ਬਟਾਲਾ ਦੀ ਗੂੰਜ ਅਮਰੀਕਾ ਤੱਕ- ਸ਼ੈਰੀ ਕਲਸੀ ਨੇ ਵਿਸ਼ਵ ਪੱਧਰੀ ਕਾਨਫਰੰਸ ਵਿੱਚ ਅਹਿਮ ਮੁੱਦਿਆਂ ’ਤੇ ਕੀਤੀ ਚਰਚਾ
- ਆਪ ਪਾਰਟੀ ਦੀ ਬਦੌਲਤ ਦੁਨੀਆਂ ਦੇ ਵੱਡੇ ਮੰਚ ’ਤੇ ਜਾਣ ਦਾ ਮਿਲਿਆ ਮੌਕਾ
ਰੋਹਿਤ ਗੁਪਤਾ
ਬਟਾਲਾ, 7 ਅਗਸਤ 2025 - ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜੋ ਵਿਸ਼ਵ ਪੱਧਰੀ ਕਾਨਫਰੰਸ ਐਨ.ਸੀ.ਐਸ.ਐੱਲ (National Conference of State Legislatures'-Summit) ਸਮਿਟ-2025 ਵਿੱਚ ਹਿੱਸਾ ਲੈਣ ਲਈ ਅਮਰੀਕਾ ਗਏ ਹਨ, ਉਨ੍ਹਾਂ ਨੂੰ ਇਸ ਵੱਡੇ ਪਲੇਟਫਾਰਮ ਵਿੱਚ ਹਿੱਸਾ ਲੈਣ ਲਈ ਨੈਸ਼ਨਲ ਲੈਜਿਸਲੈਚਰਜ਼ ਕਾਨਫਰੰਸ ਭਾਰਤ ਵਲੋਂ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਅਮਰੀਕਾ ਤੋਂ ਫੋਨ ਰਾਹੀਂ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ੍ਰੀ ਅਰਵਿੰਦ ਕੇਜਰੀਵਾਲ, ਸੁਪਰੀਮੋ ਆਮ ਆਦਮੀ ਪਾਰਟੀ ਅਤੇ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਬਦੌਲਤ ਉਨਾਂ ਨੂੰ ਦੁਨੀਆਂ ਦੇ ਇਸ ਵੱਡੇ ਪਲੇਟਫਾਰਮ ’ਤੇ ਜਾਣ ਦਾ ਮੌਕਾ ਮਿਲਿਆ ਹੈ, ਜੋ ਉਨਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਤਿੰਨ ਦਿਨਾਂ ਐਨ.ਸੀ.ਐਸ.ਐੱਲ ਸਮਿਟ-2025 ਸਬੰਧੀ ਗੱਲ ਕਰਦਿਆਂ ਦੱਸਿਆ ਕਿ ਇਸ ਵਿੱਚ ਵੱਖ-ਵੱਖ ਦੇਸ਼ਾਂ ਵਿਚੋਂ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਦੌਰਾਨ ਲੋਕਤੰਤਰਿਕ ਵੈਲਿਊ, ਕਦਰਾਂ ਕੀਮਤਾਂ, ਵਿਧਾਨਿਕ ਕਾਰੁਜ਼ਗਾਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਸਮੇਤ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਵਟਾਂਦਰਾ ਹੋਇਆ ਹੈ। ਦੁਨੀਆਂ ਭਰ ਵਿਚੋਂ ਆਏ ਵਿਧਾਇਕਾਂ ਨਾਲ ਆਪਸੀ ਵਿਚਾਰਾਂ ਦਾ ਆਦਾਨ ਪ੍ਰਦਾਨ ਅਤੇ ਚੰਗੇ ਸ਼ਾਸਨ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਸ਼ਾਨਦਾਰ ਉਸਾਰੂ ਚਰਚਾ ਹੋਈ, ਜਿਸ ਨਾਲ ਉਨਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਲਈ ਮਿਲਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਵਿਸ਼ਵ ਭਰ ਦੇ ਵਿਧਾਇਕਾਂ ਦੇ ਹੋਏ ਇਸ ਸਮਿਟ-2025 ਵਿੱਚ ਉਨਾਂ ਦੀ ਚੋਣ ਹੋਈ। ਉਨਾਂ ਕਿਹਾ ਕਿ ਦੁਨੀਆਂ ਭਰ ਦੇ ਇਸ ਵੱਡੇ ਪਲੇਟਫਾਰਮ ’ਤੇ ਉਨਾਂ ਨੇ ਆਪ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਲੋਕਹਿੱਤ ਵਿੱਚ ਕੀਤੇ ਸ਼ਾਨਦਾਰ ਉਪਰਾਲਿਆਂ ਦੀ ਚਰਚਾ ਕੀਤੀ, ਜੋ ਹਮੇਸ਼ਾ ਉਨਾਂ ਦੇ ਯਾਦਗਾਰੀ ਪਲਾਂ ਵਿੱਚ ਤਾਜ਼ਾ ਰਹੇਗੀ। ਉਨਾਂ ਕਿਹਾ ਕਿ ਦੁਨੀਆਂ ਦੇ ਇਸ ਵੱਡੇ ਮੰਚ ਵਿੱਚ ਸ਼ਾਮਿਲ ਹੋ ਕੇ ਉਨਾਂ ਜੋ ਕੁਝ ਸਿੱਖਿਆ ਹੈ, ਉਸ ਨਾਲ ਭਵਿੱਖ ਵਿੱਚ ਬਹੁਤ ਲਾਭ ਮਿਲੇਗਾ।
ਦੱਸਣਯੋਗ ਹੈ ਕਿ NCSL 2025 ਵਿਧਾਨਕ ਸੰਮੇਲਨ, ਰਾਜ ਦੇ ਕਾਨੂੰਨਸਾਜ਼ਾਂ ਅਤੇ ਵਿਧਾਨਕ ਸਟਾਫ਼ ਲਈ ਰਾਸ਼ਟਰੀ ਰਾਜ ਵਿਧਾਨ ਸਭਾਵਾਂ (NCSL) ਦੀ ਸਾਲਾਨਾ ਮੀਟਿੰਗ ਹੈ।