ਏਐਨਟੀਐਫ ਟੀਮ ਅਤੇ ਨਸ਼ਾ ਤਸਕਰਾਂ ਚ ਮੁਕਾਬਲਾ: ਚੱਲੀਆਂ ਗੋਲੀਆਂ
- ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਇੱਕ ਨਸ਼ਾ ਤਸਕਰ ਜਖਮੀ-ਤਿੰਨ ਫਰਾਰ
ਦੀਪਕ ਜੈਨ
ਜਗਰਾਉਂ, 8 ਅਗਸਤ 2025 - ਅੱਜ ਸ਼ੁਕਰਵਾਰ ਦੀ ਤੜਕਸਾਰ ਏਐਨਟੀਐਫ ਟੀਮ ਅਤੇ ਨਸ਼ਾ ਤਸਕਰਾਂ ਵਿਚਾਲੇ ਉਸ ਵੇਲੇ ਮੁਠਭੇੜ ਹੋ ਗਈ ਜਦੋਂ ਏਐਨਟੀਐਫ ਟੀਮ ਦੀ ਇੱਕ ਨਸ਼ਾ ਤਸਕਰ ਨੂੰ ਕਾਬੂ ਕਰਨ ਦੇ ਲਈ ਥਾਣਾ ਸਿੱਧਵਾ ਬੇਟ ਪੁਲਿਸ ਦੇ ਅਧੀਨ ਪੈਂਦੇ ਪਿੰਡ ਗੋਰਸੀਆਂ ਖਾਨ ਮੁਹੰਮਦ ਪਹੁੰਚੀ ਅਤੇ ਪੁਲਿਸ ਦੀ ਪਹੁੰਚਣ ਦੀ ਸੂਚਨਾ ਮਿਲਦਿਆਂ ਹੀ ਨਸ਼ਾ ਤਸਕਰਾਂ ਨੇ ਪੁਲਿਸ ਪਾਰਟੀ ਨੂੰ ਵੇਖ ਗੋਲੀਆਂ ਚਲਾ ਦਿੱਤੀਆਂ ਅਤੇ ਇਸ ਦੌਰਾਨ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਨਸ਼ਾ ਤਸਕਰ ਜ਼ਖਮੀ ਹੋ ਗਿਆ ਜਦ ਕਿ ਮੌਕੇ ਤੇ ਮੌਜੂਦ ਬਾਕੀ ਨਸ਼ਿਆਂ ਤਸਕਰ ਫਰਾਰ ਹੋਣ ਵਿੱਚ ਕਾਮਯਾਬ ਰਹੇ।
ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਡਾਕਟਰ ਅੰਕੁਰ ਗੁਪਤਾ ਅਤੇ ਏਆਈਜੀ ਜਗਜੀਤ ਸਿੰਘ ਨੇ ਦੱਸਿਆ ਕੀ ਏਐਨਟੀਐਫ ਥਾਣਾ ਮੁਹਾਲੀ ਵਿਖੇ 184 ਨੰਬਰ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਕੁਝ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਇਕ ਕਿਲੋ ਦੇ ਕਰੀਬ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਜਦੋਂ ਏਐਨਟੀਐਫ ਦੀ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਮਾਮਲੇ ਵਿੱਚ ਇੱਕ ਹੋਰ ਨਸ਼ਾ ਤਸਕਰ ਸੰਨੀ ਦਾ ਨਾਮ ਸਾਹਮਣੇ ਆਇਆ ਅਤੇ ਜਦੋਂ ਪੁਲਿਸ ਇਸ ਦੀ ਲੋਕੇਸ਼ਨ ਨੂੰ ਟਰੇਸ ਕਰਦੀ ਹੋਈ ਇਸ ਨੂੰ ਕਾਬੂ ਕਰਨ ਅੱਜ ਸ਼ੁਕਰਵਾਰ ਦੀ ਤੜਕਸਾਰ 6 ਵਜੇ ਦੇ ਕਰੀਬ ਥਾਣਾ ਸਿੱਧਵਾਂ ਬੇਟ ਦੇ ਅਧੀਨ ਪੈਂਦੇ ਪਿੰਡ ਗੁਰਸੀਆਂ ਖਾਨ ਮੁਹੰਮਦ ਵਿਖੇ ਪਹੁੰਚੀ ਤਾਂ ਉਸਨੇ ਆਪਣੇ ਸਾਥੀਆਂ ਸਮੇਤ ਪੁਲਿਸ ਨੂੰ ਦੇਖਦਿਆਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਅਤੇ ਜਦੋਂ ਪੁਲਿਸ ਨੇ ਆਪਣੀ ਜਵਾਬੀ ਫਾਇਰਿੰਗ ਕੀਤੀ ਤਾਂ ਉਹਨਾਂ ਦਾ ਇੱਕ ਸਾਥੀ ਦਵਿੰਦਰ ਸਿੰਘ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਤੁਰੰਤ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ।
ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦਾ ਲੋੜੀਂਦਾ ਦੋਸ਼ੀ ਲੱਕੀ ਅਤੇ ਉਸਦੇ ਬਾਕੀ ਸਾਥੀ ਪਿਛਲੇ ਰਸਤੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ ਜਿਨਾਂ ਦੀ ਭਾਲ ਵਿੱਚ ਪੁਲਿਸ ਅਤੇ ਏਐਨਟੀਐਫ ਟੀਮਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਜਿਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਲੋੜੀਂਦੇ ਦੋਸ਼ੀ ਸੰਨੀ ਖਿਲਾਫ ਦੋ ਮਾਮਲੇ ਦਰਜ ਹਨ , ਕੁਲਦੀਪ ਸਿੰਘ ਕੀਪਾ ਖਿਲਾਫ ਪੰਜ ਮਾਮਲੇ ਦਰਜ ਹਨ ਅਤੇ ਦਵਿੰਦਰ ਸਿੰਘ ਬੱਬੂ ਖਿਲਾਫ਼ ਤਿੰਨ ਮਾਮਲੇ ਦਰਜ ਹਨ।