ਵੱਡੀ ਖ਼ਬਰ: ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ 'ਚ ਸ਼ਾਮਲ 2 ਬਦਮਾਸ਼ਾਂ ਦੀ ਪੁਲਿਸ ਐਨਕਾਊਂਟਰ 'ਚ ਮੌਤ
ਅਬੋਹਰ, 8 ਜੁਲਾਈ 2025 - ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਕੇਸ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਸੰਜੇ ਵਰਮਾ ਦੇ ਕਤਲ ਕੇਸ ਵਿੱਚ ਸ਼ਾਮਿਲ ਦੋ ਦੋਸ਼ੀਆਂ ਦਾ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਦੀ ਹੀ ਮੌਤ ਹੋ ਚੁੱਕੀ ਹੈ।
ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਅੱਜ ਰਾਮ ਰਤਨ ਪੁੱਤਰ ਰਮੇਸ਼ ਕੁਮਾਰ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਟਿਆਲਾ ਨੂੰ ਕਾਬੂ ਕੀਤਾ ਗਿਆ ਸੀ। ਜਿਵੇਂ ਹੀ ਪੁਲਿਸ ਉਹਨਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ, ਤਾਂ ਉੱਥੇ ਤਾਕ ਲਗਾ ਕੇ ਬੈਠੇ ਏਨਾਂ ਬਦਮਾਸ਼ਾਂ ਦੇ ਸਾਥੀਆਂ ਦੇ ਵੱਲੋਂ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ। ਏਸੇ ਦੌਰਾਨ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਉਕਤ ਬਦਮਾਸ਼ਾਂ ਉੱਤੇ ਕੀਤੀ ਗਈ। ਇਸ ਗੋਲੀਬਾਰੀ ਦੇ ਵਿੱਚ ਬਦਮਾਸ਼ ਰਾਮ ਰਤਨ ਅਤੇ ਜਸਪ੍ਰੀਤ ਢੇਰ ਹੋ ਗਏ।
ਡੀਆਈਜੀ ਨੇ ਦੱਸਿਆ ਕਿ ਦੋਵਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਡੀਆਈਜੀ ਨੇ ਸਪਸ਼ਟ ਕੀਤਾ ਕਿ ਇਹ ਦੋਵੇਂ ਬਦਮਾਸ਼ ਕਾਰ ਵਿੱਚ ਸਵਾਰ ਸਨ, ਜਦੋਂ ਕਿ ਤਿੰਨ ਸ਼ੂਟਰ ਜਿਨਾਂ ਦੇ ਵੱਲੋਂ ਸੰਜੇ ਵਰਮਾ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ, ਉਨਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ।
ਪੁਲਿਸ ਦੇ ਮੁਤਾਬਿਕ ਇਸ ਕਤਲ ਕਾਂਡ ਵਿੱਚ ਕੁੱਲ ਪੰਜ ਮੁਲਜ਼ਮ ਸ਼ਾਮਿਲ ਸਨ, ਜਿਨਾਂ ਵਿੱਚੋਂ ਦੋ ਨੂੰ ਅੱਜ ਗਿਰਫਤਾਰ ਕੀਤਾ ਗਿਆ ਸੀ ਅਤੇ ਰਿਕਵਰੀ ਲਈ ਜਦੋਂ ਪੁਲਿਸ ਦੇ ਵੱਲੋਂ ਲਜਾਇਆ ਗਿਆ ਤਾਂ, ਉਹਨਾਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ ਅਤੇ ਜਵਾਬੀ ਕਾਰਵਾਈ ਵਿੱਚ ਉਕਤ ਦੋਵੇਂ ਬਦਮਾਸ਼ ਮਾਰੇ ਗਏ।
ਡੀਆਈਜੀ ਨੇ ਸਪਸ਼ਟ ਕੀਤਾ ਕਿ ਜਿਨਾਂ ਬਦਮਾਸ਼ਾਂ ਨੇ ਸੰਜੇ ਵਰਮਾ ਤੇ ਗੋਲੀਆਂ ਚਲਾਈਆਂ ਗਈਆਂ ਸੀ, ਉਹਨਾਂ ਦੀ ਗ੍ਰਿਫਤਾਰੀ ਛੇਤੀ ਕਰ ਲਈ ਜਾਵੇਗੀ। ਡੀਆਈਜੀ ਮੁਤਾਬਕ, ਐਨਕਾਊਂਟਰ ਵਿੱਚ ਮਾਰੇ ਗਏ ਬਦਮਾਸ਼ਾਂ ਦੀ ਪਛਾਣ ਰਾਮ ਰਤਨ ਅਤੇ ਜਸਪ੍ਰੀਤ ਵਜੋਂ ਹੋਈ ਹੈ।