ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ ਬਿਜਲੀ ਮੁਲਾਜ਼ਮਾਂ ਨੇ ਦਿੱਤਾ ਸਰਕਲ ਪੱਧਰੀ ਧਰਨਾ
ਅਸ਼ੋਕ ਵਰਮਾ
ਬਠਿੰਡਾ ,21ਜੁਲਾਈ 2025 :ਪਾਵਰ ਕਾਮ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ ਵਿੱਚ ਬਿਜਲੀ ਮੁਲਾਜ਼ਮਾਂ ਵਲੋਂ ਲੜੀਵਾਰ ਸਰਕਲ ਪੱਧਰੀ ਧਰਨੇ ਜਾਰੀ ਹਨ।ਇਸ ਸਬੰਧੀ ਅਜ ਥਰਮਲ ਕਲੋਨੀ ਗੇਟ ਨੰਬਰ -03 ਬਠਿੰਡਾ ਵਿਖੇ ਪੀ ਐਸ ਈ ਬੀ ਜੁਆਇੰਟ ਫੋਰਮ , ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੇ ਸੱਦੇ ਤੇ ਦੀਪ ਪ੍ਰਤਾਪ ਗੜੀਆ ਐਮ ਐਸ ਯੂ,ਅਤੇ ਅੰਗਰੇਜ਼ ਸਿੰਘ ਸਰਕਲ ਸਕੱਤਰ TSU ,ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ । ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਮਿਤੀ 2 ਜੂਨ2025 ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪਾਵਰ ਪ੍ਰਬੰਧਨ ਦੀ ਮੀਟਿੰਗ ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਰਜਿ 24, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਾਵਰਕਾਮ ਟ੍ਰਾਂਸ਼ਕੋ ਜਥੇਬੰਦੀਆਂ ਨਾਲ ਹੋਈ ਸੀ।
ਉਐਨਾਂ ਦੱਸਿਆ ਕਿ ਇਸ ਮੌਕੇ ਲਗਭਗ 25 ਤੋਂ ਵੱਧ ਜ਼ਾਇਜ ਮੰਗਾਂ ਤੇ ਗੱਲਬਾਤ ਰਾਹੀਂ ਸਹਿਮਤਿਆਂ ਬਣੀਆਂ ਸਨ ਅਤੇ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਹਨਾਂ ਸਹਿਮਤੀਆਂ ਨੂੰ 10 ਦਿਨਾਂ ਦੇ ਅੰਦਰ-ਅੰਦਰ ਲਾਗੂ ਕਰ ਦਿੱਤਾ ਜਾਵੇਗਾ।ਆਗੂਆਂ ਵੱਲੋਂ ਦੱਸਿਆ ਗਿਆ ਕਿ ਡੇਢ ਮਹੀਨਾ ਬੀਤਣ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਇਨ੍ਹਾਂ ਹੱਕੀ ਅਤੇ ਜਾਇਜ਼ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਵਿੱਚ ਬਿਜਲੀ ਨਿਗਮ ਦਾ ਪ੍ਰਸ਼ਾਸਨ ਨਾਕਾਮ ਰਿਹਾ ਹੈ ਜਿਸ ਕਾਰਨ ਸਮੂਹ ਬਿਜਲੀ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ, ਜਿਸ ਦੇ ਚੱਲਦੇ ਸਮੂਹ ਬਿਜਲੀ ਕਰਮਚਾਰੀ ਸੂਬੇ ਵਿੱਚ25 ਜੂਨ ਤੋਂ ਵਰਕ ਟੂ ਰੂਲ ਅਨੁਸਾਰ ਸਿਰਫ ਆਪਣੀ ਬਣਦੀ ਡਿਊਟੀ ਕਰ ਰਹੇ ਹਨ ਅਤੇ ਪੰਜਾਬ ਦੇ ਵੱਖ-ਵੱਖ ਸਰਕਲ ਦਫਤਰਾਂ ਅੱਗੇ ਲੜੀਵਾਰ ਭਰਵੇਂ ਰੋਸ ਧਰਨੇ ਲਗਾ ਰਹੇ ਹਨ।
