ਬਠਿੰਡਾ ਦਾ ਬੱਸ ਅੱਡਾ ਸ਼ਹਿਰੋਂ ਬਾਹਰ ਲਿਜਾਣ ਖਿਲਾਫ ਲੱਗੀ ਸੰਘਰਸ਼ ਦੇ ਨਗਾਰੇ ਤੇ ਚੋਟ
ਅਸ਼ੋਕ ਵਰਮਾ
ਬਠਿੰਡਾ,21 ਜੁਲਾਈ 2025: ਬਠਿੰਡਾ ’ਚ ਮਲੋਟ ਰੋਡ ਤੇ ਬਣਨ ਵਾਲੇ ਨਵੇਂ ਬੱਸ ਅੱਡੇ ਖਿਲਾਫ ਇੱਕ ਵਾਰ ਫਿਰ ਲੋਕ ਰੋਹ ਦਾ ਮੁੱਢ ਬੱਝਿਆ ਹੈ। ਬੱਸ ਅੱਡਾ ਬਚਾਉਣ ਲਈ ਬਣੀ ਸੰਘਰਸ਼ ਕਮੇਟੀ ਨੇ ਅੰਦੋਲਨ ਦੇ 90 ਦਿਨ ਮੁਕੰਮਲ ਹੋਣ ਤੇ ਮੰਗਲਵਾਰ ਨੂੰ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਅਤੇ ਪਹਿਲੀ ਅਗਸਤ ਨੂੰ ਕੋਰਟ ਰੋਡ ਬੰਦ ਰੱਖਣ ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹੋ ਹੀ ਨਹੀਂ ਸੰਘਰਸ਼ ਕਮੇਟੀ ਨੇ 15 ਅਗਸਤ ਨੂੰ ਅਜਾਦੀ ਦਿਵਸ ਵਾਲੇ ਦਿਨ ਆਪਣੀ ਲੜਾਈ ਨੂੰ ਤਿੱਖੀ ਕਰਨ ਦਾ ਫੈਸਲਾ ਵੀ ਲਿਆ ਹੈ।
ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ, ਕਮੇਟੀ ਮੈਂਬਰ ਕੌਂਸਲਰ ਸੰਦੀਪ ਬੌਬੀ , ਵਿਦਿਆਰਥੀ ਆਗੂ ਪਾਇਲ ਅਰੋੜਾ , ਗੁਰਪ੍ਰੀਤ ਆਰਟਿਸਟ , ਅਤੇ ਹਰਵਿੰਦਰ ਸਿੰਘ ਹੈਪੀ ਨੇ ਅੱਜ ਆਪਣੀ ਮੰਗ ਦੇ ਸਬੰਧ ਵਿੱਚ ਤੱਥਾਂ ਸਾਹਿਤ ਵੇਰਵੇ ਜਾਰੀ ਕੀਤੇ ਅਤੇ ਅੰਤਿਮ ਜਿੱਤ ਤੱਕ ਤਿੱਖੀ ਲੜਾਈ ਦਾ ਅਹਿਦ ਦੁਰਹਾਇਆ। ਆਗੂਆਂ ਨੇ ਕਿਹਾ ਕਿ ਕਿਹਾ ਕਿ ਅਜਾਦੀ ਦਿਵਸ ਖੁਸ਼ੀਆਂ ਅਤੇ ਖੇੜਿਆਂ ਦਾ ਦਿਹਾੜਾ ਹੋਣ ਕਰਕੇ ਉਹ ਇਸ ਰਾਹ ਨਹੀਂ ਪੈਣਾ ਚਾਹੁੰਦੇ ਸਨ ਇਹ ਤਾਂ ਪ੍ਰਸ਼ਾਸ਼ਨ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਉਨ੍ਹਾਂ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਸੰਘਰਸ਼ ਲਈ ਤਿਆਰ ਹੈ ਅਤੇ ਜੇਕਰ ਸਰਕਾਰ ਚਾਹੇ ਤਾਂ ਉਨ੍ਹਾਂ ਨੂੰ ਜੇਲ੍ਹਾ ’ਚ ਡੱਕ ਸਕਦੀ ਹੈ ਉਹ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਅੱਡੇ ਦੇ 12 ਸੌ ਮੀਟਰ ਦੇ ਘੇਰੇ ਅੰਦਰ ਇਕੱਲੇ 62 ਸੁਪਰਸਪੈਸ਼ਲਟੀ ਹਸਪਤਾਲ ਹਨ ਜਿੱਥੇ ਰੋਜਾਨਾ ਮਰੀਜਾਂ ਦਾ ਪਤਾ ਲੈਣ ਲਈ ਸੈਂਕੜਿਆਂ ਦੀ ਗਿਣਤੀ ’ਚ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੁੱਝ ਦੂਰੀ ਤੇ ਸਥਿਤ ਸਰਕਾਰੀ ਸਿਵਲ ਹਸਪਤਾਲ , ਜੱਚਾ ਤੇ ਬੱਚਾ ਹਸਪਤਾਲ ਅਤੇ ਬਾਕੀ ਸਰਕਾਰੀ ਅਦਾਰਿਆਂ ਦੀ ਰੋਜਾਨਾ ਓਪੀਡੀ ਤਕਰੀਬਨ ਦੋ ਹਜ਼ਾਰ ਰੋਜਾਨਾ ਹੈ।
