SYL 'ਤੇ ਰੇੜਕਾ! ਭਗਵੰਤ ਮਾਨ ਨੇ ਕਿਹਾ- ਕੋਈ ਨਹਿਰ ਨਹੀਂ ਬਣੇਗੀ, ਕੇਂਦਰ ਸਾਡਾ ਝਗੜਾ ਨਬੇੜੇ
ਦਿੱਲੀ , 9 ਜੁਲਾਈ 2025- ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਵਿਚਕਾਰ ਸਤਲੁਜ-ਯਮੁਨਾ ਲਿੰਕ (SYL) ਨਹਿਰ ਅਤੇ ਪਾਣੀ ਬਟਵਾਰੇ ਦੇ ਮੁੱਦੇ 'ਤੇ ਅੱਜ ਇੱਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਗ ਲਿਆ।
ਸੀਐਮ ਮਾਨ ਨੇ ਸਪੱਸ਼ਟ ਕੀਤਾ ਕਿ "ਰਿਪੇਰੀਅਨ ਲਾਅ (Riparian Principle) ਅਨੁਸਾਰ ਪੰਜਾਬ ਦਾ ਹੀ ਪਾਣੀ 'ਤੇ ਹੱਕ ਹੈ। ਉਨ੍ਹਾਂ ਦੱਸਿਆ ਕਿ "ਕੋਈ SYL ਨਹਿਰ ਨਹੀਂ ਬਣੇਗੀ ਅਤੇ ਪੰਜਾਬ ਦਾ ਪਾਣੀ ਕਿਤੇ ਨਹੀਂ ਜਾਣ ਦੇਵਾਂਗੇ"।
ਮਾਨ ਨੇ ਕਿਹਾ ਕਿ ਜੇਕਰ ਚਨਾਬ ਅਤੇ ਰਾਵੀ ਨਦੀਆਂ ਵਿੱਚੋਂ ਪੰਜਾਬ ਨੂੰ 23 MAF (ਮਿਲੀਅਨ ਏਕੜ ਫੁੱਟ) ਪਾਣੀ ਮਿਲ ਜਾਵੇ, ਤਾਂ ਹੀ ਹੋਰ ਪਾਣੀ ਸਾਂਝਾ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।
ਮਾਨ ਨੇ ਜ਼ੋਰ ਦੇ ਕੇ ਕਿਹਾ ਕਿ "ਹਰਿਆਣਾ ਸਾਡਾ ਦੁਸ਼ਮਣ ਨਹੀਂ, ਇਹ ਸਾਡਾ ਭਰਾ ਹੈ", ਪਰ ਪਾਣੀ ਦੇ ਹੱਕਾਂ 'ਤੇ ਪੰਜਾਬ ਕੋਈ ਸਮਝੌਤਾ ਨਹੀਂ ਕਰੇਗਾ। ਮਾਨ ਨੇ ਕਿਹਾ ਕਿ 5 ਅਗਸਤ ਨੂੰ ਪਾਣੀ ਮੁੱਦੇ 'ਤੇ ਮੁੜ ਮੀਟਿੰਗ ਹੋਵੇਗੀ। 13 ਅਗਸਤ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ, ਜਿੱਥੇ ਇਸ ਕੇਸ ਦੀ ਅਗਲੀ ਕਾਰਵਾਈ ਹੋਵੇਗੀ।
ਹਰਿਆਣਾ ਸਰਹੱਦੀ ਵਿਵਾਦ ਦਾ ਇੱਕ ਪੁਰਾਣਾ ਮਸਲਾ ਹੈ। ਹਰਿਆਣਾ ਦਾ ਦਾਅਵਾ ਹੈ ਕਿ ਪੰਜਾਬ ਨੇ 1981 ਦੇ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਇਸ ਨਹਿਰ ਨੂੰ ਪੂਰਾ ਨਹੀਂ ਕੀਤਾ। ਪੰਜਾਬ ਦਾ ਤਰਕ ਹੈ ਕਿ ਰਿਪੇਰੀਅਨ ਲਾਅ ਅਨੁਸਾਰ ਨਦੀ ਦਾ ਪਾਣੀ ਉਸ ਰਾਜ ਦਾ ਹੈ ਜਿੱਥੇ ਇਹ ਵਗਦਾ ਹੈ।