ਨਾਨਕ ਚੁੱਪ ਹੈ
ਇਸ ਸ਼ੋਰ ਵਿੱਚ
ਜੇ ਬੋਲਦਾ
ਕੁੰਡੇ ਖੋਲਦਾ
ਤਾਂ ਬੋਲ ਖਾ ਜਾਂਦਾ
ਇਹ ਸ਼ੋਰ
ਨਾਨਕ ਹੁਣ
ਤੁਰਦਾ ਨਹੀਂ
ਪੰਗਡੰਡੀਆਂ ਤੇ
ਰਾਹਾਂ ਤੇ
ਉਸਦੀ ਰਵਾਨਗੀ
ਤੇਜ਼ੀ ਨੇ ਖਾ ਲਈ
ਕੌਣ ਸੁਣੇਗਾ ?
ਉਸਦੇ ਕਦਮਾਂ ਦੀ ਥਾਪ
ਰੁਕੇਗਾ
ਭਾਲ਼ੇਂਗਾ
ਗੁਆਚਿਆਂ ਆਪਣਾ ਆਪ
ਬਾਲੇ ਤੇ ਮਰਦਾਨੇ
ਦਾ ਵੀ ਉਸਨੂੰ ਡਰ ਲੱਗਦਾ ਹੈ
ਉਦਾਸੀ ਤੇ ਗਏ
ਕਿਤੇ ਡੌੰਕੀ ਹੀ ਨਾ ਲਾ ਜਾਣ
ਘਰ ਬਣਾਉਣ ਦੇ ਸੁਪਨੇ ਚ'
ਕਿਤੇ ਘਰ ਹੀ ਨਾ ਖਾ ਜਾਣ
ਨਾਨਕ ਨੂੰ ਫਿਕਰ ਹੈ
ਸ੍ਰੀ ਚੰਦ ਤੇ ਲਖਮੀ ਦਾ
ਇਕੱਲੇ ਨਹੀਂ ਛੱਡਦਾ ਜ਼ਮਾਨੇ ਦੇ ਡਰੋ
ਭੈਣ ਨਾਨਕੀ ਵੀ ਉਡੀਕਦੀ ਹੈ
ਕਬੀਲਦਾਰੀ ਚ ਉਲਝੀ
ਪਰ ਨਾਨਕ ਤਾਂ ਖ਼ੁਦ ਫਸਿਆ ਹੈ
ਕਰਤਾਰਪੁਰ ਸਾਂਝੀ ਖੇਤੀ ਚ'
ਰੇਹਾਂ ਚ' ਸਪਰੇਹਾਂ ਚ'
ਲਿਮਟਾਂ ਤੇ ਸ਼ਾਹੂਕਾਰਾਂ ਦੇ ਜੰਜਾਲ਼ ਚ'
ਉਸਦੇ ਨੀਂਹ ਰੱਖੇ ਫ਼ਲਸਫ਼ੇ
ਨੂੰ ਹੁਣ ਇੱਟਾ ਸੰਗਮਰ-ਮਰਾਂ ਨੇ ਖਾ ਲਿਆ
ਪੁਜਾਰੀਆਂ ਤੇ ਅਹਿਲਕਾਰਾਂ ਰਲ ਕਬਜ਼ਾ ਪਾ ਲਿਆ
ਤੇ ਡਾਂਗਾਂ ਲੈ ਸਿਪਾਹੀ ਖੜਾ ਦਿੱਤੇ
ਅੜਿੱਕੇ ਡਾਹ ਦਿੱਤੇ
ਇਹ ਫ਼ਰਮਾਨ ਵੀ ਸੁਣਾ ਦਿੱਤੇ
ਜੇ ਭੁੱਲ ਚੁੱਕੀ ਤੋਂ
ਨਾਨਕ ਫ਼ਲਸਫ਼ੇ ਦੀ ਬਾਤ ਪਾਉਣ ਆਇਆ
ਤਾਂ ਨਾਨਕ ਤੋਂ ਉਸਦੀ ਮੂਰਤੀ ਤੇ
ਮੱਥਾ ਰਗੜਾ ਮਾਫ਼ੀ ਮੰਗਵਾਇਉਂ
ਦੇ ਕੋਈ ਫ਼ਤਵਾ ਉਹਨੂੰ ਸ਼ਹਿਰੋਂ ਬਾਹਰ ਕੱਢ ਆਇਉ।
ਸੋ ਨਾਨਕ
ਹੁਣ ਅਕਸਰ ਚੱੁਪ ਹੀ ਰਹਿੰਦਾ ਹੈ
ਕਿਸੇ ਰਾਹ ਜਾਂ ਉਦਾਸੀ ਦੀ
ਕੋਈ ਵੀ ਗੱਲ ਨੀ ਕਹਿੰਦਾ ਹੈ।
@ ਤਰਨਦੀਪ