USA: ਵਿਪਸਾਅ ਵੱਲੋਂ ਜਗਜੀਤ ਨੌਸ਼ਹਿਰਵੀ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ਉੱਪਰ ਵਿਚਾਰ ਗੋਸ਼ਟੀ
ਹਰਦਮ ਮਾਨ
ਹੇਵਰਡ, 21 ਜੁਲਾਈ 2025- ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਹੇਵਰਡ ਵਿਖੇ ਜਗਜੀਤ ਨੌਸ਼ਹਿਰਵੀ ਦੇ ਪਲੇਠੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਵਿਚਾਰ ਚਰਚਾ ਕਰਵਾਈ ਗਈ। ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਪੰਜਾਬ ਤੋਂ ਆਏ ਹੋਏ ਪ੍ਰਸਿੱਧ ਸ਼ਾਇਰ ਜਸਵੀਰ ਧੀਮਾਨ, ਜਸਵੀਰ ਗਿੱਲ, ਜਗਜੀਤ ਨੌਸ਼ਹਿਰਵੀ, ਹਰਜਿੰਦਰ ਕੰਗ, ਪ੍ਰੋ. ਸੁਰਿੰਦਰ ਸਿੰਘ ਸੀਰਤ, ਸੁਰਿੰਦਰ ਸਿੰਘ ਧਨੋਆ ਅਤੇ ਬਲਵਿੰਦਰ ਸਿੰਘ ਧਨੋਆ ਨੇ ਕੀਤੀ। ਵਿਪਸਾਅ ਦੇ ਪ੍ਰਧਾਨ ਕੁਲਵਿੰਦਰ ਨੇ ਸਭ ਨੂੰ ਜੀ ਆਇਆਂ ਕਿਹਾ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਪ੍ਰਸਿੱਧ ਸ਼ਾਇਰ ਈਸ਼ਰ ਸਿੰਘ ਮੋਮਨ ਅਤੇ ਟੈਕਸਸ ਵਿਖੇ ਹੜ੍ਹ ਵਿਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸੂਫ਼ੀ ਗਾਇਕ ਸੁਖਦੇਵ ਸਾਹਿਲ ਨੇ ਜਗਜੀਤ ਦੀ ਕਿਤਾਬ ਵਿੱਚੋਂ ਖ਼ੂਬਸੂਰਤ ਗ਼ਜ਼ਲ ਗਾਇਨ ਕੀਤਾ। ਇਸ ਜਗਜੀਤ ਨੌਸ਼ਹਿਰਵੀ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ ਕਿ ਉਸ ਦੇ ਦਾਦਾ ਜੀ ਵੱਲੋਂ ਘਰ ਵਿਚ ਰੱਖੇ ਕਿੱਸਾ ਕਾਵਿ ਨੇ ਉਸ ਨੂੰ ਸਾਹਿਤ ਨਾਲ਼ ਜੋੜਿਆ। ਉਸ ਨੇ ਕਾਲਜ ਦੇ ਅੰਤਿਮ ਕਾਲ ਵਿੱਚ ਲਿਖਣਾ ਸ਼ੁਰੂ ਕੀਤਾ। ਅਮਰੀਕਾ ਵਿੱਚ ਵਿਪਸਾਅ ਨਾਲ਼ ਜੁੜਨ ਅਤੇ ਜੱਥੇਬੰਦਕ ਕਾਰਜ ਕਰਨ ਦੇ ਨਾਲ਼ ਨਾਲ਼ ਕਾਵਿ ਰਚਨਾ ਵੀ ਸਹਿਜ ਕਦਮੀਂ ਚੱਲਦੀ ਰਹੀ ਜੋ ਇਸ ਕਿਤਾਬ ਦੇ ਰੂਪ ਵਿੱਚ ਸਾਹਮਣੇ ਆਈ ਹੈ। ਪ੍ਰੋ. ਬਲਜਿੰਦਰ ਸਿੰਘ ਸਵੈਚ ਨੇ ਕਿਤਾਬ ਉੱਪਰ ਭਾਵ-ਪੂਰਤ ਪਰਚਾ ਪੜ੍ਹਿਆ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦੀਆਂ ਗ਼ਜ਼ਲਾਂ, ਨਜ਼ਮਾਂ ਤੇ ਗੀਤ ਦਿਲ ਦੀ ਗਹਿਰਾਈ ਵਿੱਚੋਂ ਉਪਜੀਆਂ ਹਨ। ਇਨ੍ਹਾਂ ਵਿਚ ਗੁਰੂਆਂ ਦੀ ਰਹਿਮਤ, ਸ਼ਾਹ ਹੁਸੈਨ, ਕਰਤਾਰ ਸਿੰਘ ਸਰਾਭਾ, ਮਹਾਤਮਾ ਬੁੱਧ, ਮਹਾਰਾਜਾ ਦਲੀਪ ਸਿੰਘ ਅਤੇ ਦੁੱਲ੍ਹਾ ਭੱਟੀ ਆਦਿ ਪੰਜਾਬ ਦੇ ਨਾਇਕ ਨਵੇਂ ਰੂਪ ਵਿੱਚ ਜੀਵੰਤ ਹੋਏ ਹਨ। ਇਹ ਕਿਤਾਬ ਅਮਰੀਕੀ ਪੰਜਾਬੀ ਸਾਹਿਤ ਵਿੱਚ ਮਹੱਤਵਪੂਰਣ ਵਾਧਾ ਹੈ।
.jpg)
ਜਗਜੀਤ ਨੌਸ਼ਹਿਰਵੀ ਦੇ ਬੇਟੇ ਜੇਅ ਸੰਧੂ ਨੇ ਕਿਤਾਬ ਦੀ ਵਧਾਈ ਦਿੰਦਿਆਂ ਕਿਹਾ ਕਿ ਉਸ ਨੂੰ ਆਪਣੇ ਡੈਡੀ ’ਤੇ ਬਹੁਤ ਮਾਣ ਹੈ। ਮਨਜੀਤ ਪਲਾਹੀ ਨੇ ‘ਰਾਤ ਸ਼ਿਫ਼ਟ ਦੀਆਂ ਨਰਸਾਂ’ ਕਵਿਤਾ ਦਾ ਅੰਗਰੇਜ਼ੀ ਵਿੱਚ ਅਨੁਵਾਦ ਪੇਸ਼ ਕੀਤਾ। ਪ੍ਰੋ. ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਜਗਜੀਤ ਨੇ ਆਪਣੇ ਸ਼ਿਅਰਾਂ ਵਿੱਚ ਨਵੇਂ ਰੰਗ ਭਰੇ ਹਨ ਅਤੇ ਸਭ ਤੋਂ ਔਖੀ ਬਹਿਰ ਨੂੱ ਬਾਖੂਬੀ ਨਿਭਾਇਆ ਹੈ। ਸੁਰਜੀਤ ਸਖੀ ਨੇ ਕਿਹਾ ਕਿ ਜਗਜੀਤ ਦੀਆਂ ਗ਼ਜ਼ਲਾਂ ਵਿਚ ਦਿਲਕਸ਼ ਰੰਗ ਹਨ ਤੇ ਉਸ ਦੀਆਂ ਕਵਿਤਾਵਾਂ ਪਾਠਕਾਂ ਨਾਲ਼ ਸੰਵਾਦ ਛੇੜਦੀਆਂ ਹਨ। ਉਸ ਦੇ ਸ਼ਿਅਰ ਪਾਠਕ ਨੂੰ ਨਾਲ਼-ਨਾਲ਼ ਤੋਰ ਲੈਂਦੇ ਹਨ। ਹਰਜਿੰਦਰ ਕੰਗ ਨੇ ਕਿਹਾ ਕਿ ਜਗਜੀਤ ਨੂੰ ਗ਼ਜ਼ਲ ਦੇ ਰੂਪਕ ਪੱਖ ਦੀ ਗਹਿਰੀ ਸਮਝ ਹੈ ਅਤੇ ਉਹ ਇਕ ਪਰਪੱਕ ਸ਼ਾਇਰ ਵਜੋਂ ਸਾਹਮਣੇ ਆਇਆ ਹੈ। ਉਸ ਦੇ ਕਈ ਸ਼ਿਅਰਾਂ ਵਿੱਚ ਰੰਗ-ਇ-ਤਗ਼ਜ਼ਲ ਕਮਾਲ ਦਾ ਹੈ। ਹਰਪ੍ਰੀਤ ਕੌਰ ਧੂਤ ਨੇ ਕੁਝ ਚੋਣਵੇਂ ਸ਼ਿਅਰਾਂ ਦੇ ਹਵਾਲੇ ਨਾਲ ਆਪਣੇ ਵਿਚਾਰ ਰੱਖੇ ਅਤੇ ਜਗਜੀਤ ਦੀ ਸ਼ਬਦ ਦੁਆ ਨੂੰ ਦੁਹਰਾਇਆ ਕਿ ‘ਤੇਰੇ ਅੰਦਰੋਂ ਕਦੇ ਨਾ ਸੁੱਕੇ ਸ਼ਬਦਾਂ ਦਾ ਦਰਿਆ’।
