Canada ਵਿੱਚ ਵਿਸਾਖੀ ਤੋਂ ਪਹਿਲਾਂ ਮੰਦਿਰਾਂ 'ਤੇ ਖ਼ਾਲਿਸਤਾਨੀ ਨਾਅਰੇ ਲਿਖਣ ਦਾ ਮਾਮਲਾ: ਮਨਿੰਦਰ ਗਿੱਲ ਵਲੋਂ ਸਖ਼ਤ ਨਿੰਦਾ
ਸਰੀ/ਵੈਂਕੂਵਰ: ਵਿਸਾਖੀ ਖ਼ਾਲਸਾ ਡੇਅ ਪਰੇਡ ਤੋਂ ਕੁਝ ਘੰਟੇ ਪਹਿਲਾਂ ਹੀ ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਅਤੇ ਵੈਂਕੂਵਰ ਦੇ ਰੌਸ ਸਟਰੀਟ ਗੁਰਦੁਆਰਾ (ਖ਼ਾਲਸਾ ਦੀਵਾਨ ਸੋਸਾਇਟੀ) ਦੀਆਂ ਕੰਧਾਂ 'ਤੇ ਨਫ਼ਰਤ ਭਰੇ ਨਾਅਰੇ ਲਿਖਣ ਦੀਆਂ ਘਟਨਾਵਾਂ ਨੇ ਸਾਰੇ ਦੇਸ਼ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ।
ਇਨ੍ਹਾਂ ਘਟਨਾਵਾਂ 'ਤੇ ਪ੍ਰਤੀਕਿਰਿਆ ਦਿੰਦਿਆਂ, ਰੇਡੀਓ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਮਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਲਕਸ਼ਮੀ ਨਰਾਇਣ ਮੰਦਿਰ, ਸਰੀ ਅਤੇ ਖਾਲਸਾ ਦੀਵਾਨ ਸੋਸਾਇਟੀ, ਰੌਸ ਸਟਰੀਟ ਗੁਰਦੁਆਰਾ, ਵੈਨਕੂਵਰ ਵਿਖੇ ਨਫਰਤੀ ਨਾਅਰੇ ਲਿਖਣ ਦੀਆਂ ਘਿਨਾਉਣੀਆਂ ਘਟਨਾਵਾਂ ਨੇ ਹਰ ਸਹੀ ਸੋਚ ਰੱਖਣ ਵਾਲੇ ਕੈਨੇਡੀਅਨ ਦੀ ਜ਼ਮੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਤਿਹਾਸਕ ਸਰੀ ਖਾਲਸਾ ਡੇਅ ਪਰੇਡ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਇਹ ਨਾਪਾਕ ਹਰਕਤਾਂ ਕੀਤੀਆਂ ਗਈਆਂ ਹਨ, ਇਹ ਤੱਥ ਇਨ੍ਹਾਂ ਘਟਨਾਵਾਂ ਪਿੱਛੇ ਸਮਾਜ ਵਿਰੋਧੀ ਸ਼ਕਤੀਆਂ ਦੇ ਘਿਣਾਉਣੇ ਮਨਸੂਬੇ ਦਰਸਾਉਂਦਾ ਹੈ।
ਇਹ ਕੁਕਰਮ ਕੈਨੇਡਾ ਵਿੱਚ ਚੱਲ ਰਹੀ ਸੰਘੀ ਚੋਣ ਮੁਹਿੰਮ ਦੌਰਾਨ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਲਈ ਕੀਤਾ ਗਿਆ ਹੈ। ਆਰਸੀਐਮਪੀ ਅਤੇ ਕੈਨੇਡੀਅਨ ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਘਟਨਾਵਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਸ ਘਿਨੌਣੀ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
ਮੈਂ ਇਹਨਾਂ ਕਾਰਵਾਈਆਂ ਦੀ ਸਖ਼ਤ ਨਿਖੇਧੀ ਕਰਦਾ ਹਾਂ ਅਤੇ ਸਾਰੇ ਕੈਨੇਡੀਅਨਾਂ ਨੂੰ ਇੱਕਜੁੱਟ ਰਹਿਣ ਅਤੇ ਫਿਰਕੂ ਤਾਕਤਾਂ ਨੂੰ ਹਰਾਉਣ ਦੀ ਅਪੀਲ ਕਰਦਾ ਹਾਂ।
