ਪੰਜਾਬ 'ਚ ਅਮਨ-ਕਾਨੂੰਨ ਸੁਰੱਖਿਅਤ ਹੱਥਾਂ 'ਚ- ਬਲਤੇਜ ਪੰਨੂ
ਵਲਟੋਹਾ ਕਾਂਡ: ਪੁਲਿਸ ਮੁਕਾਬਲੇ 'ਚ ਹੱਤਿਆਰੇ ਦੀ ਮੌਤ, ਪੰਜਾਬ 'ਚ ਨਹੀਂ ਚੱਲੇਗੀ ਗੁੰਡਾਗਰਦੀ: ਪੰਨੂ
ਚੰਡੀਗੜ੍ਹ, 6 ਜਨਵਰੀ 2026- ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਅੱਜ ਵਲਟੋਹਾ ਸਰਪੰਚ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਪੰਜਾਬ ਪੁਲਿਸ ਆਪਣਾ ਫਰਜ਼ ਬਾਖ਼ੂਬੀ ਨਿਭਾ ਰਹੀ ਹੈ।
ਵਲਟੋਹਾ ਸਰਪੰਚ ਹੱਤਿਆਕਾਂਡ ਮਾਮਲੇ ਵਿੱਚ ਅੱਜ ਤਰਨ ਤਾਰਨ ਦੇ ਨਜ਼ਦੀਕ ਪੰਜਾਬ ਪੁਲਿਸ ਅਤੇ ਹੱਤਿਆਰਿਆਂ ਵਿਚਾਲੇ ਹੋਈ ਮੁੱਠਭੇੜ ਦੌਰਾਨ ਮੁੱਖ ਮੁਲਜ਼ਮ ਦੀ ਮੌਤ ਹੋ ਗਈ ਹੈ।
ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਸੁਰੱਖਿਅਤ ਹੱਥਾਂ ਵਿੱਚ ਹੈ। ਉਨ੍ਹਾਂ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਕਿੰਨਾ ਵੀ ਪਾਵਰਫੁੱਲ ਕਿਉਂ ਨਾ ਹੋਵੇ, ਜੇਕਰ ਉਹ ਕਾਨੂੰਨ ਆਪਣੇ ਹੱਥਾਂ ਵਿੱਚ ਲਵੇਗਾ ਤਾਂ ਪੰਜਾਬ ਪੁਲਿਸ ਆਪਣਾ ਕੰਮ ਬਾਖ਼ੂਬੀ ਕਰੇਗੀ।
ਬਲਤੇਜ ਪੰਨੂ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।