ਡਾ. ਸੁਖਵਿੰਦਰ ਕੰਬੋਜ ਨੇ ਕਿਹਾ ਕਿ ਸਾਹਿਤ ਉਹ ਹੈ ਜੋ ਸਾਡੇ ਨਾਲ਼ ਨਾਲ਼ ਜੀਵਨ ਵਿੱਚ ਚਲਦਾ ਹੈ। ਜੀਵਨ ਤੋਂ ਅਲੱਗ ਕੋਈ ਸਾਹਿਤ ਨਹੀਂ ਹੋ ਸਕਦਾ। ਜਗਜੀਤ ਦੀਆਂ ਕਵਿਤਾਵਾਂ ਵੀ ਮਨੁੱਖੀ ਰਿਸ਼ਿਤਆਂ ਅਤੇ ਸਾਡੇ ਸਮਾਜ ਸਨਮੁੱਖ ਮੁਸ਼ਕਿਲਾਂ ਦੁਆਲੇ ਬੁਣੀਆਂ ਹਨ ਤੇ ਇਸੇ ਕਰ ਕੇ ਭਾਵਪੂਰਤ ਹਨ। ਕੁਲਵਿੰਦਰ ਨੇ ਕਿਹਾ ਕਿ ਜਗਜੀਤ ਨੇ ਛੰਦ ਮੁਕਤ ਕਵਿਤਾਵਾਂ ਵਿੱਚ ਆਧੁਨਿਕ ਭਾਵ-ਬੋਧ, ਨਵੇਂ ਬਿੰਬ-ਵਿਧਾਨ ਤੇ ਸਮਕਾਲੀ ਮੁੱਦਿਆਂ ਨੂੰ ਬਾਖ਼ੂਬੀ ਚਿੱਤਰਿਆ ਹੈ। ਉਸ ਨੇ ਗੀਤਾਂ ਨੂੰ ਪੁੱਤਾਂ ਵਰਗੇ ਮਜ਼ਬੂਤ ਬਣਾਇਆ ਹੈ ਤੇ ਗ਼ਜ਼ਲਾਂ ਨੂੰ ਧੀਆਂ ਵਰਗੀ ਕੋਮਲਤਾ ਬਖ਼ਸ਼ੀ ਹੈ।
ਚਰਨਜੀਤ ਸਿੰਘ ਪੰਨੂ, ਤਾਰਾ ਸਿੰਘ ਸਾਗਰ, ਸੁਰਿੰਦਰ ਸਿੰਘ ਧਨੋਆ, ਬਲਵਿੰਦਰ ਸਿੰਘ ਧਨੋਆ ਨੇ ਖੂਬਸੂਰਤ ਕਾਵਿ ਰਚਨਾ ਲਈ ਜਗਜੀਤ ਨੂੰ ਵਧਾਈ ਦਿੱਤੀ। ਜਸਵੀਰ ਧੀਮਾਨ ਨੇ ਵਿਪਸਾਅ ਨੂੰ ਸਫ਼ਲ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਵਿਪਸਾਅ ਵੱਲੋਂ ਜਗਜੀਤ ਨੌਸ਼ਹਿਰਵੀ, ਜਸਵੀਰ ਧੀਮਾਨ ਅਤੇ ਉਹਨਾਂ ਦੀ ਪਤਨੀ ਅਤੇ ਹਰਜਿੰਦਰ ਕੰਗ ਦਾ ਸਨਮਾਨ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਹਰਜਿੰਦਰ ਕੰਗ ਦਾ ਕਾਵਿ ਸੰਗ੍ਰਿਹ ‘ਵੇਲ ਰੁਪਏ ਦੀ ਵੇਲ’ ਵੀ ਲੋਕ ਅਰਪਣ ਕੀਤਾ ਗਿਆ ਅਤੇ ਇਸ ਬਾਰੇ ਸੰਤੋਖ ਮਿਨਹਾਸ ਦਾ ਲਿਖਿਆ ਰਿਵੀਊ ਅਵਤਾਰ ਗੋਂਦਾਰਾ ਵੱਲੋਂ ਪੜ੍ਹਿਆ ਗਿਆ। ਕਵੀ ਦਰਬਾਰ ਵਿੱਚ ਪ੍ਰਿੰ. ਹਜ਼ੂਰਾ ਸਿੰਘ, ਜਸਵੰਤ ਸ਼ਾਦ, ਚਰਨਜੀਤ ਸਿੰਘ ਗਿੱਲ, ਗੁਰਤੇਜ ਪਰਸਾ ਆਦਿ ਨੇ ਆਪਣੀ ਰਚਨਾਵਾਂ ਸੁਣਾਈਆਂ। ਪ੍ਰਿੰ. ਹਰਨੇਕ ਸਿੰਘ ਨੇ ਮਿੰਨੀ ਕਹਾਣੀ ਪੜ੍ਹੀ। ਹੋਰਨਾਂ ਤੋਂ ਇਲਾਵਾ ਡਾ. ਗੁਰਪ੍ਰੀਤ ਕੌਰ ਹਾਜ਼ਰਾ, ਸੁਰਿੰਦਰ ਕੌਰ ਹਾਜ਼ਰਾ, ਪ੍ਰੋ. ਸੁਖਦੇਵ ਸਿੰਘ, ਵਿਜੇ ਸਿੰਘ, ਅਵਤਾਰ ਲਾਖਾ, ਜੋਤੀ, ਕਮਲ ਸਿੱਧੂ, ਮਹਿੰਗਾ ਸਿੰਘ ਸਰਪੰਚ, ਸੋਨੂੰ ਸਾਹਿਲ, ਰਿੰਮੀ ਸੰਧੂ ਵੀ ਵਿਚਾਰ ਗੋਸ਼ਟੀ ਵਿਚ ਹਾਜਰ ਸਨ। ਪ੍ਰੋਗਰਾਮ ਦਾ ਸੰਚਾਲਨ ਲਾਜ ਨੀਲਮ ਸੈਣੀ ਨੇ ਬਾਖੂਬੀ ਕੀਤਾ।