ਜ਼ਮੀਨ ਦਾ ਕਬਜ਼ਾ ਲੈਣ ਗਏ ਸਰਕਾਰੀ ਅਧਿਕਾਰੀਆਂ 'ਤੇ ਦੂਜੀ ਧਿਰ ਨੇ ਕਰ'ਤੀ ਫਾਇਰਿੰਗ
ਰੋਹਿਤ ਗੁਪਤਾ
ਗੁਰਦਾਸਪੁਰ 6 ਜਨਵਰੀ 2026- ਪਿੰਡ ਕਲੇਰ ਖੁਰਦ ਵਿਖੇ ਜਮੀਨ ਦਾ ਕਬਜ਼ਾ ਲੈਣ ਗਏ ਸਰਕਾਰੀ ਅਧਿਕਾਰੀਆਂ 'ਤੇ ਦੂਜੀ ਧਿਰ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਅਧਿਕਾਰੀਆਂ ਵਿੱਚ ਨਾਇਬ ਤਹਿਸੀਲਦਾਰ, ਕਾਨੂੰਗੋ ਅਤੇ ਪਟਵਾਰੀ ਸ਼ਾਮਿਲ ਸਨ, ਜਦਕਿ ਚਾਰ ਪੁਲਿਸ ਮੁਲਾਜ਼ਮ ਵੀ ਉਸ ਵੇਲੇ ਸੁਰੱਖਿਆ ਕਾਰਨਾਂ ਕਰਕੇ ਸਰਕਾਰੀ ਅਧਿਕਾਰੀਆਂ ਨਾਲ ਮੌਕੇ 'ਤੇ ਗਏ ਸਨ, ਪਰ ਦੱਸਿਆ ਜਾ ਰਿਹਾ ਹੈ ਕਿ ਦੂਜੀ ਧਿਰ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਮਾਮਲਾ ਕਲੇਰ ਖੁਰਦ ਦੀ 7 ਕਨਾਲ 12 ਮਰਲੇ ਜਮੀਨ ਦਾ ਹੈ, ਜਿਸ ਤੋਂ ਕਬਜ਼ਾ ਛੁਡਾਉਣ ਦੇ ਹੁਕਮ ਮਾਨਯੋਗ ਸੁਪਰੀਮ ਸੈਸ਼ਨ ਕੋਰਟ ਵੱਲੋਂ ਕੱਢੇ ਗਏ ਸਨ।
ਇਲਾਕੇ ਦੇ ਪਟਵਾਰੀ ਦਲਬੀਰ ਸਿੰਘ ਅਤੇ ਕਾਨੂੰਗੋ ਲਖਵਿੰਦਰ ਸਿੰਘ ਅਨੁਸਾਰ ਜਦੋਂ ਉਹ ਮੌਕੇ 'ਤੇ ਦੂਜੀ ਧਿਰ ਕੋਲੋਂ ਪੁੱਛਣ ਗਏ ਕਿ ਕੀ ਉਹਨਾਂ ਕੋਲ ਇਸ ਜਮੀਨ ਦਾ ਕੋਈ ਅਦਾਲਤੀ ਸਟੇਅ ਜਾਂ ਫਿਰ ਹੋਰ ਕੋਈ ਕਾਗਜ਼ ਹੈ, ਤਾਂ ਦੂਜੀ ਧਿਰ ਨੇ ਕੋਈ ਗੱਲ ਕਰਨ ਦੀ ਬਜਾਏ ਸਿੱਧਾ ਉਹਨਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਵੱਲੋਂ ਇੱਕ ਟਰੱਕ ਦੀ ਓਟ ਲੈ ਕੇ ਜਾਨ ਬਚਾਈ ਗਈ।
ਉੱਥੇ ਹੀ ਮੌਕੇ 'ਤੇ ਪਹੁੰਚੇ ਸਬੰਧਤ ਚੌਂਕੀ ਨਸ਼ਹਿਰਾ ਮੱਜਾ ਸਿੰਘ ਦੇ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।