ਬਿਨਾਂ ਵਰੰਟਾਂ ਤੋਂ ਹੈ ਤਲਾਸ਼ ਇਸ 'ਨਾਮੀ ਸ਼ਖ਼ਸ' ਦੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਜੁਲਾਈ, 2025: ਪੰਜਾਬ ਦੇ ਇਸ ਨਾਮਵਰ ਸ਼ਖ਼ਸ ਨੇ ਨਾ ਤਾਂ ਕੋਈ ਅਪਰਾਧ ਕੀਤਾ, ਨਾ ਕੋਈ ਠੱਗੀ ਮਾਰੀ, ਨਾ ਕੋਈ ਡਾਕਾ ਮਾਰਿਆ ਤੇ ਨਾ ਹੀ ਕਿਸੇ ਦਾ ਨੁਕਸਾਨ ਪਹੁੰਚਾਇਆ। ਪਰ ਫਿਰ ਵੀ ਉਸ ਦੀ ਚਾਰੇ ਪਾਸੇ ਤਲਾਸ਼ ਹੋ ਰਹੀ ਹੈ ਉਸ ਨੂੰ ਪੁਲਿਸ ਵੀ ਲੱਭ ਰਹੀ ਹੈ। ਸਿਆਸਤਦਾਨ ਵੀ, ਨੇਤਾ ਵੀ, ਬਿਜ਼ਨਸਮੈਨ ਵੀ, ਮੰਤਰੀ ਵੀ, ਵਿਧਾਇਕ ਵੀ ਤੇ ਦੋ ਪਾਰਟੀਆਂ ਦੇ ਸੀਨੀਅਰ ਤੇ ਜੂਨੀਅਰ ਨੇਤਾ ਵੀ, ਡੀਐਸਪੀ ਦੀ ਅਗਵਾਈ ਹੇਠ ਲਈ ਇੱਕ ਪੁਲਿਸ ਟੀਮ ਨੇ ਉਸ ਦੇ ਘਰ ਦਫ਼ਤਰ ਹੋਰ ਟਿਕਾਣਿਆਂ ਤੇ ਚੱਕਰ ਮਾਰ ਲਏ ਨੇ।
ਹਾਲਾਂਕਿ ਉਸਨੂੰ ਨਾ ਹੀ ਫੜਨਾ ਹੈ ਤੇ ਨਾ ਹੀ ਗ੍ਰਿਫਤਾਰ ਕਰਨਾ ਹੈ, ਬਸ ਸਕੀਮ ਇਹ ਹੈ ਕਿ ਇੱਕ ਵਾਰੀ ਮਿਲਜੇ ਸਹੀ, ਉਹਨੂੰ ਦੋ ਸੈਕਟਰ ਵਾਲੇ ਵੱਡੇ ਘਰ ਮਿਲਾਉਣਾ ਜਾ ਕੇ। ਦੂਜੇ ਪਾਸੇ ਇੱਕ ਪਾਰਟੀ ਦੇ ਨੇਤਾ ਨੇ ਤਾਂ ਇਹ ਕਿਹਾ ਕਿ ਮੈਂ ਤੇਰੇ ਘਰ ਆ ਕੇ ਧਰਨਾ ਮਾਰ ਕੇ ਬੈਠ ਜਾਵਾਂਗਾ, ਜੇਕਰ ਟੋਨੀ ਵਾਪਸ ਨਾ ਆਇਆ, ਇਸ ਪਾਰਟੀ ਦੇ ਹੋਰ ਨੇਤਾਵਾਂ ਨੇ ਵੀ ਇਹ ਸ਼ਖ਼ਸ ਦੀ ਪੂਰੀ ਤਲਾਸ਼ ਕੀਤੀ ਹੈ ਸ਼ਨੀਵਾਰ ਤੋਂ। ਇੱਥੋਂ ਤੱਕ ਕਿ ਉਸਦੇ ਦੋਸਤ ਇੱਕ ਪੁਲਿਸ ਅਫ਼ਸਰ ਤੋਂ ਉਸਦਾ ਅਤਾ-ਪਤਾ ਕਰਨ ਦੇ ਯਤਨ ਕੀਤੇ ਗਏ।
ਪਰ ਉਹ ਅਜਿਹਾ ਰੂਪੋਸ਼ ਹੋਇਆ ਕਿ, ਕਿਸੇ ਦੇ ਹੱਥ ਨਹੀਂ ਆਇਆ ਤੇ ਨਾ ਕਿਸੇ ਦੇ ਮੱਥੇ ਲੱਗਿਆ। ਵੈਸੇ ਤਾਂ ਉਸ ਦੀ ਤਲਾਸ਼ ਇੱਕ ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ, ਜਦੋਂ ਉਸਨੇ ਪ੍ਰੈਸ ਕਾਨਫ਼ਰੰਸ ਕਰਕੇ ਇੱਕ ਵੱਡਾ ਐਲਾਨ ਕੀਤਾ ਸੀ। ਪਰ 19 ਜੁਲਾਈ ਨੂੰ ਆਮ ਆਦਮੀ ਪਾਰਟੀ ਦੀ ਐਮਐਲਏ ਅਨਮੋਲ ਗਗਨ ਮਾਨ ਵੱਲੋਂ ਆਪਣੇ ਅਸਤੀਫ਼ੇ ਦੀ ਗੱਲ ਜਗ ਜ਼ਾਹਿਰ ਕਰਨ ਅਤੇ ਰਾਜਨੀਤੀ ਤੋਂ ਸੰਨਿਆਸ ਲੈ ਲੈਣ ਦਾ ਐਲਾਨ ਕੀਤਾ, ਤਾਂ ਇਸ ਸ਼ਖ਼ਸ ਦੇ ਇੱਕ ਟਵੀਟ ਨੇ ਪਹਿਲਾਂ ਹੀ ਚੱਲ ਰਹੀ ਸਿਆਸੀ ਕਲਾਬਾਜ਼ੀ ਦੇ ਮਾਹੌਲ ਵਿੱਚ ਤਰਥੱਲੀ ਮਚਾ ਦਿੱਤੀ।
ਨਤੀਜਾ ਇਹ ਹੋਇਆ ਕਿ ਉਸਦੀ ਤਲਾਸ਼ ਤਾਂ ਉਸ ਤਰਾਂ ਹੋਣ ਲੱਗੀ, ਜਿਵੇਂ ਉਹ ਇੱਕ ਇਸ਼ਤਿਹਾਰੀ ਮੁਜਰਮ ਤੇ ਭਗੌੜਾ ਹੋਵੇ। ਹੁਣ ਦੱਸ ਹੀ ਦਈਏ ਵੀ ਇਹ ਸ਼ਖ਼ਸ ਕੌਣ ਹੈ? ਇਹ ਸ਼ਖ਼ਸ ਹੈ ਗਿਲਕੋ ਬਿਲਡਰ ਗਰੁੱਪ ਦਾ ਮਾਲਕ ਨਾਮੀ ਬਿਜ਼ਨਸਮੈਨ ਤੇ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਜਿਸ ਨੇ 18 ਜੁਲਾਈ ਨੂੰ ਹੀ ਅਕਾਲੀ ਦਲ ਤੋਂ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ।
ਅਸਤੀਫ਼ਾ ਦੇਣ ਤੋਂ ਬਾਅਦ ਤਾਂ, ਉਸਨੇ ਆਪਣੇ ਪੱਤੇ ਅਜੇ ਖੋਲੇ ਨਹੀਂ ਸੀ, ਭਾਵ ਉਹਨੇ ਕੋਈ ਸਪਸ਼ਟ ਸੰਕੇਤ ਨਹੀਂ ਸੀ ਦਿੱਤਾ ਕਿ, ਉਹ ਅਕਾਲੀ ਦਲ ਛੱਡ ਕੇ ਕਿੱਧਰ ਜਾਏਗਾ, ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਵੇਗਾ? ਲੋਕੀ ਅਜੇ ਅੰਦਾਜ਼ੇ ਲਾ ਹੀ ਰਹੇ ਸਨ ਕਿ ਅਨਮੋਲ ਗਗਨ ਮਾਨ ਦਾ ਧਮਾਕਾ ਆ ਗਿਆ। ਸਭ ਦੀਆਂ ਨਜ਼ਰਾਂ ਰਣਜੀਤ ਗਿੱਲ ਵੱਲ ਹੋ ਗਈਆਂ, ਸੁਰਖ਼ੀਆਂ ਵੀ ਉਸ ਨਾਲ ਜੁੜ ਗਈਆਂ ਤੇ ਸਿਆਸੀ ਅਟਕਲਾਂ ਤੇ ਕਿਆਸਰਾਈਆਂ ਵੀ ਸਾਰੇ ਮਾਹੌਲ ਦੌਰਾਨ, ਉਸ ਨੂੰ ਵੀ ਪਤਾ ਲੱਗ ਗਿਆ ਕਿ ਉਸ ਦੀ ਤਲਾਸ਼ ਹੋ ਰਹੀ ਹੈ ਅਤੇ ਉਹ ਸੀਨ ਤੋਂ ਇੱਕ ਵਾਰ ਅਲੋਪ ਹੋ ਗਿਆ।