ਆਗੂਆਂ ਨੇ ਦੱਸਿਆ ਕਿ ਸਰਕਾਰੀ ਰਜਿੰਦਰਾ ਕਾਲਜ ’ਚ ਪੇਂਡੂ ਖੇਤਰਾਂ ਚੋਂ ਹਰ ਰੋਜ 2800 ਤੋਂ ਵੱਧ ਮੁੰਡੇ ਕੁੜੀਆਂ ਸਿੱਖਿਆ ਹਾਸਲ ਕਰਨ ਲਈ ਆਉਂਦੇ ਹਨ ਜਦੋਂਕਿ ਡੀਏਵੀ ਕਾਲਜ ’ਚ ਦੋਵਾਂ ਵਰਗਾਂ ਦੇ ਪੇਂਡੂ ਬੱਚਿਆਂ ਦੀ ਗਿਣਤੀ 1828 ਹੈ। ਉਨ੍ਹਾਂ ਕਿਹਾ ਕਿ ਸਿਰਫ ਇੱਥੇ ਹੀ ਬੱਸ ਨਹੀਂ ਬੱਸ ਅੱਡੇ ਦੇ ਨਜ਼ਦੀਕ ਪੈਂਦੀਆਂ ਜਿਲ੍ਹਾ ਕਚਹਿਰੀਆਂ ਤੋਂ ਇਲਾਵਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ 30 ਮਹੱਤਵਪੂਰਨ ਸਰਕਾਰੀ ਮਹਿਕਮਿਆਂ ਦੇ ਦਫਤਰ ਹਨ ਜਿੱਥੇ ਵੱਡੀ ਗਿਣਤੀ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਘਰਾਂ ਅਤੇ ਦੁਕਾਨਾਂ ਤੇ ਵੱਡੀ ਗਿਣਤੀ ਪੁਰਸ਼ਾਂ ਅਤੇ ਔਰਤਾਂ ਕੰਮ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇੰਨ੍ਹਾਂ ਥਾਵਾਂ ਤੇ ਪੈਦਲ ਜਾਇਆ ਜਾ ਸਕਦਾ ਹੈ ਜਦੋਂਕਿ ਮਲੋਟ ਰੋਡ ਤੋਂ ਆਉਣਾ ਤੇ ਜਾਣਾ ਲਈ ਮੁਸੀਬਤਾਂ ਦਾ ਸਬੱਬ ਬਣੇਗਾ। ਉਨ੍ਹਾਂ ਸਵਾਲ ਕੀਤਾ ਕਿ ਬਾਹਰਲੇ ਪਿੰਡਾਂ ਤੋਂ ਆਉਣ ਵਾਲਿਆਂ ਨੂੰ ਕੀ ਮਲੋਟ ਰੋਡ ਤੋਂ ਇਸ ਤਰਫ ਆਉਣਾ ਮਹਿੰਗਾ ਨਹੀਂ ਹੋਵੇਗਾ। ਸੰਘਰਸ਼ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਦੱਸਿਆ ਕਿ ਪ੍ਰਸ਼ਾਸ਼ਨ ਆਪਣੀ ਹੀ ਕਮੇਟੀ ’ਤੇ ਦਬਾਅ ਬਣਾਉਂਦਿਆਂ ਮਲੋਟ ਰੋਡ ’ਤੇ ਬੱਸ ਅੱਡਾ ਬਣਾਉਣ ਦੇ ਹੱਕ ਵਿੱਚ ਰਿਪੋਰਟ ਤਿਆਰ ਕਰਵਾਉਣਾ ਚਾਹੁੰਦਾ ਹੈ।
ਜਦਕਿ ਕਿਸੇ ਵੀ ਥਾਂ ਤੇ ਦੋ ਬੱਸ ਸਟੈਂਡ ਚਲਾਉਣੇ ਸੰਭਵ ਨਹੀਂ ਹਨ ਅਤੇ ਇਸਦਾ ਇਕੋ ਹੱਲ ਮੌਜੂਦਾ ਥਾਂ ’ਤੇ ਹੀ ਬੱਸ ਅੱਡਾ ਰੱਖਣਾ ਹੈ। ਕਿਹਾ ਕਿ ਪ੍ਰਸ਼ਾਸ਼ਨ ਲੋਕਾਂ ਨੂੰ ਦੋ ਬੱਸ ਅੱਡਿਆਂ ਦੇ ਝੂਠੇ ਸੁਪਨੇ ਅਤੇ ਮੁਫਤ ਬੱਸ ਸਫਰ ਦਾ ਲਾਲੀਪਾਪ ਦਿਖਾਕੇ ਗੁੰਮਰਾਹ ਕਰ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕੁੱਝ ਸਿਆਸੀ ਬੰਦਿਆਂ ਦੀ ਹਿੰਢ ਪੁਗਾਉਣ ਲਈ ਬਠਿੰਡਾ ਪ੍ਰਸ਼ਾਸ਼ਨ ਨੇ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੂੰ ਸੂਲੀ ਟੰਗਣ ਦੀ ਤਿਆਰੀ ਕੀਤੀ ਹੈ ਪਰ ਲੋਕ ਰੋਹ ਦੇ ਝੱਖੜ ਸਹਾਰੇ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ। ਆਗੂਆਂ ਨੇ ਸਮੂਹ ਸ਼ਹਿਰੀਆਂ ਨੂੰ ਇਹ ਲੋਕ ਵਿਰੋਧੀ ਫੈਸਲੇ ਖਿਲਾਫ ਡਟਣ ਦਾ ਸੱਦਾ ਵੀ ਦਿੱਤਾ।