VVIP ਡਿਊਟੀਆਂ ਨੂੰ ਤਰਕਸੰਗਤ ਬਣਾਉਣਾ ਲੋਕ ਹਿੱਤ ਲਈ ਜ਼ਰੂਰੀ ਕਦਮ- ਪੀਸੀਐਮਐਸਏ ਪੰਜਾਬ
ਜਗਤਾਰ ਸਿੰਘ
ਪਟਿਆਲਾ, 6 ਜਨਵਰੀ 2026: ਸਿਹਤ ਵਿਭਾਗ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ VVIP ਸੁਰੱਖਿਆ ਪ੍ਰੋਟੋਕੋਲ ਅਧੀਨ ਮਾਹਿਰ ਡਾਕਟਰਾਂ ਦੀ ਤਾਇਨਾਤੀ ਘੱਟ ਕਰਨ ਅਤੇ ਹੋਰ ਮੇਲੇ ਆਦਿ ਵਿੱਚ ਵੀ ਡਾਕਟਰਾਂ ਦੀ ਡਿਊਟੀ ਨੂੰ ਤਰਕਸੰਗਤ ਬਣਾਉਣ ਦੇ ਨਵੇਂ ਆਦੇਸ਼ਾਂ ਦਾ ਡਾਕਟਰਾਂ ਦੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਸਵਾਗਤ ਕੀਤਾ ਗਿਆ।
ਪੀਸੀਐਮਐਸਏ ਵੱਲੋਂ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਰਕਾਰ ਦਾ ਇਹ ਲੋਕ-ਪੱਖੀ ਫੈਸਲਾ ਰਾਜ ਦੇ ਸਾਰੇ ਸੈਕੰਡਰੀ ਅਤੇ ਉੱਚ ਪੱਧਰੀ ਸਿਵਲ ਹਸਪਤਾਲਾਂ ਦੀਆਂ ਜਨਤਕ ਸਿਹਤ ਸਹੂਲਤਾਂ ਵਿੱਚ ਸਪੈਸ਼ਲਿਸਟ ਸੇਵਾਵਾਂ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਹਸਪਤਾਲਾਂ ਦੀ ਓਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਸਪੈਸ਼ਲਿਸਟ ਡਾਕਟਰਾਂ ਦੀ ਬਿਹਤਰ ਉਪਲਬਧਤਾ ਯਕੀਨੀ ਬਣਾਈ ਜਾਵੇਗੀ।
ਜ਼ਿਲ੍ਹਾ ਪ੍ਰਧਾਨ ਡਾ. ਸੁਮੀਤ ਸਿੰਘ ਨੇ ਕਿਹਾ ਕਿ ਜਿਹੜੇ ਮਾਹਿਰ ਡਾਕਟਰਾਂ ਨੂੰ ਪਹਿਲਾਂ ਟੀਮਾਂ ਨਾਲ ਭੇਜਣਾ ਪੈਂਦਾ ਸੀ, ਉਹ ਹੁਣ ਮਰੀਜ਼ਾਂ ਲਈ ਹਸਪਤਾਲ ਵਿੱਚ ਉਪਲੱਬਧ ਰਹਿਣਗੇ, ਜਿਸ ਨਾਲ ਗਰੀਬਾਂ ਅਤੇ ਪਛੜੇ ਲੋਕਾਂ ਲਈ ਸਪੈਸ਼ਲਿਸਟ ਸਿਹਤ ਸੰਭਾਲ ਸੇਵਾਵਾਂ ਵਿੱਚ ਸੁਧਾਰ ਹੋਵੇਗਾ।
ਪੀਸੀਐਮਐਸਏ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਅਤੇ ਡਾਇਰੈਕਟਰ ਡਾ. ਹਿਤਿੰਦਰ ਕੌਰ ਦਾ ਉਨ੍ਹਾਂ ਵੱਲੋਂ ਲੋਕਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਕੀਤੇ ਫੈਸਲੇ ਲਈ ਦਿਲੋਂ ਧੰਨਵਾਦ ਕਰਦੀ ਹੈ।