ਵੱਡੀ ਖ਼ਬਰ: ਬਜ਼ੁਰਗ ਕਿਸਾਨ ਨੇ ਕੀਤੀ ਖੁਦਕੁਸ਼ੀ, ਭਤੀਜੇ ਸਣੇ 3 'ਤੇ ਕੇਸ ਦਰਜ
ਕਮਲਜੀਤ ਸਿੰਘ ਸੰਧੂ
ਬਰਨਾਲਾ/ਰੂੜੇਕੇ ਕਲਾਂ 6 ਜਨਵਰੀ 2026: ਜ਼ਮੀਨ ਦਾ ਲਾਲਚ ਕਿਸ ਕਦਰ ਰਿਸ਼ਤਿਆਂ ਦਾ ਕਤਲ ਕਰ ਸਕਦਾ ਹੈ, ਇਸ ਦੀ ਇੱਕ ਦਰਦਨਾਕ ਮਿਸਾਲ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਤੋਂ ਸਾਹਮਣੇ ਆਈ ਹੈ। ਇੱਥੇ ਇੱਕ 80 ਸਾਲਾ ਬਜ਼ੁਰਗ ਕਿਸਾਨ ਮੇਜਰ ਸਿੰਘ ਨੇ ਆਪਣੇ ਹੀ ਭਤੀਜੇ ਵੱਲੋਂ 12 ਏਕੜ ਜ਼ਮੀਨ ਦੀ ਧੋਖਾਧੜੀ ਨਾਲ ਰਜਿਸਟਰੀ ਕਰਵਾਉਣ ਤੋਂ ਦੁਖੀ ਹੋ ਕੇ ਘਰ ਦੀ ਛੱਤ ਦੀ ਰੇਲਿੰਗ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮ੍ਰਿਤਕ ਮੇਜਰ ਸਿੰਘ (ਵਾਸੀ ਦਰਾਜ) ਪਿਛਲੇ ਚਾਰ ਸਾਲਾਂ ਤੋਂ ਆਪਣੀ ਅਪਾਹਜ ਧੀ ਕੁਲਵਿੰਦਰ ਕੌਰ ਅਤੇ ਜਵਾਈ ਨਾਲ ਪਿੰਡ ਰੂੜੇਕੇ ਕਲਾਂ ਵਿੱਚ ਰਹਿ ਰਿਹਾ ਸੀ। ਮ੍ਰਿਤਕ ਦੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਕੋਈ ਪੁੱਤਰ ਨਹੀਂ ਸੀ ਅਤੇ ਉਹ ਆਪਣੀ 12 ਏਕੜ ਜ਼ਮੀਨ ਆਪਣੀਆਂ ਤਿੰਨਾਂ ਧੀਆਂ ਨੂੰ ਦੇਣਾ ਚਾਹੁੰਦੇ ਸਨ। ਪਰ ਉਨ੍ਹਾਂ ਦੇ ਭਤੀਜੇ ਨੇ ਦੋ ਜਾਅਲੀ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਧੋਖੇ ਨਾਲ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ। ਜਦੋਂ ਮੇਜਰ ਸਿੰਘ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਅਦਾਲਤ ਵਿੱਚ ਕੇਸ ਵੀ ਕੀਤਾ, ਪਰ ਦੋਸ਼ੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ।
ਘਟਨਾ ਦੇ ਸਮੇਂ ਪਰਿਵਾਰਕ ਮੈਂਬਰ ਪਿੰਡ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਗਏ ਹੋਏ ਸਨ। ਇਸੇ ਦੌਰਾਨ ਮੇਜਰ ਸਿੰਘ ਨੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਧੀ ਕੁਲਵਿੰਦਰ ਕੌਰ ਅਤੇ ਭੈਣ ਚਰਨਜੀਤ ਕੌਰ ਨੇ ਹੰਝੂ ਭਰੀਆਂ ਅੱਖਾਂ ਨਾਲ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਧੋਖਾਧੜੀ ਨਾਲ ਕਰਵਾਈ ਗਈ ਰਜਿਸਟਰੀ ਨੂੰ ਰੱਦ ਕਰਕੇ ਉਨ੍ਹਾਂ ਦਾ ਹੱਕ ਵਾਪਸ ਦਿਵਾਇਆ ਜਾਵੇ।
ਰੂੜੇਕੇ ਕਲਾਂ ਪੁਲਿਸ ਸਟੇਸ਼ਨ ਦੇ SHO ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਦੇ ਬਿਆਨਾਂ ਦੇ ਆਧਾਰ 'ਤੇ ਹਰਦੀਪ ਸਿੰਘ (ਭਤੀਜਾ), ਵੀਰਪਾਲ ਕੌਰ ਅਤੇ ਮਨਜੀਤ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਫਿਲਹਾਲ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।