BJP Breaking: ਦੇਖੋ ਕੌਣ ਬਣੇਗਾ ਭਾਜਪਾ ਦਾ ਨਵਾਂ ਪ੍ਰਧਾਨ? ਵੇਖੋ ਰੇਸ 'ਚ ਕਿਹੜਾ ਅੱਗੇ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਨਵੀਂ ਦਿੱਲੀ, 9 ਜੁਲਾਈ 2025- ਬਿਹਾਰ ਚੋਣਾਂ ਨੂੰ ਲੈ ਕੇ ਜਿੱਥੇ ਰਾਜਨੀਤੀ ਪੂਰੀ ਤਰ੍ਹਾਂ ਨਾਲ ਗਰਮਾ ਚੁੱਕੀ ਹੈ, ਉੱਥੇ ਹੀ ਪਿਛਲੇ ਕੁੱਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਨਵਾਂ ਪ੍ਰਧਾਨ ਮਿਲਣ ਦੀਆਂ ਵੀ ਚਰਚਾਵਾਂ ਜ਼ੋਰਾਂ ਤੇ ਹਨ। ਲਗਾਤਾਰ ਵੱਖੋ-ਵੱਖ ਲੀਡਰਾਂ ਦੇ ਨਾਮ ਖ਼ਬਰਾਂ ਦੇ ਵਿੱਚ ਸਾਹਮਣੇ ਆ ਰਹੇ ਹਨ ਅਤੇ ਇੱਕ ਅਦਾਰੇ ਨੇ ਤਾਂ ਰਿਪੋਰਟ ਵੀ ਕਰ ਦਿੱਤੀ ਹੈ ਕਿ ਕਿਸੇ ਔਰਤ ਨੂੰ ਭਾਜਪਾ ਪ੍ਰਧਾਨ ਬਣਾਉਣ ਜਾ ਰਹੀ ਹੈ।
ਹਾਲਾਂਕਿ ਬਾਬੂਸ਼ਾਹੀ ਸੂਤਰਾਂ ਦੇ ਹਵਾਲੇ ਨਾਲ ਕੋਲ ਜਿਹੜੀ ਹੁਣ ਤੱਕ ਦੀ ਸਭ ਤੋਂ ਵੱਡੀ ਜਾਣਕਾਰੀ ਸਾਹਮਣੇ ਆਈ ਹੈ, ਉਹ ਇਹ ਹੈ ਕਿ ਭਾਜਪਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੂੰ ਪ੍ਰਧਾਨ ਬਣ ਸਕਦੀ ਹੈ । ਭਾਜਪਾ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ, ਮਨੋਹਰ ਲਾਲ ਖੱਟਰ ਦਾ ਨਾਂ ਸਭ ਤੋਂ ਮੋਹਰਲੀ ਕਤਾਰ ਚ ਹੈ। ਉਨ੍ਹਾਂ ਨੂੰ ਭਾਜਪਾ ਦੇ ਅੰਦਰ ਇੱਕ ਵਿਸ਼ਵਾਸਯੋਗ ਅਤੇ ਆਰਐਸਐਸ ਤੋਂ ਆਏ ਹੋਏ ਲੀਡਰ ਵਜੋਂ ਜਾਣਿਆ ਜਾਂਦਾ ਹੈ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਭਾਜਪਾ ਦੇ ਮੌਜੂਦਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ (ਜੇ.ਪੀ. ਨੱਡਾ) ਦਾ ਕਾਰਜਕਾਲ ਜਲਦ ਹੀ ਸਮਾਪਤ ਹੋ ਰਿਹਾ ਹੈ। ਨੱਡਾ ਦੀ ਅਗਵਾਈ ਹੇਠ ਭਾਜਪਾ ਨੇ ਕਈ ਰਾਜਾਂ ਵਿੱਚ ਚੋਣਾਂ ਜਿੱਤੀਆਂ, ਪਰ 2024 ਦੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲ ਸਕਿਆ। ਇਸੇ ਸੰਦਰਭ ਵਿੱਚ ਪਾਰਟੀ ਹੁਣ ਅਜਿਹੇ ਨੇਤਾ ਦੀ ਤਲਾਸ਼ ਕਰ ਰਹੀ ਹੈ, ਜਿਸ ਦਾ ਪਿਛੋਕੜ ਵੀ ਆਰਐਸਐਸ ਵਾਲਾ ਹੋਵੇ ਅਤੇ ਸਰਕਾਰ ਵਿੱਚ ਵੀ ਵੱਡੇ ਅਹੁਦੇ ਉੱਤੇ ਹੋਵੇ।
