DC ਬਠਿੰਡਾ ਵੱਲੋਂ ਬੇਅੰਤ ਸਿੰਘ ਮਲੂਕਾ ਦੀ ਬਾਲ ਪੁਸਤਕ 'ਆਓ ਸਕੂਲ ਚੱਲੀਏ' ਰਿਲੀਜ਼
ਅਸ਼ੋਕ ਵਰਮਾ
ਬਠਿੰਡਾ, 28 ਦਸੰਬਰ 2025: ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ। ਬੱਚਿਆਂ ਨੂੰ ਸਾਹਿਤਕ ਰੁਚੀਆਂ ਨਾਲ ਜੋੜਨਾ ਉਹਨਾਂ ਦੇ ਸੰਪੂਰਨ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਜਦੋਂ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁਚੀ ਉਤਪੰਨ ਹੁੰਦੀ ਹੈ ਤਾਂ ਉਹ ਸਿਰਫ਼ ਪੜ੍ਹਨ ਤੱਕ ਹੀ ਸੀਮਿਤ ਨਹੀਂ ਰਹਿੰਦੇ ਸਗੋਂ ਲਿਖਣ, ਸੋਚਣ ਅਤੇ ਪ੍ਰਗਟ ਕਰਨ ਦੀ ਯੋਗਤਾ ਵੀ ਵਿਕਸਤ ਕਰਦੇ ਹਨ। ਇਸੇ ਤਰ੍ਹਾਂ ਦੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਨ ਹਿੱਤ ਅਤੇ ਬਾਲ ਸਾਹਿਤ ਦੇ ਖੇਤਰ ਵਿੱਚ ਇਕ ਮਹੱਤਵਪੂਰਨ ਕਦਮ ਵਜੋਂ ਬੇਅੰਤ ਸਿੰਘ ਮਲੂਕਾ ਦੀ ਬਾਲ ਪੁਸਤਕ "ਆਓ ਸਕੂਲ ਚੱਲੀਏ" ਮਾਰਕੀਟ ਵਿੱਚ ਪਹੁੰਚ ਚੁੱਕੀ ਹੈ ਜਿਸ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। "ਆਓ ਸਕੂਲ ਚੱਲੀਏ" ਪੁਸਤਕ ਮੁੱਖ ਤੌਰ 'ਤੇ ਬੱਚਿਆਂ ਨੂੰ ਸਕੂਲ ਨਾਲ ਜੋੜਨ, ਪੜ੍ਹਾਈ ਪ੍ਰਤੀ ਰੁਚੀ ਪੈਦਾ ਕਰਨ ਅਤੇ ਸਿੱਖਿਆ ਦੇ ਮਹੱਤਵ ਨੂੰ ਸਧਾਰਨ ਤੇ ਰੌਚਿਕ ਢੰਗ ਨਾਲ ਸਮਝਾਉਂਦੀ ਹੈ।
ਬੇਅੰਤ ਸਿੰਘ ਮਲੂਕਾ ਨੇ ਇਸ ਬਾਲ ਪੁਸਤਕ ਰਾਹੀਂ ਲੇਖ ਸੰਗ੍ਰਹਿ ਦੁਆਰਾ ਬੱਚਿਆਂ ਦੀ ਸੋਚ, ਉਤਸਾਹ ਅਤੇ ਸਕੂਲੀ ਜੀਵਨ ਨਾਲ ਜੁੜੀਆਂ ਭਾਵਨਾਵਾਂ ਨੂੰ ਬੜੀ ਸੁੰਦਰਤਾ ਨਾਲ ਪੇਸ਼ ਕੀਤਾ ਹੈ। ਪੁਸਤਕ ਦੀ ਭਾਸ਼ਾ ਸਰਲ, ਸੁਗਮ ਅਤੇ ਬੱਚਿਆਂ ਦੇ ਮਨ ਨੂੰ ਛੂਹਣ ਵਾਲੀ ਹੈ। ਪੁਸਤਕ ਰਿਲੀਜ਼ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਜੀ ਨੇ ਕਿਹਾ ਕਿ ਅਜਿਹੀਆਂ ਬਾਲ ਪੁਸਤਕਾਂ ਸਮਾਜ ਲਈ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਲੇਖਕ ਬੇਅੰਤ ਸਿੰਘ ਮਲੂਕਾ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬਾਲ ਸਾਹਿਤ ਰਾਹੀਂ ਭਵਿੱਖ ਦੀ ਪੀੜ੍ਹੀ ਨੂੰ ਸਹੀ ਦਿਸ਼ਾ ਦਿੱਤੀ ਜਾ ਸਕਦੀ ਹੈ।
ਉਹਨਾਂ ਕਿਹਾ ਕਿ ਬੱਚੇ ਸਾਹਿਤ ਨਾਲ ਜੁੜਕੇ ਸਿਰਫ਼ ਪ੍ਰੀਖਿਆਵਾਂ ਪਾਸ ਹੀ ਨਹੀਂ ਕਰਨਗੇ ਸਗੋਂ ਇੱਕ ਚੰਗੇ ਵਿਦਵਾਨ ਵੀ ਬਣਨਗੇ। ਇਸ ਮੌਕੇ ਬੇਅੰਤ ਸਿੰਘ ਮਲੂਕਾ ਨੇ ਮਾਨਯੋਗ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਦਾ ਬੱਚਿਆਂ ਪ੍ਰਤੀ ਪਿਆਰ ਅਤੇ ਸਿੱਖਿਆ ਲਈ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਨੇ ਆਸ ਜਤਾਈ ਕਿ "ਆਓ ਸਕੂਲ ਚੱਲੀਏ" ਬੱਚਿਆਂ ਨੂੰ ਸਕੂਲ ਆਉਣ ਲਈ ਪ੍ਰੇਰਿਤ ਕਰੇਗੀ ਅਤੇ ਅਧਿਆਪਕਾਂ ਲਈ ਵੀ ਇਕ ਉਪਯੋਗੀ ਸਾਧਨ ਸਾਬਤ ਹੋਵੇਗੀ। ਕੁੱਲ ਮਿਲਾ ਕੇ, ਇਹ ਪੁਸਤਕ ਰਿਲੀਜ਼ ਸਮਾਰੋਹ ਬਾਲ ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਇਕ ਯਾਦਗਾਰ ਪਲ ਬਣ ਗਿਆ, ਜੋ ਨਿਸ਼ਚਿਤ ਤੌਰ 'ਤੇ ਬੱਚਿਆਂ ਦੇ ਸੁਨਿਹਰੇ ਭਵਿੱਖ ਵੱਲ ਇਕ ਮਜ਼ਬੂਤ ਕਦਮ ਹੈ।