ਪੰਜਾਬ ਲੈਂਡ ਪੂਲਿੰਗ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ: ਭਾਜਪਾ ਆਗੂ ਮਨਜੀਤ ਰਾਏ
ਦੀਪਕ ਜੈਨ
ਜਗਰਾਓਂ, 9 ਜੁਲਾਈ 2025 - ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਜ਼ਮੀਨ ਐਕਵਾਇਰ ਦੇ ਵਿਰੋਧ ’ਚ ਅੱਜ ਭਾਜਪਾ ਆਗੂਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਗਰਾਓਂ ਤੋਂ ਭਾਜਪਾ ਦੇ ਹਲਕਾ ਇੰਚਾਰਜ (ਸੇਵਾਮੁਕਤ) ਕਰਨਲ ਇੰਦਰਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸਥਾਨਕ ਜੀ-ਟੀ ਰੋਡ ’ਤੇ ਸਥਿੱਤ ਇੱਕ ਨਿੱਜੀ ਹੋਟਲ ਵਿੱਚ ਰੱਖੀ ਇਸ ਕਾਨਫਰੰਸ ’ਚ ਵਿਸ਼ੇਸ਼ ਤੋਰ ’ਤੇ ਪੁੱਜੇ ਭਾਰਤ ਸਰਕਾਰ ਮਨਿਓਰਟੀ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਜ਼ਮੀਨ ਦੀ ਲੈਂਡ ਪੂਲਿੰਗ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ, ਅਸੀਂ ਵੀ ਕਿਸਾਨ ਹਾਂ ਅਤੇ ਕਿਸਾਨਾਂ ਦੇ ਹਮੇਸ਼ਾ ਨਾਲ ਖੜ੍ਹੇ ਹਾਂ, ਇਸ ਦੇ ਲਈ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਅਸੀਂ ਜਾਵਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਬਦਲੇ ਕਮਰਸ਼ੀਅਲ ਪਲਾਟ ਦਾ ਲਾਲਚ ਦੇ ਰਹੀ ਹੈ। ਸਰਕਾਰ ਦੱਸੇ ਕਿ ਜਿਹੜੀ ਜ਼ਮੀਨ ਸਰਕਾਰ ਨੇ ਪਹਿਲਾਂ ਐਕਵਾਇਰ ਕਰਕੇ ਕਲੋਨੀਆਂ ਬਣਾਈਆਂ ਸਨ, ਉਸ ਵਿੱਚ ਕਿੰਨੇ ਕਿਸਾਨਾਂ ਨੂੰ ਪਲਾਟ ਦਿੱਤੇ ਗਏ, ਪਹਿਲਾਂ ਤਾਂ ਉਹ ਜ਼ਮੀਨਾਂ ਦੀਆਂ ਕਲੋਨੀਆਂ ਮਾਨਤਾ ਪ੍ਰਾਪਤ ਹੀ ਨਹੀਂ ਹੋਈਆਂ ’ਤੇ ਨਵੀਂਆਂ ਜ਼ਮੀਨਾਂ ਜੋ ਐਕਵਾਇਰ ਕੀਤੀਆਂ ਜਾਣੀਆਂ ਹਨ ਉਹ ਵੀ ਮਾਨਤਾ ਪ੍ਰਾਪਤ ਨਹੀਂ ਹੋਣੀਆਂ ਤਾਂ ਕਿਸਾਨਾਂ ਨੂੰ ਕਮਰਸ਼ੀਅਲ ਪਲਾਟ ਕਿੱਥੋਂ ਮਿਲਣਗੇ।
ਭਾਜਪਾ ਆਗੂਆਂ ਨੇ ਕਿਹਾ ਕਿ ”ਆਪ” ਦੇ ਪੰਜਾਬੀ ਲੰਬੜਦਾਰਾਂ ਨੇ ਦਿੱਲੀ ਦੇ ਆਕਾਵਾਂ ਅੱਗੇ ਗੋਡੇ ਟੇਕ ਦਿੱਤੇ ਹਨ, ਇਨ੍ਹਾਂ ਨੂੰ ਵੀ ਪਤਾ ਹੈ ਕਿ 2027 ਪੰਜਾਬ ਵਿੱਚ ”ਆਪ” ਸਰਕਾਰ ਨਹੀਂ ਬਨਣੀ ਇਸ ਲਈ ਪਾਰਟੀ ਆਕਾਵਾਂ ਨੇ ਭੂ-ਮਾਫੀਆ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਕੇ ਲੁੱਟ ਕਰਨੀ ਸ਼ੁਰੂ ਕਰ ਦਿੱਤੀ ਹੈ। ਆਗੂਆਂ ਨੇ ਦੱਸਿਆ ਕਿ 2022 ’ਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਸਿਰ ’ਤੇ ਹੀ ਬਣੀ ਸੀ ਅਤੇ ਉਹੀ ਪਾਰਟੀ ਹੁੱਣ ਪੰਜਾਬ ਦੇ 4000 ਕਿਸਾਨਾਂ ਨੂੰ ਉਜਾੜਣ ’ਤੇ ਤੁਲੀ ਹੋਈ ਹੈ।
ਪੰਜਾਬ ਸਰਕਾਰ ਵੱਲੋਂ ਜਗਰਾਓਂ ਦੇ ਨੇੜਲੇ ਚਾਰ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਦੇ ਨੋਟਿਸ ’ਤੇ ਆਗੂਆਂ ਨੇ ਕਿਹਾ ਕਿ ਇਸ ਜ਼ਮੀਨ ਨੂੰ ਕਿਸੇ ਵੀ ਹਾਲਤ ਵਿੱਚ ਐਕਵਾਇਰ ਨਹੀਂ ਹੋਣ ਦਿੱਤਾ ਜਾਵੇਗਾ, ਇਸ ਦੇ ਲਈ ਸਾਡੀ ਪਾਰਟੀ ਨੂੰ ਜੋ ਕੁਝ ਵੀ ਕਰਨਾ ਪਿਆ ਅਸੀਂ ਕਰਾਂਗੇਂ। ਇਸ ਮੋਕੇ ਉਹਨਾਂ ਨਾਲ ਮੁੱਲਾਂਪੁਰ ਦੇ ਹਲਕਾ ਇੰਚਾਰਜ ਮੇਜਰ ਸਿੰਘ ਦੇਤਵਾਲ, ਸਰਪੰਚ ਗੁਰਸਿਮਰਨ ਸਿੰਘ ਗਿੱਲ, ਸਰਪੰਚ ਪਰਮਜੀਤ ਸਿੰਘ ਟੂਸਾ, ਸ: ਗੁਰਦਿਆਲ ਸਿੰਘ, ਗੁਰਭੇਜ ਸਿੰਘ, ਗੁਰਚਰਨ ਸਿੰਘ, ਕੇਵਲ ਸਿੰਘ ਹਠੂਰ, ਜਗਰਾਓਂ ਮੰਡਲ ਦੇ ਪ੍ਰਧਾਨ ਨਵਨੀਤ ਗੁਪਤਾ, ਸੀਨੀਅਰ ਆਗੂ ਡਾ: ਰਜਿੰਦਰ ਸ਼ਰਮਾ, ਸੂਬਾ ਮੀਡੀਆ ਇੰਚਾਰਜ ਬਲਰਾਜ ਸਿੰਘ, ਭਾਰਤੀ ਸਿੰਘ, ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ।