ਕੇਂਦਰ ਤੇ ਪੰਜਾਬ ਸਰਕਾਰ ਦੇ ਦੇਸ਼ ਤੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਰੋਸ ਰੈਲੀ
- ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ - ਆਗੂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ -9 ਜੁਲਾਈ 2025 - ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਮਜ਼ਦੂਰ ਵਿਰੋਧੀ, ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਫ਼ੈਸਲਿਆਂ ਖਿਲਾਫ ਕੇਂਦਰੀ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਅੱਜ ਸੁਲਤਾਨਪੁਰ ਲੋਧੀ ਬੱਸ ਸਟੈਂਡ ਤੇ ਵਿਸ਼ਾਲ ਰੈਲੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਆਰਾ ਸਿੰਘ ਚੰਦੀ ਸਰਕਲ ਸਕੱਤਰ ਕਪੂਰਥਲਾ ਪੈਨਸ਼ਨਰ ਐਸੋਸੀਏਸਨ ਦੀ ਪ੍ਰਧਾਨਗੀ ਹੇਠ ਹੋਇਆ।
ਅੱਜ ਦੀ ਵਿਸ਼ਾਲ ਰੈਲੀ ਮੌਕੇ ਕਿਸਾਨ ਯੂਨੀਅਨਾਂ ਦੇ ਸਾਂਝੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ, ਕੁਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਟਰੇਡ ਯੂਨੀਅਨ ਜਿਹਨਾਂ ਵਿਚ ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਸਭਾ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ ਟੀਐਸਯੂ ਪਾਵਰ ਕਾਮ, ਆਲ ਇੰਡੀਆ ਭਾਰਤੀ ਕਿਸਾਨ ਯੂਨੀਅਨ ਡਕੌਦਾ, ਪੈਨਸ਼ਨਰ ਐਸੋਸੀਏਸ਼ਨ, ਪੇਂਡੂ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਯੂਨੀਅਨ, ਚੌਂਕੀਦਾਰ ਯੂਨੀਅਨ, ਖੇਤ ਮਜ਼ਦੂਰ ਸਭਾ, ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਆਦਿ ਭਰਾਤਰੀ ਜਥੇਬੰਦੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਵਿਸ਼ਾਲ ਰੋਸ ਰੈਲੀ ਨੂੰ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪਬਲਿਕ ਅਦਾਰਿਆਂ ਦਾ ਨਿੱਜੀਕਰਨ, ਅਜ਼ਾਦ ਤੇ ਨਿਰਪੱਖ ਸੰਸਥਾਵਾਂ ਦਾ ਭਗਵਾਂਕਰਨ ਅਤੇ ਦੇਸ਼ ਭਰ ਦੇ ਕੁਦਰਤੀ ਸੰਸਾਧਨ ਜਲ ,ਜੰਗਲ ,ਜ਼ਮੀਨ ਨੂੰ ਬਲਪੂਰਵਕ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ।
ਉਸੇ ਤਰੀਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਨਾਲ ਧ੍ਰੋਹ ਕਰ ਰਹੀ ਤੇ ਭਾਜਪਾ ਦੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਵਿਚ ਮਗਨ ਹੈ। ਦੇਸ਼ ਅੰਦਰ ਸੋਚੀ ਸਮਝੀ ਸਾਜ਼ਿਸ਼ ਤਹਿਤ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ।
ਇਸ ਮੌਕੇ ਜਾਇਜ਼ ਤੇ ਹੱਕੀ ਮੰਗਾਂ ਸਬੰਧੀ ਹਾਜ਼ਰ ਆਗੂਆਂ ਤੇ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਹਮਾਇਤ ਦਿੱਤੀ ਜਿਸ ਵਿੱਚ ਮਜ਼ਦੂਰ ਪੱਖੀ ਸਾਰੇ ਕਿਰਤ ਕਾਨੂੰਨਾਂ ਨੂੰ ਬਹਾਲ ਰੱਖਿਆ ਜਾਵੇ, ਚਾਰ ਲੇਬਰ ਕੋਟ ਰੱਦ ਕੀਤੇ ਜਾਣ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਕੌਮੀ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਰੱਦ ਕੀਤੀ ਜਾਵੇ,ਮਿਨੀਮਮ ਵੇਜ ਘੱਟੋ ਘੱਟ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਦਿਹਾੜੀ 700 ਰੁਪਏ ਨਿਸਚਿਤ ਕੀਤੀ ਜਾਵੇ, ਅੱਠ ਘੰਟੇ ਕੰਮ ਦਿਹਾੜੀ ਦਾ ਸਮਾਂ ਪਹਿਲੇ ਦੀ ਤਰ੍ਹਾਂ ਬਹਾਲ ਰੱਖਿਆ ਜਾਵੇ, ਓਵਰ ਟਾਈਮ ਦਾ ਦੁੱਗਣੇ ਰੇਟ ਵਿੱਚ ਮਿਲਣਾ ਯਕੀਨੀ ਬਣਾਇਆ ਜਾਵੇ, ਆਸ਼ਾ ਵਰਕਰ, ਮਿਡ ਡੇਅ ਮੀਲ ਵਰਕਰ, ਆਂਗਣਵਾੜੀ ਵਰਕਰ ਤੇ ਹੋਰ ਸਕੀਮ ਅਧਾਰਤ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਦਿਹਾੜੀ ਘੱਟੋ ਘੱਟ 700 ਪ੍ਰਤੀ ਦਿਨ ਕੀਤੀ ਜਾਵੇ।
ਇਸ ਮੌਕੇ ਰੋਸ ਪ੍ਰਦਰਸ਼ਨ ਕਰਦਿਆਂ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਉਪਰੋਕਤ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਅਤੇ ਸਯੁੰਕਤ ਕਿਸਾਨ ਮੋਰਚਾ ਦੇ ਹੱਥ ਮਜ਼ਬੂਤ ਕਰਦੇ ਹੋਏ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਜ਼ਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਯੁੰਕਤ ਕਿਸਾਨ ਮੋਰਚਾ ਦੇ ਐਡ ਰਜਿੰਦਰ ਸਿੰਘ ਰਾਣਾ, ਕਿਰਤੀ ਕਿਸਾਨ ਯੂਨੀਅਨ ਸੁੱਚਾ ਸਿੰਘ, ਪੰਜਾਬ ਕਿਸਾਨ ਸਭਾ ਜਗੀਰ ਸਿੰਘ ਬਾਜਵਾ ,ਮਾਸਟਰ ਚਰਨ ਸਿੰਘ ਪੰਜਾਬ ਪੈਨਸ਼ਨਰ ਐਸੋਸੀਏਸ਼ਨ, ਰਘਬੀਰ ਸਿੰਘ ਮਹਿਰਵਾਲਾ ਕਿਰਤੀ ਕਿਸਾਨ ਯੂਨੀਅਨ,ਧਰਮਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਨਿਰਮਲ ਸਿੰਘ ਸ਼ੇਰਪੁਰ ਸੱਦਾ ਪੇਂਡੂ ਮਜ਼ਦੂਰ ਯੂਨੀਅਨ , ਅਮਰਜੀਤ ਸਿੰਘ ਟਿੱਬਾ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ, ਜਸਵਿੰਦਰ ਸਿੰਘ ਟਿੱਬਾ ਵਿੱਤ ਸਕੱਤਰ ਪੰਜਾਬ ਗੌਰਮੈਂਟ ਪੈਨਸ਼ਨ ਐਸੋਸੀਏਸ਼ਨ, ਦਿਹਾਤੀ ਮਜ਼ਦੂਰ ਯੂਨੀਅਨ ਸਟੇਟ ਕਮੇਟੀ ਹਰਬੰਸ ਮੱਟੂ , ਕਾਮਰੇਡ ਬਲਦੇਵ ਸਿੰਘ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਪ੍ਰਤਾਪ ਸਿੰਘ ਮੋਮੀ ਸੁਖਦੇਵ ਸਿੰਘ ਪਾਵਰਕਾਮ ਲਾਈਨਮੈਨ ,ਸੁਖਦੇਵ ਸਿੰਘ ਟਿੱਬਾ ਰਿਟਾਇਰਡ ਐਸਡੀਓ, ਮੁਖਤਿਆਰ ਸਿੰਘ ਖਿੰਡਾ ਪੈਨਸ਼ਨਰਜ਼ ਐਸੋਸੀਏਸ਼ਨ ,ਚਰਨਜੀਤ ਸ਼ਰਮਾ ਪੈਨਸ਼ਨਰਜ਼ ਐਸੋਸੀਏਸ਼ਨ,ਪ੍ਰਿੰਸੀਪਲ ਬਲਦੇਵ ਸਿੰਘ ਚੱਕ ਕੋਟਲਾ, ਮਲਕੀਤ ਸਿੰਘ ਸ਼ੇਰਪੁਰ ਸੱਧਾ ,ਪਿਆਰਾ ਸਿੰਘ ਚੰਦੀ ਸਰਕਲ ਸਕੱਤਰ ਪੈਨਸ਼ਨ ਐਸੋਸੀਏਸ਼ਨ ਪਾਵਰਕਾਮ, ਸੁਖਵਿੰਦਰ ਸਿੰਘ ਨਾਮੀ ਨੌਜਵਾਨ ਸਭਾ ਪੰਜਾਬ ,ਹਰਮੇਲ ਸਿੰਘ ਸੇਚਾਂ ਜ਼ਿਲਾ ਕਮੇਟੀ ਮੈਂਬਰ,ਕੁਲਦੀਪ ਕੌਰ ਬੋਹੜਵਾਲਾ, ਸੁਰਜੀਤ ਸਿੰਘ ਠੱਟਾ ਜਨਰਲ ਸਕੱਤਰ ਖੇਤ ਮਜ਼ਦੂਰ ਸਭਾ, ਸਰਵਣ ਸਿੰਘ ਕਰਮਜੀਤ ਪੁਰ, ਪ੍ਰਿੰਸੀਪਲ ਕੇਵਲ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ,ਮਾ ਪਰਸਨ ਲਾਲ ਭੋਲਾ, ਚੌਂਕੀਦਾਰ ਯੂਨੀਅਨ ਪ੍ਰਧਾਨ ਮਹਿੰਦਰ ਸਿੰਘ, ਰਵਿੰਦਰ ਰਵੀ, ਬਲਵਿੰਦਰ ਸਿੰਘ ਬੱਗਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।