ਸਰੀ ਵਿਸਾਖੀ ਨਗਰ ਕੀਰਤਨ 'ਚ ਸਿੱਖ ਜਥੇਬੰਦੀਆਂ ਵੱਲੋਂ ਜਸਟਿਨ ਟਰੂਡੋ ਦਾ ਵਿਸ਼ੇਸ਼ ਸਨਮਾਨ
ਰਣਜੀਤ ਸਿੰਘ ਖਾਲਸਾ
ਸਰੀ (ਕੈਨੇਡਾ), 21 ਅਪ੍ਰੈਲ 2025- ਸਰੀ ਨਗਰ ਕੀਰਤਨ ਦਾ ਸਿੱਖ ਕੈਲੰਡਰ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ ਜੋ ਕਿ ਵਿਸਾਖੀ ਦੇ ਸਭ ਤੋਂ ਵੱਡੇ ਅਯੋਜਨਾਂ ਵਿੱਚੋਂ ਇੱਕ ਹੈ, ਜਿੱਥੇ ਲੱਖਾਂ ਹੀ ਸ਼ਰਧਾਲੂ ਇਕੱਠੇ ਹੋ ਕੇ ਆਪਣੇ ਧਰਮ ਅਤੇ ਸਭਿਆਚਾਰ ਨੂੰ ਮਾਣਦੇ ਹਨ। ਇਹ ਨਗਰ ਕੀਰਤਨ ਰਾਜਨੀਤਿਕ ਪੱਖ ਤੋਂ ਵੀ ਬੜਾ ਮਹੱਤਵਪੂਰਨ ਰਹਿੰਦਾ ਹੈ ਕਿਉਂਕਿ ਕੈਨੇਡਾ ਦੀਆਂ ਸਾਰੀਆਂ ਹੀ ਵੱਡੀਆਂ ਰਾਜਨੀਤਿਕ ਹਸਤੀਆਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਦੀਆਂ ਹਨ ਅਤੇ ਲੋਕਾਂ ਦੇ ਅੰਗ ਸੰਗ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਵਾਰ ਸਰੀ ਨਗਰ ਕੀਰਤਨ ਵਿਚ ਇੱਕ ਵਿਲੱਖਣ ਘਟਨਾਕ੍ਰਮ ਹੋਇਆ ਜਦੋਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਜਿਆਦਾਤਰ ਆਮ ਕੈਨੇਡੀਅਨਜ਼ ਵਿਚ ਆਪਣੀ ਹਰਮਨਪਿਆਰਤਾ ਗੁਆ ਚੁੱਕੇ ਸਨ ਨੂੰ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ ਦਿੱਤਾ ਗਿਆ, ਜੋ ਜਸਟਿਨ ਟਰੂਡੋ ਦੀ ਗੈਰ ਮੌਜੂਦਗੀ ਵਿੱਚ ਲਿਬਰਲ ਐਮਪੀ ਸੁੱਖ ਧਾਲੀਵਾਲ ਨੇ ਪ੍ਰਾਪਤ ਕੀਤਾ।
ਇਸ ਸਨਮਾਨ ਸਬੰਧੀ ਸਿੱਖ ਜਥੇਬੰਦੀਆਂ ਦਾ ਇਹ ਤਰਕ ਸੀ ਕਿ ਜਸਟਿਨ ਟਰੂਡੋ ਦਾ ਨਾਮ ਸਿੱਖ ਜਗਤ ਵਿੱਚ ਹਮੇਸ਼ਾ ਨਵਾਬ ਸ਼ੇਰ ਮੁਹੰਮਦ ਖਾਨ ਦੀ ਤਰ੍ਹਾਂ ਸਤਿਕਾਰ ਨਾਲ ਲਿਆ ਜਾਵੇਗਾ ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਤੋਂ ਗੁਰੂ ਗੋਬਿੰਦ ਸਿੰਘ ਹੱਥੋਂ ਜੰਗ ਚ ਮਾਰੇ ਆਪਣੇ ਭਰਾਵਾਂ ਦਾ ਬਦਲਾ ਲੈਣ ਲਈ ਸੂਬਾ ਸਰਹੰਦ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਇਹ ਕਹਿਕੇ ਹਾਅ ਦਾ ਨਾਅਰਾ ਮਾਰਿਆ ਸੀ ਕਿ ਬਾਪ ਦੇ ਗੁਨਾਹ ਦਾ ਬਦਲਾ ਬੱਚਿਆਂ ਤੋਂ ਲੈਣਾ ਦੀਨ ਦੇ ਉਲਟ ਹੈ ਅਤੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਤਰ੍ਹਾਂ ਹੀ ਜਸਟਿਨ ਟਰੂਡੋ ਨੇ ਸਿੱਖਾਂ ਦੇ ਹੱਕ ਵਿੱਚ ਉਦੋਂ ਹਾਅ ਦਾ ਨਾਅਰਾ ਮਾਰਿਆ ਸੀ ਜਦੋਂ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਭਾਰਤ ਦੀ ਸਰਕਾਰ ਉੱਤੇ ਇਹ ਇਲਜ਼ਾਮ ਲਗਾਏ ਸਨ ਕਿ ਹਰਦੀਪ ਸਿੰਘ ਨਿੱਝਰ ਦੇ ਸਰੀ ਵਿਖੇ ਹੋਏ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੀ ਸੂਚਨਾ ਉਹਨਾਂ ਦੇ ਕੋਲ ਹੈ।
ਇਹ ਹਰ ਕੋਈ ਮੰਨਦਾ ਹੈ ਕਿ ਟਰੂਡੋ ਦੀ ਕੈਨੇਡੀਅਨ ਸਿੱਖ ਸਫ਼ਾਂ ਚ ਪਛਾਣ ਇਸ ਕਦਰ ਗੂੜ੍ਹੀ ਹੋ ਚੁੱਕੀ ਹੈ ਕਿ ਜੇ ਟਰੂਡੋ ਮੁੜ ਤੋਂ ਸਿਆਸਤ ਵਿਚ ਸਰਗਰਮ ਹੋਣ ਤਾਂ ਸਿੱਖ ਜਗਤ ਉਨ੍ਹਾਂ ਨੂੰ ਕੋਈ ਵੀ ਲੀਡਰਸ਼ਿਪ ਦੌੜ ਹਾਰਨ ਨਹੀਂ ਦੇਵੇਗਾ ਕਿਉਂਕਿ ਸਿੱਖ ਪੰਥ ਨੂੰ ਟਰੂਡੋ ਦੇ ਇਸ ਅਹਿਸਾਨ ਨੂੰ ਕਦੇ ਵੀ ਭੁਲਾ ਨਹੀਂ ਸਕਦਾ ਜਦੋਂ ਉਹ ਇੱਕ ਧਿਰ ਬਣ ਕੇ ਸਿੱਖਾਂ ਦੇ ਨਾਲ ਖਲੋਤੇ ਸਨ। ਸਿੱਖ ਜਗਤ ਹਮੇਸ਼ਾ ਹੀ ਜਸਟਿਨ ਟਰੂਡੋ ਦਾ ਰਿਣੀ ਰਹੇਗਾ।