DC ਵੱਲੋਂ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਨਾਲ ਸਮੀਖਿਆ ਮੀਟਿੰਗ
ਹਰਜਿੰਦਰ ਸਿੰਘ ਭੱਟੀ
ਐੱਸ.ਏ.ਐੱਸ ਨਗਰ, 09 ਜੁਲਾਈ, 2025: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਨਾਲ ਰੋਡ ਸੇਫਟੀ ਦੇ ਪ੍ਰਬੰਧਾਂ ਬਾਰੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਮੁੱਖ ਸੜਕਾਂ ਉੱਪਰ ਬਲੈਕ ਸਪੋਟ (ਦੁਰਘਟਨਾ ਸੰਭਾਵੀ ਥਾਵਾਂ) ਜਿਨ੍ਹਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਨ ਲਈ ਕਿਹਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਉਨ੍ਹਾਂ ਕਿਹਾ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਵਿੱਚ ਨਵੀਂ ਸ਼ੁਰੂ ਕੀਤੀ ਗਈ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਅਧੀਨ ਨਗਰ ਨਿਗਮ ਅਤੇ ਗਮਾਡਾ ਨੂੰ ਹਦਾਇਤ ਕੀਤੀ ਗਈ ਹੈ ਕਿ ਪੁਲਿਸ ਨਾਲ ਮਿਲ ਕੇ ਸੜ੍ਹਕਾਂ ’ਤੇ ਆਵਾਜਾਈ ਚਿੰਨ੍ਹਾਂ ਨੂੰ ਤੁਰੰਤ ਯਕੀਨੀ ਬਣਾਉਣ, ਜਿਵੇਂ ਕਿ ਜ਼ੈਬਰਾ ਕ੍ਰਾਸਿੰਗ, ਨੋ ਪਾਰਕਿੰਗ ਸਾਈਨ ਬੋਰਡ, ਸਟਾਪ ਲਾਈਨਾਂ ਅਤੇ ਸਪੀਡ ਲਿਮਿਟ ਬੋਰਡ, ਦੀ ਸਪੱਸ਼ਟਤਾ ਆਦਿ।
ਉਨ੍ਹਾਂ ਵੱਲੋਂ ਜ਼ਿਲ੍ਹੇ ਦੀਆਂ ਸੜਕਾਂ ਤੇ ਬਲੈਕ ਸਪੋਟਾਂ (ਦੁਰਘਟਨਾਵਾਂ ਵਾਲੀਆ ਥਾਵਾਂ) ਨੂੰ ਤੁਰੰਤ ਸਹੀ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਅਦਾਰਿਆਂ ਐਨ.ਐਚ.ਏ.ਆਈ, ਗਮਾਡਾ, ਬੀ.ਐਡ.ਆਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਕਿਹਾ ਗਿਆ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸੜਕਾਂ ਤੇ ਟ੍ਰੈਫਿਕ ਲਾਇਟਾਂ, ਸਲਿੱਪ ਰੋਡ, ਸਰਵਿਸ ਲਾਇਨ ਆਦਿ ਜਿਹੜਾ ਵੀ ਕੰਮ ਹੋਣ ਵਾਲਾ ਹੈ, ਤੁਰੰਤ ਕਰਵਾਇਆ ਜਾਵੇ।
ਉਨ੍ਹਾਂ ਵੱਲੋਂ ਸ਼ਹਿਰ ਵਿੱਚ ਸੜਕਾਂ ਉੱਪਰ ਬਣੇ ਅਣਅਧਿਕਾਰਤ ਕੱਟਾਂ ਨੂੰ ਬੰਦ ਕਰਨ ਅਤੇ ਸੜਕਾਂ ਦੇ ਆਸੇ ਪਾਸੇ ਲਗਾਈਆਂ ਜਾਂਦੀਆਂ ਰੇੜ੍ਹੀਆਂ, ਫੜ੍ਹੀਆਂ, ਨਜ਼ਾਇਜ ਕਬਜ਼ਿਆਂ ਅਤੇ ਵਾਹਨਾਂ ਦੀ ਗਲਤ ਪਾਰਕਿੰਗ ਆਦਿ ਨੂੰ ਰੋਕਣ ਲਈ ਲਗਾਤਾਰ ਚੈਕਿੰਗ ਕਰਨ ਲਈ ਕਿਹਾ ਗਿਆ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਲੋਕਾਂ ਨੂੰ ਸਰਕਾਰ ਦੁਆਰਾ ਚਲਾਈ ਗਈ Scheme for Grant of Award to the Good Samaritan ਬਾਰੇ ਜਾਣੂ ਕਰਵਾਉਣ ਲਈ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮੱਦਦ ਕਰਦਾ ਹੈ ਤਾਂ ਉਸਨੂੰ 2000 ਰੁਪਏ ਸਰਕਾਰ ਵੱਲੋ (ਫ਼ਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਈ-ਡੀ ਏ ਆਰ ਪੋਰਟਲ 'ਤੇ ਹਾਦਸਿਆਂ ਦੀ ਤੁਰੰਤ ਰਿਪੋਰਟਿੰਗ ਕਰਨ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪਲੇਟਫਾਰਮ ਹਾਦਸਿਆਂ ਲਈ ਜ਼ਿੰਮੇਵਾਰ ਥਾਵਾਂ ਦੀ ਪਛਾਣ ਤੇ ਮੁਆਵਜ਼ਾ ਜਲਦੀ ਮਿਲਣ ਵਿੱਚ ਮੱਦਦ ਕਰਦਾ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਹਿਟ ਐਂਡ ਰਨ ਕੇਸਾਂ ਦੀਆਂ ਲੰਬਿਤ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਨ ਲਈ ਕਿਹਾ ਤਾਂ ਜੋ ਮੌਤ ਦੇ ਮਾਮਲਿਆਂ ਵਿੱਚ ਰੁਪਏ 2 ਲੱਖ ਅਤੇ ਗੰਭੀਰ ਚੋਟਾਂ ਵਾਲਿਆਂ ਨੂੰ ਰੁਪਏ 50,000 ਦੀ ਰਾਹਤ ਦਿੱਤੀ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਐਸ.ਡੀ.ਐਮ ਡੇਰਾਬੱਸੀ, ਸ੍ਰੀ ਅਮਿਤ ਗੁਪਤਾ ਆਰ.ਟੀ.ਏ ਸ੍ਰੀ ਰਾਜਪਾਲ ਸਿੰਘ ਸੇਖੋਂ, ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।