ਦੇਸ਼ ਵਿਆਪੀ ਹੜਤਾਲ ਨੂੰ ਭਰਵੇਂ ਹੁੰਗਾਰੇ ਤਹਿਤ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਰੋਸ ਮਾਰਚ
ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2025: ਸੀਟੂ ਸਮੇਤ ਦੇਸ਼ ਦੀਆਂ 10 ਕੌਮੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਤੇ ਅੱਜ ਸੀਟੂ ਨਾਲ ਸਬੰਧਤ ਜ਼ਿਲ੍ਹੇ ਦੇ ਸਨਅਤੀ ਅਦਾਰਿਆਂ ਦੀਆਂ ਜਥੇਬੰਦੀਆਂ ਸਮੇਤ ,ਜਨਤਕ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਵੱਲੋਂ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਨੂੰ ਲਾਮਿਸਾਲ ਕਾਮਯਾਬ ਬਣਾਉਣ ਲਈ ਚਿਲਡਰਨ ਨਹਿਰੂ ਪਾਰਕ ਬਠਿੰਡਾ ਵਿਖੇ ਭਾਰੀ ਇਕੱਠ ਰੱਖਿਆ ਗਿਆ।ਇਸ ਮੌਕੇ ਹਾਜ਼ਰ ਲੋਕਾਂ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ,ਅਲਟ੍ਰਾਟੈਕ ਸੀਮਿੰਟ ਵਰਕਰ ਯੂਨੀਅਨ ਦੇ ਆਗੂ ਜਰਨੈਲ ਸਿੰਘ, ਅੰਬੂਜਾ ਸੀਮਿੰਟ ਬਠਿੰਡਾ ਦੇ ਆਗੂ ਵਿਨੋਦ ਸਿੰਘ,ਬਲਕਰਨ ਸਿੰਘ ਬਰਾੜ ਆਗੂ ਕੁੱਲ ਹਿੰਦ ਕਿਸਾਨ ਸਭਾ,ਮਿੱਠੂ ਸਿੰਘ, ਗੁਰਸੇਵਕ ਸਿੰਘ ਆਗੂ ਜੀ.ਐਚ.ਟੀ.ਪੀ.ਕੰਟ੍ਰੈਕਟਰ ਵਰਕਰ ਯੂਨੀਅਨ ਏਟਕ, ਪ੍ਰਤੀਭਾ ਸ਼ਰਮਾ,ਡੀ ਗਨੇਸ਼ ਆਗੂ ਪੀ.ਐਮ.ਐਸ.ਆਰ.ਯੂ.,ਡਾ ਸੁਖਮਿੰਦਰ ਸਿੰਘ ਬਾਠ, ਬਲਕਾਰ ਸਿੰਘ ਸੂਬਾ ਮੀਤ ਪ੍ਰਧਾਨ ਸੀਟੂ, ਐਡਵੋਕੇਟ ਐਮ.ਐਮ.ਬਹਿਲ,ਗੁਰਜਿੰਦਰ ਸਿੰਘ ਔਲਖ ਆਗੂ ਆਉਟਸੋਰਸ ਸਿਹਤ ਵਰਕਰ ਯੂਨੀਅਨ,ਪ੍ਰਮੋਦ ਕੁਮਾਰ ਆਗੂ ਐਨ.ਐਫ.ਐਲ.ਆਦਿ ਨੇ ਸੰਬੋਧਨ ਕੀਤਾ।
ਆਗੂਆਂ ਨੇ ਦੱਸਿਆ ਕਿ ਕਰੋੜਾਂ ਮਜ਼ਦੂਰ ਅੱਜ ਕੇਂਦਰ ਦੀ ਐਨਡੀਏ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮੂੰਹਤੋੜ ਜਵਾਬ ਦੇਣ ਲਈ ਕਰੋੜਾਂ ਲੋਕ ਸੜਕਾਂ ਤੇ ਉਤਰ ਆਏ ਹਨ। ਇਸ ਉਪਰੰਤ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ। ਡੀ.ਸੀ.ਦਫਤਰ ਤੱਕ ਰੋਸ ਮਾਰਚ ਕਰਨ ਉਪਰੰਤ ਬੱਸ ਸਟੈਂਡ ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਹਰਮਿੰਦਰ ਸਿੰਘ ਢਿੱਲੋਂ ਵੱਲੋਂ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਹੜਤਾਲ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ਼ਿਗਾਰਾ ਸਿੰਘ ਮਾਨ, ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਸਮੱਰਥਨ ਦਿੱਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗਗਨਦੀਪ ਸਿੰਘ ਭੁੱਲਰ ਨੇ ਨਿਭਾਈ।
ਹੜਤਾਲ ਦੀਆਂ ਮੁੱਖ ਮੰਗਾਂ
1.44 ਵੀਂ,45ਵੀਂ, ਅਤੇ 46 ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਅਨੁਸਾਰ ਕੱਚੇ ਕਾਮੇ, ਠੇਕੇ ਤੇ ਭਰਤੀ,ਆਉਟਸੋਰਸਿੰਗ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ।
2.ਕਿਰਤ ਵਿਰੋਧੀ ਚਾਰ ਕੋਡ ਫੌਰੀ ਤੌਰ ਤੇ ਰੱਦ ਕੀਤੇ ਜਾਣ।
3. ਘੱਟੋ- ਘੱਟ ਉਜ਼ਰਤਾਂ 26000 ਤੋਂ 36000 ਰੁਪਏ ਪ੍ਰਤੀ ਮਹੀਨਾ ਕੀਤੀਆਂ ਜਾਣ।
4.ਕਿਸਾਨੀ ਦੀਆਂ 22 ਫਸਲਾਂ ਤੇ ਕੇਰਲਾ ਦੀ ਖੱਬੇ ਪੱਖੀ ਸਰਕਾਰ ਦੀ ਤਰਜ਼ ਤੇ ਐਮ.ਐਸ.ਪੀ.ਦਿੱਤੀ ਜਾਵੇ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸਾਂ ਲਾਗੂ ਕੀਤੀਆਂ ਜਾਣ।
5.ਆਗਣਵਾੜੀ ਵਰਕਰਾਂ ਹੈਲਪਰਾਂ ਸਮੇਤ ਸਾਰੇ ਸਕੀਮ ਵਰਕਰ ਮਿੱਡ ਡੇ ਮੀਲ, ਆਸਾਂ ਵਰਕਰਾਂ ਨੂੰ ਪੱਕਾ ਕਰਕੇ ਦਰਜਾ ਚਾਰ ਕਰਮਚਾਰੀ ਐਲਾਨਿਆ ਜਾਵੇ।
6.ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।
7.ਪਬਲਿਕ ਸੈਕਟਰ ਦੇ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ।