ਸੁਖਬੀਰ ਬਾਦਲ ਤੇ ਫਾਇਰਿੰਗ ਕੇਸ ਦਾ ਦੂਜਾ ਮੁਲਜ਼ਮ ਵੀ ਜੇਲ੍ਹ 'ਚੋਂ ਰਿਹਾਅ
- ਧਰਮ ਸਿੰਘ ਏਕਲਗੱਡਾ ਕੇਂਦਰੀ ਜੇਲ, ਸ੍ਰੀ ਗੋਇੰਦਵਾਲ ਸਾਹਿਬ ਤੋਂ ਰਿਹਾਅ
ਸ੍ਰੀ ਗੋਇੰਦਵਾਲ ਸਾਹਿਬ, 08 ਅਗਸਤ 2025: ਧਰਮ ਸਿੰਘ ਨੂੰ 4 ਦਸੰਬਰ 2024 ਨੂੰ ਸੁਖਬੀਰ ਬਾਦਲ ਨੂੰ ਇਰਾਦਾ ਕਤਲ ਨਾਲ ਗੋਲੀ ਮਾਰਨ ਦੇ ਕੇਸ ਵਿੱਚ ਭਾਈ ਨਰਾਇਣ ਸਿੰਘ ਚੌੜਾ ਨਾਲ ਨਾਮਜ਼ਦ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਨਰਾਇਣ ਸਿੰਘ ਨੂੰ ਪਹਿਲਾਂ ਹੀ ਇਸ ਕੇਸ ਵਿੱਚੋ ਜ਼ਮਾਨਤ ਮਿਲ ਚੁੱਕੀ ਹੈ ਅਤੇ ਇਸ ਕੇਸ ਵਿੱਚ ਸੁਖਬੀਰ ਬਾਦਲ ਨੇ ਅਜੇ ਤੱਕ ਵੀ ਆਪਣਾ ਬਿਆਨ ਦਰਜ਼ ਨਹੀਂ ਕਰਵਾਇਆ ਤੇ ਸੁਖਬੀਰ ਬਾਦਲ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਕੇ ਇਸ ਕੇਸ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੋਈ ਹੈ ਪਰ ਪੰਜਾਬ ਪੁਲਸ ਨੇ ਇਸ ਕੇਸ ਵਿੱਚ ਤਫ਼ਤੀਸ਼ ਮੁਕੰਮਲ ਕਰਕੇ ਚਲਾਣ ਅਦਾਲਤ ਵਿੱਚ ਦੇ ਦਿੱਤਾ ਹੈ।
ਧਰਮ ਸਿੰਘ ਨੂੰ ਇਰਾਦਾ ਕਤਲ ਦੀ ਸਾਜ਼ਿਸ਼ ਵਿੱਚ ਰੱਖਿਆ ਗਿਆ ਸੀ ਤੇ ਚਲਾਣ ਮੁਤਾਬਕ ੩ ਦਸੰਬਰ ਨੂੰ ਨਾਰਾਇਣ ਸਿੰਘ ਤੇ ਧਰਮ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਪਰਚੀਆਂ ਪਾ ਕੇ ਘਟਨਾ ਨੂੰ ਅੰਜਾਮ ਦੇਣ ਜਾਂ ਅੰਜਾਮ ਨਾ ਦੇਣ ਦੀ ਅਰਦਾਸ ਕੀਤੀ ਸੀ ਤੇ ਅਰਦਾਸ ਨਾਰਾਇਣ ਸਿੰਘ ਨੇ ਕੀਤੀ ਸੀ ਤੇ ਪਰਚੀ ਧਰਮ ਸਿੰਘ ਨੇ ਚੁੱਕੀ ਸੀ। ਧਰਮ ਸਿੰਘ ਨੂੰ ਵਧੀਕ ਸੈਸ਼ਨਜ਼ ਜੱਜ ਅੰਮ੍ਰਿਤਸਰ ਸ੍ਰੀ ਸੰਜੀਵ ਕੁੰਦੀ ਨੇ ੪ ਅਗਸਤ ਨੂੰ ਜ਼ਮਾਨਤ ਦਿੱਤੀ ਸੀ ਤੇ ਅਜ ਜਮਾਨਤੀ ਮੁਚਲਕਾ ਭਰਨ ਤੋਂ ਬਾਦ ਭਾਈ ਧਰਮ ਸਿੰਘ ਦੀ ਰਿਹਾਈ ਹੋ ਗਈ।