ਦੱਸਣਾ ਬਣਦਾ ਹੈ ਕਿ, ਮਨੋਹਰ ਲਾਲ ਖੱਟਰ ਦਾ ਜਨਮ 5 ਮਈ 1954 ਨੂੰ ਰੋਹਤਕ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਇਆ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਆਰਐਸਐਸ ਤੋਂ ਕੀਤੀ। ਲੰਬੇ ਸਮੇਂ ਤੱਕ ਸੰਘ ਲਈ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੂੰ ਭਾਜਪਾ ਵਿੱਚ ਅਹਿਮ ਜ਼ਿੰਮੇਵਾਰੀਆਂ ਮਿਲੀਆਂ ਹਨ।
ਦੱਸ ਦਈਏ ਕਿ, ਖੱਟਰ ਪਹਿਲੀ ਵਾਰ 2014 ਵਿੱਚ ਮੁੱਖ ਮੰਤਰੀ ਬਣੇ, ਜਿਸ ਨਾਲ ਉਹ ਲਮੇ ਸਮੇਂ ਬਾਅਦ ਹਰਿਆਣਾ ਦੇ ਅਜਿਹੇ ਮੁੱਖ ਮੰਤਰੀ ਬਣੇ ਜੋ ਗੈਰ-ਜਾਟ ਪਿੱਛੋਕੜ ਤੋਂ ਸਨ। ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਨੇ ਹਰਿਆਣਾ ਵਿੱਚ ਪਹਿਲੀ ਵਾਰ ਸਪੱਸ਼ਟ ਬਹੁਮਤ ਹਾਸਲ ਕੀਤਾ। ਹਾਲਾਂਕਿ 2019 ਵਿੱਚ ਉਹ ਦੁਬਾਰਾ ਮੁੱਖ ਮੰਤਰੀ ਬਣੇ, ਪਰ ਇਸ ਦੌਰਾਨ ਉਨ੍ਹਾਂ ਨੇ JJP ਨਾਲ ਮਿਲ ਕੇ ਗਠਜੋੜ ਸਰਕਾਰ ਬਣਾਈ। ਖੱਟਰ ਨੇ ਆਪਣੇ ਕਾਰਜਕਾਲ ਦੌਰਾਨ ਪਾਰਦਰਸ਼ੀ ਪ੍ਰਸ਼ਾਸਨ, ਨਵੀਂ ਭਰਤੀ ਨੀਤੀਆਂ, ਡੀਜੀਟਲ ਗਵਰਨੈਂਸ, ਅਤੇ ਕਿਸਾਨੀ ਸੁਧਾਰਾਂ ਦੀਆਂ ਪਹਿਲਾਂ ਰਾਹੀਂ ਸਰਕਾਰ ਦੇ ਅਕਸ ਨੂੰ ਮਜ਼ਬੂਤ ਕੀਤਾ ਹੈ।
ਖ਼ੈਰ..! ਜੇ ਮਨੋਹਰ ਲਾਲ ਖੱਟਰ ਭਾਜਪਾ ਦੇ ਪ੍ਰਧਾਨ ਬਣਦੇ ਹਨ, ਤਾਂ ਉਹ ਨਾ ਕੇਵਲ ਪਾਰਟੀ ਦੇ ਅੰਦਰ ਆਰਐਸਐਸ ਨਾਲ ਤਾਲਮੇਲ ਰੱਖਣ ਵਾਲਾ ਚਿਹਰਾ ਹੋਣਗੇ, ਬਲਕਿ ਉਨ੍ਹਾਂ ਦੀ ਪ੍ਰਸ਼ਾਸਨਿਕ ਅਨੁਭਵ ਅਤੇ ਵਿਸ਼ਵਾਸਯੋਗਤਾ ਭਾਜਪਾ ਨੂੰ ਅਗਲੀਆਂ ਚੋਣਾਂ ਚੰਗੇ ਬਹੁਮਤ ਦੇ ਨਾਲ ਜਿਤਾ ਸਕਦੀ ਹੈ।