਸਰਪੰਚਾਂ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸੇਵਾਦਾਰਾਂ ਨੂੰ ਨਾਲ ਲੈਕੇ ਪਿਛਲੇ 7 ਮਹੀਨਿਆਂ ਤੋਂ ਬੁੱਢੇ ਦਰਿਆ ਵਿੱਚ ਗੰਦੇ ਪਾਣੀ ਰੋਕਣ ਲਈ ਦਿਨ ਰਾਤ ਲੱਗੇ ਹੋਏ ਹਨ। ਇਹ ਦਰਿਆ ਸਾਫ ਵਗਣ ਨਾਲ ਇਲਾਕੇ ਭਰ ਦੇ ਲੋਕਾਂ ਨੂੰ ਜਿੱਥੇ ਪ੍ਰਦੂਸ਼ਣ ਤੋਂ ਨਿਜਾਤ ਮਿਲੇਗੀ ਉਥੇ ਉਨ੍ਹਾਂ ਦੀ ਸਿਹਤ ਵੀ ਤੰਦਰੁਸਤ ਰਹੇਗੀ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਬੁੱਢਾ ਦਰਿਆ ਸਮੁੱਚੇ ਪੰਜਾਬੀਆਂ ਦੀ ਮਲਕੀਅਤ ਹੈ। ਇਸ ਨੂੰ ਸਾਫ ਸੁਥਰਾ ਰੱਖਣਾ ਵੀ ਸਾਡਾ ਸਾਰਿਆ ਦਾ ਫ਼ਰਜ਼ ਹੈ। ਇਸ ਬੁੱਢੇ ਦਰਿਆ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਕਰਕੇ ਸਾਡੇ ਲਈ ਇਹ ਪਵਿੱਤਰ ਵੇਈਂ ਵਾਂਗ ਹੀ ਹੈ ਤੇ ਉੇਸੇ ਤਰਜ਼ ‘ਤੇ ਇਸ ਨੂੰ ਸਾਫ ਕੀਤਾ ਜਾ ਰਿਹਾ ਹੈ। ਇਸ ਮੌਕੇ ਕੌਸਲਰ ਪਾਲ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿਠੂ ਸਮੇਤ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।