ਕਿਉਂਕਿ ਉਸ ਨੂੰ ਅੰਦਾਜ਼ਾ ਹੋ ਗਿਆ ਕਿ ਉਸ ਦੇ ਕਈ ਪਾਸਿਆਂ ਤੋਂ ਅਤੇ ਖ਼ਾਸ ਕਰਕੇ ਸੱਤਾਧਾਰੀ ਹਲਕਿਆਂ ਵੱਲੋਂ ਦਬਾਅ ਪਏਗਾ ਜਾਂ ਪੈ ਰਿਹਾ ਹੈ। ਇਸ ਲਈ ਫ਼ੋਨ ਵੀ ਬੰਦ ਸੰਪਰਕ ਵੀ ਬੰਦ ਤੇ ਤੁੱਕੇ-ਬਾਜ਼ੀਆਂ ਦਾ ਬਾਜ਼ਾਰ ਹੋਰ ਹੋਰ ਗਰਮ। ਇਹ ਨਹੀਂ ਹੈ ਕਿ ਉਸ ਦਾ ਕਿਸੇ ਨਾਲ ਸੰਪਰਕ ਨਹੀਂ। ਬਾਬੂਸ਼ਾਹੀ ਨੈੱਟਵਰਕ ਨੂੰ ਇਹ ਜਾਣਕਾਰੀ ਹੈ ਕਿ ਉਸ ਦਾ ਸੰਪਰਕ ਕਿਸ ਨਾਲ ਹੈ ਅਤੇ ਸੰਭਾਵੀ ਟਿਕਾਣਾ ਕਿਹੜਾ ਹੈ?
ਹੁਣ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਕਦੋਂ ਰੂਪੋਸ਼ੀ ਦੀ ਹਾਲਤ ਚੋਂ ਬਾਹਰ ਆਏਗਾ ਤੇ ਕੀ ਉਸਦਾ ਨਵਾਂ ਸਿਆਸੀ ਪੈਂਤਰਾ ਹੋਏਗਾ, ਕੀ ਉਹ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਉਸ ਨੂੰ ਆਪਣੇ ਆਪਣੇ ਵੱਲ ਖਿੱਚਣ ਤੇ ਜੋੜਨ ਬਾਰੇ ਉਹ ਕੀ ਫ਼ੈਸਲਾ ਕਰੇਗਾ, ਪਰ ਹੈ ਬੜਾ ਦਿਲਚਸਪ ਸੀਨ। ਪਹਿਲਾਂ ਤਾਂ ਉਹ ਸਿਰਫ਼ ਇੱਕ ਬਿਲਡਰ ਅਤੇ ਅਕਾਲੀ ਦਲ ਦਾ ਹਲਕਾ ਇੰਚਾਰਜ ਸੀ, ਜਿਸ ਨੇ ਪਿਛਲੀ ਵਿਧਾਨ ਸਭਾ ਚੋਣ ਵੀ ਲੜੀ ਸੀ, ਪਰ ਸ਼ਾਇਦ ਉਸਨੂੰ ਅੱਜ ਤੱਕ ਇੰਨੀ ਪਬਲਿਸਿਟੀ ਅਤੇ ਅਜਿਹਾ ਮੁਕਾਮ ਨਾ ਮਿਲਿਆ ਹੋਵੇ, ਜਿੰਨਾ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਮਿਲ ਗਿਆ ਹੈ।
ਹੁਣ ਦੇਖੋ ਪਾਣੀ ਕਿੱਧਰ ਨੂੰ ਵਹਿੰਦਾ ਹੈ ਤੇ ਇਸ ਨਦੀ ਜਾਂ ਦਰਿਆ ਵਿੱਚ ਜਾ ਕੇ ਮਿਲਦਾ ਹੈ। ਖਰੜ ਹਲਕੇ ਦੇ ਸਿਆਸਤਦਾਨਾਂ ਹੋਰਾਂ ਪਾਰਟੀਆਂ ਦੇ ਟਿਕਟਾਂ ਦੇ ਦਾਅਵਦਾਰਾਂ ਅਤੇ ਵੋਟਰਾਂ ਅੱਗੇ ਵੀ ਇਹ ਸਵਾਲ ਖੜਾ ਹੈ ਕਿ ਹੁਣ ਇਸ ਹਲਕੇ ਦਾ ਇਹ ਨਾਮਵਰ ਕਾਰੋਬਾਰੀ ਕਿਹੜਾ ਸਰਪ੍ਰਾਈਜ਼ ਦੇਵੇਗਾ?