ਵੱਡੀ ਖ਼ਬਰ: ਪਾਕਿਸਤਾਨ 'ਚ ਭਾਰਤੀ ਸ਼ਰਧਾਲੂ ਸਰਬਜੀਤ ਕੌਰ ਅਤੇ ਪਤੀ ਨਾਸਿਰ ਗ੍ਰਿਫ਼ਤਾਰ-ਪਾਕਿ ਮੀਡੀਆ ਰਿਪੋਰਟ
ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ
ਪਾਕਿਸਤਾਨ, 5 ਜਨਵਰੀ 2026: ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ (ਨਵਾਂ ਨਾਮ ਨੂਰ ਹੁਸੈਨ), ਜੋ ਨਵੰਬਰ 2025 ਵਿੱਚ ਪਾਕਿਸਤਾਨ ਗਈ ਸੀ ਅਤੇ ਉੱਥੇ ਹੀ ਰੁਕ ਗਈ ਸੀ, ਨੂੰ ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ ਹੁਣ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ (Deportation) ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਖੁਫੀਆ ਜਾਣਕਾਰੀ ਤੋਂ ਬਾਅਦ ਛਾਪੇਮਾਰੀ
ਪਾਕਿ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਨੁਸਾਰ, ਇਹ ਗ੍ਰਿਫ਼ਤਾਰੀ 4 ਜਨਵਰੀ, 2026 ਨੂੰ ਨਨਕਾਣਾ ਸਾਹਿਬ ਦੇ ਪਿੰਡ ਪਹੇੜੇ ਵਾਲੀ ਵਿੱਚ ਕੀਤੀ ਗਈ। ਇੰਟੈਲੀਜੈਂਸ ਬਿਊਰੋ (IBD) ਅਤੇ ਸਥਾਨਕ ਪੁਲਿਸ ਨੇ ਇੱਕ ਸਾਂਝੀ ਕਾਰਵਾਈ ਦੌਰਾਨ ਜੋੜੇ ਨੂੰ ਹਿਰਾਸਤ ਵਿੱਚ ਲਿਆ।
ਪੁੱਛਗਿੱਛ ਦੌਰਾਨ ਹੋਏ ਖੁਲਾਸੇ
ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਪੁੱਛਗਿੱਛ ਵਿੱਚ ਕਈ ਅਹਿਮ ਗੱਲਾਂ ਸਾਹਮਣੇ ਆਈਆਂ ਹਨ:
ਟਿਕਟੋਕ ਰਾਹੀਂ ਦੋਸਤੀ: ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਸਾਲ 2016 ਤੋਂ ਟਿਕਟੋਕ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ।
ਵੀਜ਼ਾ ਦੀਆਂ ਨਾਕਾਮ ਕੋਸ਼ਿਸ਼ਾਂ: ਦੋਵਾਂ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਨੂੰਨੀ ਕਾਰਨਾਂ ਕਰਕੇ ਅਰਜ਼ੀਆਂ ਰੱਦ ਹੋ ਗਈਆਂ ਸਨ।
ਘਟਨਾ ਦਾ ਪਿਛੋਕੜ: ਸਰਬਜੀਤ ਕੌਰ (ਵਾਸੀ ਕਪੂਰਥਲਾ, ਪੰਜਾਬ) 4 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਗਈ ਸੀ। ਉਹ ਜਥੇ ਤੋਂ ਵੱਖ ਹੋ ਗਈ, ਇਸਲਾਮ ਧਾਰਨ ਕੀਤਾ ਅਤੇ 5 ਨਵੰਬਰ ਨੂੰ ਨਾਸਿਰ ਨਾਲ ਨਿਕਾਹ ਕਰ ਲਿਆ।
ਅਗਲੀ ਕਾਰਵਾਈ ਅਤੇ ਦੇਸ਼ ਨਿਕਾਲਾ
ਸਰਬਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ 'ਸਿੰਗਲ ਐਂਟਰੀ' ਸੀ ਅਤੇ ਉਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ।
ETPB ਨੂੰ ਸੌਂਪਿਆ: ਸਰਬਜੀਤ ਕੌਰ ਨੂੰ ਹੁਣ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਹਵਾਲੇ ਕੀਤਾ ਜਾਵੇਗਾ ਤਾਂ ਜੋ ਉਸ ਨੂੰ ਭਾਰਤ ਡਿਪੋਰਟ ਕੀਤਾ ਜਾ ਸਕੇ।
ਨਾਸਿਰ 'ਤੇ ਜਾਂਚ: ਨਾਸਿਰ ਹੁਸੈਨ ਪੁਲਿਸ ਦੀ ਹਿਰਾਸਤ ਵਿੱਚ ਰਹੇਗਾ। ਉਸ ਦੇ ਮੋਬਾਈਲ ਫ਼ੋਨ ਦਾ ਫੋਰੈਂਸਿਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਹੋਰ ਸਾਜ਼ਿਸ਼ ਜਾਂ ਸੁਰੱਖਿਆ ਉਲੰਘਣਾ ਦੀ ਜਾਂਚ ਕੀਤੀ ਜਾ ਸਕੇ।
ਰਾਸ਼ਟਰੀ ਸੁਰੱਖਿਆ ਅਤੇ ਪ੍ਰੋਟੋਕੋਲ ਦਾ ਮੁੱਦਾ
ਇਹ ਮਾਮਲਾ ਉਦੋਂ ਗਰਮਾਇਆ ਜਦੋਂ ਸਰਦਾਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਸ਼ਰਧਾਲੂ ਵੀਜ਼ਾ 'ਤੇ ਆ ਕੇ ਅਜਿਹਾ ਕਰਨਾ ਤੀਰਥ ਯਾਤਰਾ ਪ੍ਰੋਟੋਕੋਲ ਦਾ ਘਾਣ ਹੈ।