ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਪਰਚਾ ਦਰਜ, ਪੜ੍ਹੋ ਪੂਰੀ ਖ਼ਬਰ
- ਅਦਾਲਤ ਵਲੋਂ ਸਟੇਅ ਹੋਣ ਦੇ ਬਾਵਜੂਦ ਤੋੜੀ ਕਲੋਨੀ ਦੀ ਬਾਊਡਰੀ ਵਾਲ ਰੋਕਣ ਤੇ ਕੀਤੀ ਗੁੰਡਾਗਰਦੀ
ਦੀਪਕ ਜੈਨ
ਜਗਰਾਓਂ, 9 ਜੁਲਾਈ 2025 - ਜਗਰਾਉਂ ਦੀ ਪੋਸ਼ ਕਲੋਨੀ ਸੈਂਟਰਲ ਸਿਟੀ ਦੀ ਬਾਂਉਡਰੀ ਵਾਲ ਤੋੜ ਕੇ ਕਲੋਨੀ ਮਾਲਕਾਂ ਵੱਲੋਂ ਨਾਲ ਹੀ ਬਣੀ ਇੱਕ ਕਲੋਨੀ ਨੂੰ ਸੈਂਟਰਲ ਸਿਟੀ ਵਿੱਚ ਰਲਾਉਣ ਦੇ ਮਸਲੇ ਵਿੱਚ ਲੁਧਿਆਣਾ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਸੈਂਟਰਲ ਸਿਟੀ ਵੈਲਫੇਅਰ ਕਲੋਨੀ ਦੇ ਪ੍ਰਧਾਨ ਨੀਰਜ ਜੈਨ ਵਲੋਂ ਲਿਖਤੀ ਰੂਪ ਵਿਚ ਪੁਲਿਸ ਨੂੰ ਦਿੱਤੀ ਗਈ ਸੀ। ਜਿਸ ਦੀ ਪੜਤਾਲ ਐਸ.ਐਸ.ਪੀ ਡਾਕਟਰ ਅੰਕੁਰ ਗੁਪਤਾ ਨੇ ਪੁਲਿਸ ਦੇ ਤਿੰਨ ਉਚ ਅਧਿਕਾਰੀਆਂ ਵਲੋਂ ਕੀਤੇ ਜਾਣ ਮਗਰੋਂ ਇਹ ਸਾਹਮਣੇ ਆਇਆ ਹੈ ਕਿ ਉਕਤ ਸੈਂਟਰਲ ਸਿਟੀ ਵੈਲਫੇਅਰ ਕਲੋਨੀ ਵਲੋਂ ਇਕ ਮੁਕੱਦਮਾ ਮਾਣਯੋਗ ਅਦਾਲਤ ‘ਚ ਵਿਚਾਰ ਅਧੀਨ ਹੈ ਅਤੇ ਅਦਾਲਤ ਵਲੋਂ ਕਿਸੇ ਧਿਰ ਨੂੰ ਵੀ ਕਲੋਨੀ ਦੀ ਬਾਊਡਰੀ ਵਾਲ ਤੋੜਨ ਉਪਰ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ।
ਉਹਨਾ ਦੱਸਿਆ ਕਿ ਮਾਮਲੇ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਦੀਦਾਰ ਸਿੰਘ ਮਲਕ ਸਾਬਕਾ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਸ ਦੇ ਇੱਕ ਸਾਥੀ ਨੇ ਆਪਣੇ 10-12 ਦੇ ਕਰੀਬ ਅਣਪਛਾਤੇ ਵਿਅਕਤੀਆਂ ਨੂੰ ਨਾਲ ਲੈ ਕੇ ਅਤੇ ਕਲੋਨੀ ਅੰਦਰ ਆਪਣੇ ਪਲਾਟ ਦੀ ਮਲਕੀਅਤ ਦੱਸ ਕੇ ਦਿਵਾਰ ਤੋੜ ਰਹੇ ਸਨ। ਜਦੋਂ ਉਕਤ ਵਿਅਕਤੀਆਂ ਨੂੰ ਕਲੋਨੀ ਵਾਸੀਆਂ ਨੇ ਰੋਕਿਆ ਤਾਂ ਇਹਨਾ ਨੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਦਿਵਾਰ ਤੋੜ ਦਿੱਤੀ ਅਤੇ ਗੁੰਡਾਗਰਦੀ ਕਰਦਿਆਂ ਹੋਇਆ ਕਲੋਨੀ ਵਾਸੀਆਂ ਉਪਰ ਹਮਲਾ ਕਰ ਦਿੱਤਾ। ਕਲੋਨੀ ਵਾਸੀਆਂ ਵਲੋਂ ਮੌਕੇ ‘ਤੇ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੀ.ਸੀ.ਆਰ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਪੁਲਿਸ ਨੂੰ ਆਏ ਦੇਖ ਕੇ ਉਕਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਪੜਤਾਲ ਕਰਨ ਮਗਰੋ ਅਤੇ ਡੀ.ਏ ਲੀਗਲ ਦੀ ਰਾਏ ਲੈਣ ਉਪਰੰਤ ਦੋਸ਼ੀ ਦੀਦਾਰ ਸਿੰਘ ਢਿੱਲੋਂ ਵਾਸੀ ਪਿੰਡ ਮਲਕ ਅਤੇ ਉਸਦੇ ਇੱਕ ਸਾਥੀ ਵਾਸੀ ਮੁਹੱਲਾ ਰੀਠਾ ਜਗਰਾਓਂ ਦੇ ਖਿਲਾਫ ਅਲੱਗ-ਅਲੱਗ ਧਾਰਾਵਾਂ 296, 351 (2), 324 (3), 3 (5) ਅਧੀਨ ਥਾਣਾ ਸਿਟੀ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।