ਉਹਨਾਂ ਦੱਸਿਆ ਕਿ ਕਿ ਪੰਜਾਬ ਦੀ ਮੌਜੂਦਾ ਸਰਕਾਰ ਵਲੋਂ 2022 ਦੇ ਚੋਣ ਮਨੋਰਥ ਵਿੱਚ ਮੁਲਾਜ਼ਮਾਂ ਲਈ ਬਹੁਤ ਸਾਰੀਆਂ ਵਿਸ਼ੇਸ਼ ਗਰੰਟੀਆਂ ਦਾ ਵਾਅਦਾ ਕੀਤਾ ਸੀ, ਜਿਸ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ, ਮਿਤੀ 17.07.2020 ਦਾ ਪੱਤਰ ਜਿਸ ਰਾਹੀਂ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਤੇ 7ਵੇਂ ਕੇਂਦਰੀ ਤਨਖਾਹ ਸਕੇਲਾਂ ਦੇ ਥੋਪੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰਨਾ ਵੀ ਸ਼ਾਮਿਲ ਸੀ, ਪਰੰਤੂ ਅੱਜ ਇਸ ਨੋਟੀਫਿਕੇਸ਼ਨ ਨੂੰ ਪੂਰੇ 5 ਸਾਲ ਦਾ ਸਮਾਂ ਬੀਤਣ ਅਤੇ ਮੌਜੂਦਾ ਸਰਕਾਰ ਦੇ ਕਾਰਜਕਾਲ ਨੂੰ 3 ਸਾਲ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਪੰਜਾਬ ਦੇ ਨਵ-ਭਰਤੀ ਨੌਜਵਾਨ ਕੇਂਦਰੀ ਸਕੇਲਾਂ ਦੀ ਮਾਰ ਹੇਠ ਹਨ ਅਤੇ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਤੋਂ ਘੱਟ ਤਨਖਾਹ ਲੈ ਰਹੇ ਹਨ। ਜਥੇਬੰਦੀ ਨੇ ਮੰਗ ਕੀਤੀ ਕਿ ਇਹ ਨੋਟੀਫਿਕੇਸ਼ਨ ਤੁਰੰਤ ਰੱਦ ਕਰਕੇ ਪਹਿਲਾਂ ਵਾਲੇ ਸਕੇਲ ਲਾਗੂ ਕੀਤੇ ਜਾਣ।
ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਬਿਜਲੀ ਮੰਤਰੀ ਦੀ ਹਾਜ਼ਰੀ ਵਿੱਚ ਹੋਈਆਂ ਸਹਿਮਤੀਆਂ ਨੂੰ ਲਾਗੂ ਨਹੀਂ ਕਰਦੀ ਤਾਂ ਵਰਕ ਟੂ ਰੂਲ ਅਗਲੇ ਐਲਾਨ ਤੱਕ ਲਗਾਤਾਰ ਜਾਰੀ ਰਹੇਗਾ ਅਤੇ ਬਿਜਲੀ ਮੁਲਾਜ਼ਮ ਭਾਰੀ ਗਿਣਤੀ ਵਿੱਚ 27 ਜੁਲਾਈ 2025 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧਰਨਾ ਲਗਾਉਣਗੇ ਅਤੇ ਅਗਸਤ ਮਹੀਨੇ ਦੇ ਪਹਿਲੇ ਹਫਤੇ ਸਮੂਹ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀਆਂ ਤੇ ਜਾਣ ਲਈ ਮਜਬੂਰ ਹੋਣਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪਾਵਰ ਪ੍ਰਬੰਧਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਸੇਖੋ, ਅਵਤਾਰ ਸਿੰਘ ਜੈਤੋ , ਨਛੱਤਰ ਸਿੰਘ, ਰੇਸ਼ਮ ਸਿੰਘ ਬਰਾੜ, ਰਵਿੰਦਰਪਾਲ ਸਿੰਘ , ਮੱਘਰ ਸਿੰਘ,ਰਾਜ ਮਹੇਸ਼, ਹਰਜਿੰਦਰ ਸਿੰਘ,ਅਰੁਣ ਕੁਮਾਰ ਤ੍ਰਿਪਾਠੀ , ਪੂਰਨ ਸਿੰਘ ਗੁੰਮਟੀ, ਬਲਜਿੰਦਰ ਸਿੰਘ, ਅੰਗਰੇਜ਼ ਸਿੰਘ , ਬਲਜੀਤ ਸਿੰਘ,ਭੀਮ ਸੈਨ, ਮਨਿੰਦਰ ਸਿੰਘ, ਅਤੁਲ ਕੁਮਾਰ, ਕਰਮਜੀਤ ਸਿੰਘ,ਅਮਰਜੀਤ ਸਿੰਘ ਮੰਗਲੀ, ਰਵਿੰਦਰ ਕੁਮਾਰ, ਜਸਵਿੰਦਰ ਸਿੰਘ ਬਰਗਾੜੀ, ਪੁਨੀਤ ਗੇਰਾ, ਦੀਪ ਪ੍ਰਤਾਪ ਗੜੀਆ ਨੇ ਸੰਬੋਧਨ ਕੀਤਾ